ਕੇਜਰੀਵਾਲ, ਜੇਕਰ ਤੁਹਾਡਾ ਮਨੋਰਥ ਪੂਰਾ ਹੁੰਦਾ ਹੋਵੇ ਤਾਂ ਤੁਸੀ ਅਪਣੀ ਆਤਮਾ ਨੂੰ ਵੀ ਵੇਚ ਦਿਉਗੇ: ਕੈਪ

ਚੰਡੀਗੜ੍ਹ : ਅਰਵਿੰਦ ਕੇਜਰੀਵਾਲ ਨੂੰ ਅਕਾਲੀ ਲੀਡਰ ਬਿਕਰਮ ਮਜੀਠੀਆ ਵਲੋਂ ਕੀਤੇ ਮਾਣਹਾਨੀ ਕੇਸ ਵਿਚ ਘਿਰ ਜਾਣ ਮੌਕੇ ਡਰਦੇ ਮਾਰੇ ਭੱਜ ਜਾਣ ਅਤੇ ਮੁਆਫ਼ੀ ਮੰਗਣ ਲਈ ਬੁਜ਼ਦਿਲ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੀਆਂ ਬੁਖਲਾਹਟ ਭਰੀਆਂ ਕੋਸ਼ਿਸ਼ਾਂ ਨਾਲ ਉਸ ਦੀ ਸਰਕਾਰ ਦੀਆਂ ਨਾਕਾਮੀਆਂ ‘ਤੇ ਪਰਦਾ ਨਹੀਂ ਪੈ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਅਸਫ਼ਲ ਰਹਿ ਜਾਣ ਤੋਂ ਬਾਅਦ ਹੁਣ ਕੇਜਰੀਵਾਲ ਅਪਣੀ ਸ਼ਾਨ ਬਚਾਉਣ ਲਈ ਹੱਥ ਪੈਰ ਮਾਰ ਰਿਹਾ ਹੈ ਜੋ ਨਾ ਤਾਂ ਉਸ ਨੂੰ ਕਿਸਾਨਾਂ ਦੇ ਰੋਹ ਤੋਂ ਬਚਾ ਸਕੇਗਾ ਅਤੇ ਨਾ ਹੀ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਉਸ ਦੀ ਪਾਰਟੀ ਦੀ ਡੁੱਬਦੀ ਬੇੜੀ ਨੂੰ ਬਚਾ ਸਕੇਗਾ।  ਕੇਜਰੀਵਾਲ ਵਲੋਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਵਿਰੁਧ ਲਾਏ ਗਏ ਝੂਠੇ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, ”ਇਹ ਗੱਲ ਹਰ ਪੰਜਾਬੀ ਜਾਣਦਾ ਹੈ ਕਿ ਮੈ ਈ.ਡੀ. ਦੇ ਝੂਠੇ ਕੇਸ ਜਾਂ ਕਿਸੇ ਹੋਰ ਕੇਸਾਂ ਤੋਂ ਡਰਨ ਵਾਲਾ ਨਹੀਂ ਹਾਂ। ਪੰਜਾਬੀ ਇਹ ਵੀ ਜਾਣਦੇ ਹਨ ਕਿ ਜੇਕਰ ਕੇਜਰੀਵਾਲ ਦਾ ਮਨੋਰਥ ਪੂਰਾ ਹੁੰਦਾ ਹੋਵੇ ਤਾਂ ਉਹ ਅਪਣੀ ਆਤਮਾ ਵੀ ਵੇਚ ਦੇਵੇਗਾ।”
   ਮੁੱਖ ਮੰਤਰੀ ਨੇ ਦਿੱਲੀ ਵਿਚ ਅਪਣੇ ਹਮਰੁਤਬਾ ਨੂੰ ਅਜਿਹੀ ਇੱਕ ਵੀ ਮਿਸਾਲ ਦੇਣ ਦੀ ਚੁਣੌਤੀ ਦਿੱਤੀ ਜਦੋਂ ਉਹ (ਕੈਪਟਨ ਅਮਰਿੰਦਰ ਸਿੰਘ) ਈ.ਡੀ. ਜਾਂ ਕਿਸੇ ਹੋਰ ਏਜੰਸੀ ਦੇ ਦਬਾਅ ਹੇਠ ਪਿੱਛੇ ਹਟੇ ਹੋਣ। ਮੁੱਖ ਮੰਤਰੀ ਨੇ ਕਿਹਾ ਕਿ ਓਪਰੇਸ਼ਨ ਬਲਿਊ ਸਟਾਰ ਤੋਂ ਲੈ ਕੇ ਸਤਲੁਜ-ਯਮੁਨਾ ਲਿੰਕ ਨਹਿਰ ਤਕ ਅਤੇ ਹੁਣ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਉਹ ਅਪਣੇ ਲੋਕਾਂ ਨਾਲ ਹਮੇਸ਼ਾ ਹੀ ਡਟ ਕੇ ਖੜ੍ਹੇ ਜਦਕਿ ਦੂਜੇ ਪਾਸੇ ਇਸ ਦੇ ਬਿਲਕੁਲ ਉਲਟ ਕੇਜਰੀਵਾਲ ਜੋ ਮਾਣਹਾਨੀ ਦੇ ਮਾਮੂਲੀ ਜਿਹੇ ਕੇਸ ਦਾ ਸਾਹਮਣਾ ਕਰਨ ਤੋਂ ਡਰਦੇ ਮਾਰੇ ਨੂੰ ਲੇਲ੍ਹੜੀਆਂ ਕੱਢਦੇ ਹੋਏ ਪੂਰੇ ਪੰਜਾਬ ਨੇ ਦੇਖਿਆ ਸੀ ਅਤੇ ਇੱਥੇ ਹੀ ਬੱਸ ਨਹੀਂ ਮਹਾਂਮਾਰੀ ਦੇ ਦਰਮਿਆਨ ਵੀ ਮਦਦ ਲਈ ਪੂਰੀ ਦਿੱਲੀ ਨੇ ਉਸ ਨੂੰ ਕੇਂਦਰ ਅੱਗੇ ਤਰਲੇ ਲੈਂਦੇ ਦੇਖਿਆ ਸੀ।  
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੂਰੀ ਦੁਨੀਆਂ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਕਿਵੇਂ ਕੌਮੀ ਰਾਜਧਾਨੀ ਵਿਚ ਕਾਲੇ ਖੇਤੀ ਕਾਨੂੰਨਾਂ ਵਿਚੋਂ ਇਕ ਕਾਨੂੰਨ ਲਾਗੂ ਕਰ ਕੇ ਕਿਸਾਨਾਂ ਦੇ ਹਿੱਤ ਵੇਚੇ ਗਏ ਅਤੇ ਇਹ ਘਿਨਾਉਣਾ ਕਦਮ ਵੀ ਉਸ ਵੇਲੇ ਚੁੱਕਿਆ ਜਦੋਂ ਕਿਸਾਨ ਦਿੱਲੀ ਵਲ ਕੂਚ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਦਿੱਲੀ ਦੇ ਮੁੱਖ ਮੰਤਰੀ ਦੀ ਕੇਂਦਰ ਸਰਕਾਰ ਨਾਲ ਗੰਢਤੁੱਪ ਜੱਗ-ਜ਼ਾਹਰ ਹੋ ਗਈ।  ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵਲੋਂ ਹਰ ਕਦਮ ‘ਤੇ ਝੂਠ ਬੋਲਣ ਦੀ ਸਖ਼ਤ ਨਿਖੇਧੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੁਛਿਆ, ”ਕੇਜਰੀਵਾਲ, ਤੁਸੀਂ ਇਹ ਕਿਉਂ ਕੀਤਾ? ਤੁਹਾਡੇ ਉਤੇ ਕੇਂਦਰ ਨੇ ਕਿਹੜਾ ਦਬਾਅ ਬਣਾਇਆ? ਜਾਂ ਫਿਰ ਇਸ ਲਈ ਕੀਤਾ ਕਿ ਜਦੋਂ ਅਗਲੀ ਵਾਰ ਤੁਹਾਡੀ ਸਰਕਾਰ ਕੋਵਿਡ ਦੇ ਸੰਕਟ ਨਾਲ ਨਜਿੱਠਣ ਵਿਚ ਨਾਕਾਮ ਰਹਿ ਜਾਵੇ, ਜਿਵੇਂ ਕਿ ਦੋ ਵਾਰ ਪਹਿਲਾਂ ਵੀ ਰਹਿ ਚੁੱਕੀ ਹੈ, ਤਾਂ ਤੁਸੀ ਕੇਂਦਰ ਅੱਗੇ ਮੁੜ ਹਾੜੇ ਕੱਢ ਸਕੋ?  

Leave a Reply

Your email address will not be published. Required fields are marked *