ਖ਼ੂਬਸੂਰਤ ਸਾਹਿਤਕ ਉਡਾਣਾਂ ਭਰ ਰਹੀ ਮੁਟਿਆਰ : ਰਾਜਨਦੀਪ ਕੌਰ ਮਾਨ
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੱਚੀ-ਸੁੱਚੀ ਸਪੁੱਤਰੀ ਰਾਜਨਦੀਪ ਕੌਰ ਮਾਨ ਅਜੇ ਤੱਕ ਬੇਸ਼ੱਕ ਮੌਲਿਕ ਪੁਸਤਕ ਦਾ ਉਪਰਾਲਾ ਤਾਂ ਭਾਂਵੇਂ ਨਹੀਂ ਕਰ ਸਕੀ, ਪਰ ਫਿਰ ਵੀ ਉਸ ਦਾ ਨਾਓਂ ਪੰਜਾਬੀ ਸਾਹਿਤ ਦੀ ਸਿਰਜਣਾ ਕਰਨ ਵਾਲੀਆਂ ਮਿਆਰੀ ਕਲਮਾਂ ਵਿਚ ਸ਼ੁਮਾਰ ਹੈ। ਜਿਲਾ ਫਰੀਦਕੋਟ ਦੇ ਪਿੰਡ ਮਚਾਕੀ ਮੱਲ ਸਿੰਘ ਵਿਖੇ ਸ੍ਰੀਮਤੀ ਗੁਰਮੇਲ ਕੌਰ (ਮਾਤਾ) ਦੀ ਪਾਕਿ ਕੁੱਖੋਂ ਸ੍ਰ ਗੁਰਦੌਰ ਸਿੰਘ ਸੇਖੋਂ (ਪਿਤਾ) ਦੇ ਗ੍ਰਹਿ ਨੂੰ ਰੁਸ਼ਨਾਉਣ ਵਾਲੀ ਰਾਜਨਦੀਪ ਦੱਸਦੀ ਹੈ ਕਿ ਉਸ ਦੇ ਪਾਪਾ ਨੇ ਰੂਸ ਤੋਂ ਟਰੈਕਟਰ ਮੰਗਵਾਇਆ ਸੀ ਤਾਂ ਰੂਸ ਦੀਆਂ ਸਾਹਿਤਕ ਕਿਤਾਬਾਂ ਜੋ ਕਿ ਪੰਜਾਬੀ ਰੂਪਾਂਤਰਿਤ ਸਨ, ਵੀ ਓਹਨਾ ਨੇ ਤੋਹਫੇ ਵਜੋਂ ਨਾਲ ਭੇਜੀਆਂ ਸਨ, ਜਿਨਾਂ ਨੂੰ ਕਿ ਛੋਟੇ ਹੁੰਦਿਆਂ ਉਸਨੇ ਵੀ ਪੜਿਆ। ਫਿਰ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਕਵਿਤਾਵਾਂ ਉਸਨੂੰ ਪੜਨ ਨੂੰ ਮਿਲੀਆ, ਜਿਹੜੀਆਂ ਕਿ ਉਸਦੇ ਮਨ ਤੇ ਹੀ ਉਕਰ ਗਈਆਂ। ਸਕੂਲ ਸਮੇਂ ਦੀ ਲਿਖੀ ਕਵਿਤਾ, ‘ਰੱਬਾ ਮੈਂ ਜੁਗਨੂੰ ਹੋ ਜਾਵਾਂ’ ਜੋ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਦੇ ਮੈਗਜੀਨ, ‘ਪ੍ਰਾਇਮਰੀ ਸਿੱਖਿਆ’ ਵਿੱਚ ਪ੍ਰਕਾਸ਼ਿਤ ਹੋਈ, ਤੋਂ ਬਾਅਦ ਉਸ ਦਾ ਲਿਖਿਆ ਕਾਲਜ ਵਿਚ ਹਰ ਸਾਲ ਕੁਝ ਨਾ ਕੁਝ ਛਪਦਾ ਹੀ ਰਿਹਾ। ਬਿ੍ਰਜਿੰਦਰਾ ਕਾਲਜ ਫਰੀਦਕੋਟ ਵਿਚ ਪੜਾਈ ਦੌਰਾਨ ਕਾਲਜ ਵੱਲੋਂ ਉਸਨੂੰ, ‘‘ਅੱਛਾ ਸੰਪਾਦਿਕ” ਦਾ ਸਨਮਾਨ ਸਰਟੀਫਿਕੇਟ ਵੀ ਮਿਲਿਆ। ਫਰੀਦਕੋਟ ਵਿੱਚ ਸਾਹਿਤਕ ਮਾਸਿਕ ਮੈਗਜੀਨ, ‘ਸੁਜਾਤਾ’ ਵਿੱਚ ਵੀ ਉਸ ਦੀਆਂ ਕਵਿਤਾਵਾਂ ਛਪੀਆਂ।
ਫਿਰ ਵਿਆਹ ਤੋਂ ਬਾਅਦ ਕੁਝ ਸਾਲ ਜਿੰਮੇਵਾਰੀਆਂ ਦੇ ਕਾਰਣ ਉਹ ਕੁਝ ਲਿਖ ਨਾ ਸਕੀ। ਪਰ, ਹੁਣ ਫਿਰ ਜਦ ਤੋਂ ਉਸਨੇ ਸਰਗਰਮ ਹੋ ਕੇ ਲਿਖਣਾ ਸ਼ੁਰੂ ਕੀਤਾ ਹੈ ਤਾਂ ਦੇਸ਼-ਵਿਦੇਸ਼ ਦੇ ਲਗਭਗ ਹਰ ਪੰਜਾਬੀ ਅਖਬਾਰ ਵਿਚ ਛਪਣ ਦਾ ਸੁਪਨਾ ਪੂਰਾ ਕੀਤਾ ਹੈ, ਉਸ ਨੇ। ਜਿਨਾਂ ਵਿਚ ਪੰਜਾਬੀ ਟਿ੍ਰਬਿਊਨ, ਨਵਾਂ ਜਮਾਨਾ, ਅੱਜ ਦੀ ਅਵਾਜ਼, ਸਪੋਕਸਮੈਨ, ਵਿਰਾਸਤ, ਜਾਗਰਣ, ਸਾਂਝ, ਪਹਿਰੇਦਾਰ, ਦਾ ਟਾਈਮਜ਼ ਆਫ ਪੰਜਾਬ, ਲੋਕ ਭਲਾਈ ਦਾ ਸੁਨੇਹਾ, ਦੁਆਬਾ ਐਕਸਪ੍ਰੈਸ, ਸੂਰਜ, ਕੌਮੀ ਪੱਤਿ੍ਰਕਾ, ਸੂਰਜ ਮੇਲ, ਦੇਸ ਪ੍ਰਦੇਸ, ਮਹਾ ਪੰਜਾਬ, ਸੱਚ ਦੀ ਪਟਾਰੀ, ਪੰਜਾਬ ਟਾਈਮਜ, ਪੰਜਾਬ ਨੈੱਟਵਰਕ, ਸਾਡੇ ਲੋਕ (ਯੂ. ਐਸ. ਏ.), ਕਾਵਿ ਸਾਂਝਾਂ, ਸੰਗਰਾਮੀ ਲਹਿਰ, ਵੰਗਾਰ, ਕਾਫਲਾ, ਪੰਜਾਬ ਹੈਰੀਟੇਜ ਕੈਨੇਡਾ, ਦਾ ਪੰਜਾਬ ਟਾਈਮਜ (ਯੂ. ਕੇ.), ਪੰਜਾਬੀ ਪੱਤਿ੍ਰਕਾ, ਪੰਜਾਬ ਮੇਲ (ਯੂ. ਐਸ. ਏ.), ਪੰਜਾਬੀ ਇੰਨ ਹਾਲੈਂਡ, ਪੰਜਾਬੀ ਸਕਰੀਨ, ਹਰਫ਼ਨਾਮਾ, ਪੰਜਾਬ ਗਾਰਡੀਅਨ, ਦਾ ਇੰਡੋ ਅਮੈਰਕਿਨ ਟਾਈਮਜ (ਯੂ. ਐਸ. ਏ.), ਦਾ ਹਮਦਰਦ, ਅਜੀਤ ਵੀਕਲੀ, ਪੰਜਾਬੀ ਇੰਨ ਨਿਊਜ਼ੀਲੈਂਡ, ਸਕਾਈ ਹਾਕ ਟਾਈਮਜ, ਲਿਸ਼ਕਾਰਾ ਟਾਈਮਜ, ਵਰਲਡ ਪੰਜਾਬੀ ਟਾਈਮਜ ਵੈਨਕੂਵਰ, ਦਾ ਕੈਨੇਡੀਅਨ ਪੰਜਾਬ ਟਾਈਮਜ, ਦਾ ਰਾਵੀ, ਜੁਝਾਰ ਟਾਈਮਜ, ਸੁਖਨ ਸਾਂਝ ਹਰਿਆਣਾ ਤੇ ਮੁਕਦਸ ਮਰਕਜ (ਪਾਕਿਸਤਾਨ) ਆਦਿ ਸਮੇਤ ਅਖਬਾਰਾਂ ਤੇ ਮੈਗਜ਼ੀਨਾਂ ਦੀ ਇਕ ਲੰਬੀ ਲਿਸਟ ਹੈ।
ਮਾਨ ਨੇ ਹਰ ਵਿਸ਼ੇ ਉਪਰ ਸਰਾਹੁਣ ਯੋਗ ਕਲਮ- ਅਜਮਾਈ ਕੀਤੀ ਹੈ, ਜਿਨਾਂ ਵਿਚ ਉਸ ਦੀ ਕਿਸਾਨ ਅੰਦੋਲਨ ਦੇ ਹੱਕ ਵਿਚ ਲਿਖੀ ਕਵੀਸ਼ਰੀ ਨੇ ਤਾਂ ਹੋਰ ਵੀ ਧੁੰਮਾਂ ਪਾ ਕੇ ਰੱਖ ਦਿੱਤੀਆਂ ਹਨ। ਲਿਖਣ ਤੋਂ ਇਲਾਵਾ ਇਸ ਮੁਟਿਆਰ ਨੂੰ ਗਿੱਧੇ -ਭੰਗੜੇ ਦਾ ਵੀ ਬਹੁਤ ਸ਼ੌਂਕ ਹੈ। ਇੱਥੇ ਹੀ ਬਸ ਨਹੀ, ਪੰਜਾਬੀ ਸੱਭਿਆਚਾਰ ਦੀ ਸੇਵਾ ਲਈ ਰੇਡੀਓ ਸਟੇਸ਼ਨ ਤੋਂ ਵੀ ਉਹ ਪੰਜਾਬੀ ਸੱਭਿਆਚਾਰ ਬਾਰੇ ਪ੍ਰੋਗਰਾਮ ਅਕਸਰ ਪੇਸ਼ ਕਰਦੀ ਹੀ ਰਹਿੰਦੀ ਹੈ। ਪੰਜਾਬੀ ਬੋਲੀ ਦੀ ਵੱਧ ਤੋਂ ਵੱਧ ਸੇਵਾ ਕਰਨ ਦਾ ਜਨੂੰਨ ਪਾਲ ਰਹੀ ਮਾਨ ਦੀਆਂ ਜਿੱਥੇ ਕਈ ਸਾਂਝੀਆਂ ਪ੍ਰਕਾਸ਼ਨਾਵਾਂ ਵਿਚ ਰਚਨਾਵਾਂ ਛਪਣ ਵਾਲੀਆਂ ਹਨ, ਉਥੇ ਉਹ ਆਪਣਾ ਖੁਦ ਦਾ ਮੌਲਿਕ ਸੰਗ੍ਰਹਿ ਛਪਵਾਉਣ ਦੀ ਵੀ ਹੁਣ ਤਿਆਰੀ ਵਿਚ ਹੈ। ਮਾਨ ਦੀ ਕਲਮ ਦਾ ਰੰਗ ਦੇਖੋ:-
”ਇਹ ਧਰਤੀ ਦੇਸ਼ ਪੰਜਾਬ ਦੀ,
ਜਿੱਥੇ ਵਰਦਾ ਏ ਇਕ ਨੂਰ।
ਜਿੱਥੇ ਜੰਮਣ ਹੀਰੇ ਸੂਰਮੇ,
ਜੋ ਸੋਹਣੀ ਵਾਂਗਰ ਹੂਰ।
ਜਿੱਥੇ ਜੰਮੇ ਭਗਤ ਸਿੰਘ ਸੂਰਮੇ,
ਤੇ ਊਧਮ ਸਿੰਘ ਸਰਦਾਰ।
ਮੇਰਾ ਸਿਜ਼ਦਾ ਸੋਹਣੀ ਧਰਤ ਨੂੰ,
ਏਹਤੋਂ ਦੇਵਾਂ ਜਿੰਦੜੀ ਵਾਰ।
ਮੇਰੀ ਧਰਤੀ ਅੰਨ ਦਾ ਟੋਕਰਾ,
ਭਰੇ ਸਾਰੇ ਦੇਸ਼ ਦਾ ਪੇਟ।
ਸਾਡੇ ਫ਼ੌਜ਼ੀ ਰਹਿੰਦੇ ਬਾਡਰਾਂ,
ਕਿਸਾਨ ਰਹੇ ਵਿਚ ਖੇਤ।”
ਕਾਗਜਾਂ ਦੇ ਫੁੱਲਾਂ ਵਿਚੋਂ ਮਹਿਕਾਂ ਤੇ ਖ਼ੁਸ਼ਬੂਆਂ ਵਿਖੇਰਨ ਦਾ ਦਮ ਰੱਖਦੀ ਇਸ ਕਲਮ ਲਈ ਉਹ ਦਿਨ ਦੂਰ ਨਹੀਂ, ਜਦੋਂ ਉਹ ਸਾਹਿਤ ਤੇ ਸੱਭਿਆਚਾਰ ਦੇ ਹੋਰ ਵੀ ਉਚੇ ਅੰਬਰੀਂ ਉਡਾਣਾ ਭਰਦੀ ਨਜ਼ਰੀ ਆਵੇਗੀ। ਰੱਬ ਕਰੇ ! ਉਹ ਸੁਲੱਖਣੀ ਸੱਜਰੀ ਸਵੇਰ ਜਲਦੀ ਆਵੇ, ਕਲਮ ਦੀ ਪੁਜਾਰਨ ਇਸ ਮੁਟਿਆਰ ਲਈ !
ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਰਾਜਨਦੀਪ ਕੌਰ ਮਾਨ, 6239326166