ਵਲਿੰਗਟਨ ’ਚ ਪੰਜਾਬੀਆਂ ਵੱਲੋਂ ਭਾਰਤੀ ਹਾਈ ਕਮਿਸ਼ਨ ਦਾ ਘਿਰਾਓ

ਵਲਿੰਗਟਨ : ਕਿਸਾਨਾਂ ਦੇ ਹੱਕ ਵਿਚ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ’ਚੋਂ ਪੁੱਜੇ ਕਿਸਾਨ ਪੱਖੀ ਪੰਜਾਬੀਆਂ ਨੇ ਅੱਜ ਰਾਜਧਾਨੀ ਵਲਿੰਗਟਨ ਵਿਚ ਭਰਵਾਂ ਰੋਸ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਹਾਈ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ। 

ਪ੍ਰਦਰਸ਼ਨਕਾਰੀ ਕਰੀਬ 12 ਵਜੇ ਪਾਰਲੀਮੈਂਟ ਗਰਾਊਂਡ ’ਚ ਇਕੱਠ ਹੋਏ, ਜਿੱਥੇ ਭਾਰਤੀ ਮੂਲ ਦੇ ਸੰਸਦ ਮੈਂਬਰ ਡਾ. ਗੌਰਵ ਸ਼ਰਮਾ ਅਤੇ ਟਾਕਾਨਿਨੀ ਤੋਂ ਐੱਮਪੀ ਡਾ. ਨੀਰੂ ਲੇਵਾਸਾ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਐਕਟ ਪਾਰਟੀ ਦੇ ਆਗੂ ਡੇਵਿਡ ਸਿਮੌਰ ਨੇ ਵੀ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਤੇ ਹੋਰਨਾਂ ਨਾਲ ਗੱਲਬਾਤ ਕੀਤੀ। ਪ੍ਰਦਰਸ਼ਨਕਾਰੀ ਉੱਥੋਂ ਨਾਅਰੇ ਲਾਉਂਦੇ ਹੋਏ ਹਾਈ ਕਮਿਸ਼ਨ ਦੇ ਦਫ਼ਤਰ ਪੁੱਜ ਗਏ, ਜਿੱਥੇ ਵਲਿੰਗਟਨ ਦੀ ਸਿੱਖ ਸੰਗਤ ਵੱਲੋਂ ਤਿਆਰ ਕੀਤਾ ਮੰਗ ਪੱਤਰ ਹਾਈ ਕਮਿਸ਼ਨ ਦੇ ਅਧਿਕਾਰੀ ਪਰਮਜੀਤ ਸਿੰਘ ਅਤੇ ਸੀ.ਜੇ. ਕੁਮਾਰ ਨੂੰ ਦਿੱਤਾ ਗਿਆ। ਦੋਵੇਂ ਅਧਿਕਾਰੀਆਂ ਨੇ ਖ਼ੁਦ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਸਾਰੀ ਵਾਰਤਾ ਪੜ੍ਹ ਕੇ ਸੁਣਾਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਭਾਵੇਂ ਪਰਵਾਸੀ ਪੰਜਾਬੀ ਇੱਥੋਂ ਦੇ ਪੱਕੇ ਵਸਨੀਕ ਬਣ ਚੁੱਕੇ ਹਨ ਪਰ ਉਨ੍ਹਾਂ ਦੀ ਰੂਹ ਆਪਣੀ ਮਾਂ-ਭੂਮੀ ਨਾਲ ਜੁੜੀ ਹੋਈ ਹੈ, ਜਿਸ ਕਰਕੇ ਜਦੋਂ ਵੀ ਉੱਥੇ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਉਨ੍ਹਾਂ ਨੂੰ ਬਹੁਤ ਠੇਸ ਲੱਗਦੀ ਹੈ। ਇਸ ਕਰਕੇ ਜ਼ਮੀਨਾਂ ਨਾਲ ਜੁੜੇ ਹੋਏ ਕਾਨੂੰਨ ਵਾਪਸ ਲਏ ਜਾਣ। ਕਿਸੇ ਵੀ ਕਾਨੂੰਨ ਦੀ ਤਿਆਰੀ ਤੋਂ ਪਹਿਲਾਂ ਉਸ ਨਾਲ ਸਬੰਧਤ ਲੋਕਾਂ ਦੀ ਰਾਇ ਪੁੱਛੀ ਜਾਣੀ ਚਾਹੀਦੀ ਹੈ। ਦੇਸ਼ ਦੇ ਮੌਜੂਦਾ ਹਾਲਾਤ ਤੋਂ ਪਤਾ ਲੱਗਦਾ ਹੈ ਕਿ ਕੁਝ ਲੋਕਾਂ ਨੂੰ ਫ਼ਾਇਦਾ ਨੂੰ ਦੇਣ ਲਈ ਕਾਨੂੰਨ ਥੋਪੇ ਗਏ ਹਨ। ਇਸ ਕਰਕੇ ਸਰਕਾਰ ਵੱਲੋਂ ਸੁਖਾਵੇਂ ਹੱਲ ਕੱਢਣ ਲਈ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਅਤੇ ਪਾਰਟੀ ਸਿਆਸਤ ਤੋਂ ਉੱਤੇ ਉੱਠਣਾ ਚਾਹੀਦਾ ਹੈ। ਮੰਗ ਪੱਤਰ ਦੇਣ ਤੋਂ ਬਾਅਦ ਵੀ ਪੰਜਾਬੀ ਭਾਈਚਾਰੇ ਨੇ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

  ਰੋਸ ਮੁਜ਼ਾਹਰੇ ’ਚ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਲਿੰਗਟਨ ਅਤੇ ਹੋਰ ਗੁਰੂਘਰਾਂ ਦੀਆਂ ਕਮੇਟੀਆਂ ਦੇ ਮੈਂਬਰ, ਕਮਿਊਨਿਟੀ ਆਗੂ ਅਤੇ ਆਪੋ-ਆਪਣੇ ਪੱਧਰ ’ਤੇ ਬਹੁਤ ਸਾਰੇ ਪੰਜਾਬੀ ਆਕਲੈਂਡ, ਟੌਰੰਗਾ, ਟੀਪੁੱਕੀ, ਕ੍ਰਾਈਸਟਚਰਚ ਅਤੇ ਹੋਰ ਕਈ ਸ਼ਹਿਰਾਂ ਤੋਂ ਪੁੱਜੇ ਹੋਏ ਸਨ।  

Leave a Reply

Your email address will not be published. Required fields are marked *