ਮਨਮੋਹਕ ਸੰਗੀਤਕ ਧੁਨਾ ਦੁਆਰਾ ਲੋਕ-ਦਿਲਾਂ ਉਤੇ ਰਾਜ ਕਰ ਰਿਹਾ ਸੰਗੀਤਕਾਰ : ਮਨਜਿੰਦਰ ਤਨੇਜਾ
ਗੀਤ-ਸੰਗੀਤ ਖੇਤਰ ਵਿਚ ਆਪਣੀਆਂ ਮਨਮੋਹਕ ਸੰਗੀਤਕ ਧੁਨਾਂ ਦੁਆਰਾ ਲੋਕ-ਦਿਲਾਂ ਉਤੇ ਲੰਬੇ ਸਮੇਂ ਤੋਂ ਰਾਜ ਕਰਦਾ ਆ ਰਿਹਾ ਮਨਜਿੰਦਰ ਤਨੇਜਾ ਆਪਣੀ ਮਿਸਾਲ ਆਪ ਹੈ। ਦਹਾਕਿਆਂ ਤੋਂ ਫਾਜ਼ਿਲਕਾ ਵਿਖੇ ਉਸ ਵੱਲੋਂ ਚਲਾਏ ਜਾ ਰਹੇ, ‘‘ਤਨੇਜਾ ਸੰਗੀਤ ਕਲਾ ਕੇਂਦਰ’’ ਵਿਖੇ ਸੰਗੀਤਕ ਟੁੱਭੀਆਂ ਮਾਰ ਮਾਰ ਕੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਉਡਾਣਾ ਭਰਦਿਆਂ ਨਾਮਣਾ ਖੱਟਣ ਵਾਲੇ ਉਸ ਦੇ ਮਿਆਰੀ ਸਿਖਿਆਰਥੀਆਂ ਦੀ ਗਿਣਤੀ ਕਈ ਸੈਂਕੜਿਆਂ ਵਿੱਚ ਪੁੱਜ ਚੁੱਕੀ ਹੈ, ਜਿਨਾਂ ਵਿੱਚੋਂ ਗਾਇਕ ਗੁਰਨਾਮ ਭੁੱਲਰ, ਅਨਿਰੁਧ ਸ਼ਰਮਾ, ਹਰਜੀਤ ਹੀਰਾ, ਛਿੰਦਾ ਬਰਾੜ, ਗੌਰਵ ਬੱਬਰ, ਗੌਰਵ ਭਾਰਤੀ (ਨਿਊਜ਼ੀਲੈਂਡ), ਯੂਵੀ (ਕਨੇਡਾ), ਦਾ ਫੋਕਮੈਨ, ਐਮ. ਰਾਜ ਢਿੱਲੋਂ, ਛਿੰਦਾ ਰਾਏ, ਛੱਲਾ ਕੰਬੋਜ (ਪਰਾਡਾ 2) ਪੂਰਵ ਗਾਂਧੀ ਅਤੇ ਕੁਨਾਲ ਸੇਠੀ ਦਾ ਨਾਂ ਵਿਸ਼ੇਸ਼ ਤੌਰ ਤੇ ਵਰਨਣ ਯੋਗ ਹੈ।
ਸੰਗੀਤਕਾਰ ਤਨੇਜਾ ਜੀ ਨੂੰ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਨਾਲ ਬਤੌਰ ਮਿਊਜੀਸ਼ੀਅਨ ਸਟੇਜਾਂ ਉਤੇ ਸੰਗਤ ਕਰਨ ਦਾ ਵੀ ਉਚੇਚਾ ਮਾਣ ਹਾਸਲ ਹੈ, ਜਿਨਾ ਵਿੱਚੋਂ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ, ਕਲੀਆਂ ਦੇ ਬਾਦਸ਼ਾਹ ਸਵ: ਕੁਲਦੀਪ ਮਾਣਕ, ਪੰਜਾਬੀ ਲੋਕ ਗੀਤਾਂ ਦੀ ਕੋਇਲ ਸੁਰਿੰਦਰ ਕੌਰ (ਦਿੱਲੀ), ਫਕੀਰ ਗਾਇਕ ਸਵ: ਚਾਂਦੀ ਰਾਮ ਚਾਂਦੀ, ਹਰਫਨ ਮੌਲਾ ਗਾਇਕ ਨਿਰਮਲ ਸਿੱਧੂ (ਫਰੀਦਕੋਟੀਆ), ਕਮਲ ਖਾਨ, ਅਸ਼ੋਕ ਮਸਤੀ (ਦਿੱਲੀ), ਗਾਇਕਾ ਸਰਬਜੀਤ ਚਿਮਟੇਵਾਲੀ, ਪਾਲੀ ਦੇਤਵਾਲੀਆ, ਕਰਤਾਰ ਰਮਲਾ, ਸਵ: ਨਰਿੰਦਰ ਬੀਬਾ, ਸਿਮਰਨ ਸਿੰਮੀ, ਹਰਭਜਨ ਮਾਨ, ਬਾਈ ਧਰਮਪ੍ਰੀਤ, ਚੰਨ ਸ਼ਾਹਕੋਟੀ, ਬਰਕਤ ਸਿੱਧੂ (ਮੋਗਾ), ਗਾਇਕਾ ਸਵ: ਪਰਮਿੰਦਰ ਸੰਧੂ, ਬਲਕਾਰ ਸਿੱਧੂ (ਬਠਿੰਡਾ), ਜਸਵਿੰਦਰ ਯਮਲਾ, ਹਾਕਮ ਸੂਫੀ (ਗਿੱਦੜਬਾਹਾ), ਗਾਇਕਾ ਜਸਪਾਲ ਜੱਸੀ (ਬਠਿੰਡਾ) ਅਤੇ ਪਰਕਾਸ਼ ਸਰਾਂ ਆਦਿ ਨਾਵਾਂ ਦਾ ਜ਼ਿਕਰ ਕੀਤੇ ਬਗੈਰ ਨਹੀ ਰਿਹਾ ਜਾ ਸਕਦਾ। ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ, ‘‘ਸੰਦਲੀ ਪੈੜਾਂ’’, ‘‘ਮਹਿਕਣ ਤੰਦਾਂ’’, ‘‘ਮੇਰਾ ਪਿੰਡ ਮੇਰੇ ਖੇਤ’’, ‘‘ਜਵਾਂ ਤਰੰਗ’’, ‘‘ਝਿਲਮਿਲ ਤਾਰੇ’’ ਆਦਿ ਵਿੱਚ ਉਸ ਦਾ ਸੰਗੀਤ ਸਿਰ ਚੜ ਕੇ ਬੋਲਿਆ ਹੈ। ਇਸ ਤੋਂ ਇਲਾਵਾ ਲੱਗਭਗ ਸੌ ਤੋਂ ਵੱਧ ਵੱਖ-ਵੱਖ ਕਲਾਕਾਰਾਂ ਦੀਆਂ ਅਵਾਜ਼ਾਂ ਵਿੱਚ ਰਿਕਾਰਡ ਹੋਏ ਗੀਤ, ਭੇਟਾਂ ਅਤੇ ਸੂਫੀਆਨਾ ਕਲਾਮਾਂ ਦਾ ਸੰਗੀਤ ਵੀ ਤਿਆਰ ਕਰ ਚੁੱਕਿਆ ਹੈ, ਸੰਗੀਤ ਦਾ ਇਹ ਰੁਸਤਮ। ਇਹ ਹੀ ਕਾਰਨ ਹੈ ਕਿ ਦੇਸ਼-ਵਿਦੇਸ਼ ਵਿੱਚ ਜਦੋਂ ਵੀ, ਜਿੱਥੇ ਵੀ ਕਿੱਧਰੇ ਪੰਜਾਬੀ ਗੀਤ-ਸੰਗੀਤ ਦੀ ਗੱਲ ਚੱਲਦੀ ਹੈ ਤਾਂ ਸੰਗੀਤ ਦੇ ਯਾਦੂਗਰ ਮਨਜਿੰਦਰ ਤਨੇਜਾ ਦਾ ਜ਼ਿਕਰ ਜਰੂਰ ਹੁੰਦਾ ਹੈ।
ਸੰਗੀਤ ਦੇ ਥੰਮ ਤਨੇਜਾ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਉਸਤਾਦ ਕਿ੍ਰਸ਼ਨ ਸ਼ਾਂਤ ਜੀ, ਗਿਆਨੀ ਅਮਰ ਸਿੰਘ ਤਨੇਜਾ, ਡਾ. ਵਿਜੇ ਪ੍ਰਵੀਨ ਅਤੇ ਸ਼੍ਰੀ ਰੋਸ਼ਨ ਲਾਲ ਸ਼ਰਮਾ ਜੀ ਦਾ ਦਿਲੀ ਸਤਿਕਾਰ ਕਰਦਾ ਹੈ। ਸਮੇਂ-ਸਮੇਂ ਸਿਰ ਮਿਲੇ ਸਹਿਯੋਗ ਸਦਕਾ ਸੰਗੀਤਕਾਰ ਜੰਗਾ ਕੈਂਥ, ਲੋਕ-ਗਾਇਕ ਸੁਰਿੰਦਰ ਛਿੰਦਾ, ਪਰਮਜੀਤ ਹੰਸ (ਕੈਨੇਡਾ), ਨਿਰਮਲ ਸਿੱਧੂ, ਪਾਲੀ ਦੇਤਵਾਲੀਆ, ਗਾਇਕਾ ਸਰਬਜੀਤ ਚਿਮਟੇਵਾਲੀ, ਮਨਿੰਦਰ ਛਿੰਦਾ, ਦਲਜੀਤ ਅਟਵਾਲ (ਯੂ. ਕੇ.) ਮਿਉਜਿਕ ਡਾਇਰੈਕਟਰ ਗੁਰਮੀਤ ਸਿੰਘ ਬੱਬੂ, ਬੂਟਾ ਸੋਨੀ ਬਠਿੰਡਾ ਅਤੇ ਪੱਤਰਕਾਰ ਗੁਰਬਾਜ ਗਿੱਲ (ਬਠਿੰਡਾ) ਆਦਿ ਦੋਸਤ-ਮਿੱਤਰਾਂ ਦਾ ਵੀ ਉਹ ਤਹਿ ਦਿਲੋਂ ਧੰਨਵਾਦ ਕਰਦਾ ਹੈ।
ਸਰਸਵਤੀ ਮਾਤਾ ਦਾ ਵਰਦਾਨ ਪ੍ਰਾਪਤ, ਸੰਗੀਤ ਦੇ ਥੰਮ ਮਨਜਿੰਦਰ ਤਨੇਜਾ ਦੀ ਕਲਾ ਨੂੰ ਵੱਡੇ-ਵੱਡੇ ਐਵਾਰਡ ਤੇ ਪੁਰਸਕਾਰ ਸਿਰ ਨਿਵਾ ਕੇ ਸਿਜ਼ਦਾ ਕਰਦੇ, ਉਨਾਂ ਦੇ ਕਦਮ ਚੁੰਮਦੇ ਰਹਿਣ ! ਗੀਤ-ਸੰਗੀਤ ਦੀ ਦੁਨੀਆਂ ਦੇ ਦਿਲਾਂ ਉਤੇ ਰਾਜ ਕਰ ਰਹੇ ਕਲਾ ਦੇ ਇਸ ਸ਼ਹਿਨਸ਼ਾਹ ਦੀ ਲੋਕ-ਗੀਤ ਦੇ ਹਾਣ ਦੀ ਉਮਰ ਹੋ ਗੁਜ਼ਰੇ ! ਆਮੀਨ !
-ਪ੍ਰੀਤਮ ਲੁਧਿਆਣਵੀ, (ਚੰਡੀਗੜ) 9876428641
ਸੰਪਰਕ : ਸੰਗੀਤਕਾਰ ਮਨਜਿੰਦਰ ਤਨੇਜਾ, +91 98154 47848