ਕਿਸਾਨਾਂ ਨੇ ਅੰਬਾਲਾ ’ਚ ਖੱਟਰ ਘੇਰਿਆ

ਅੰਬਾਲਾ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਲਈ ਅੱਜ ਹਾਲਾਤ ਉਸ ਵੇਲੇ ਕਸੂਤੇ ਬਣ ਗਏ ਜਦੋਂ ਕਿਸਾਨਾਂ ਨੇ ਸ਼ਹਿਰ ਦੇ ਅਗਰਸੈਨ ਚੌਕ ਵਿੱਚ ਉਨ੍ਹਾਂ ਦੇ ਕਾਫਲੇ ਨੂੰ ਘੇਰ ਲਿਆ ਅਤੇ ਕਾਲੇ ਝੰਡੇ ਦਿਖਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁੱਖ ਮੰਤਰੀ ਦੇ ਕਮਾਂਡੋਜ਼ ਨੇ ਘੇਰਾ ਪਾ ਕੇ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਵਿਚੋਂ ਦੀ ਮੁੱਖ ਮੰਤਰੀ ਦੀ ਗੱਡੀ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ। ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਵਿਚਕਾਰ ਝੜਪਾਂ ਵੀ ਹੋਈਆਂ। ਪੁਲੀਸ ਨੂੰ ਹਲਕਾ ਬਲ ਵੀ ਪ੍ਰਯੋਗ ਕਰਨਾ ਪਿਆ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਗਰ ਨਿਗਮ ਚੋਣਾਂ ਵਿਚ ਭਾਜਪਾ ਦੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਤੇ ਪਾਰਟੀ ਦੇ ਸੂਬਾਈ ਬੁਲਾਰੇ ਡਾ. ਸੰਜੈ ਸ਼ਰਮਾ ਦੀ ਪਤਨੀ ਡਾ. ਵੰਦਨਾ ਸ਼ਰਮਾ ਅਤੇ ਹੋਰ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਲਈ ਅੰਬਾਲਾ ਸ਼ਹਿਰ ਆਏ ਸਨ। ਉਨ੍ਹਾਂ ਦਾ ਕਈ ਥਾਵਾਂ ’ਤੇ ਰੈਲੀਆਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਸੀ। ਕਿਸਾਨਾਂ ਨੇ ਮੁੱਖ ਮੰਤਰੀ ਨੂੰ ਮਹਿਜ਼ ਕਾਲੇ ਝੰਡੇ ਹੀ ਨਹੀਂ ਵਿਖਾਏ, ਸਗੋਂ ਉਨ੍ਹਾਂ ਦੀ ਗੱਡੀ ’ਤੇ ਡੰਡੇ ਵੀ ਮਾਰੇ। ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਮਾਮੂਲੀ ਬਲ ਪ੍ਰਯੋਗ ਕੀਤਾ। ਕਈ ਕਿਸਾਨ ਪੁਲੀਸ ਨਾਲ ਹੱਥੋਪਾਈ ਵੀ ਹੋ ਗਏ। ਕਈ ਪੁਲੀਸ ਮੁਲਾਜ਼ਮ ਕਿਸਾਨਾਂ ਨੂੰ ਕਲਾਵੇ ’ਚ ਲੈ ਕੇ ਪਾਸੇ ਕਰਦੇ ਦੇਖੇ ਗਏ।

ਮੁੱਖ ਮੰਤਰੀ ਦੇ ਕਮਾਂਡੋ ਖੁਦ ਗੱਡੀ ਵਿਚੋਂ ਉੱਤਰੇ ਅਤੇ ਮੁੱਖ ਮੰਤਰੀ ਦੀ ਗੱਡੀ ਲਈ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ। ਸਥਿਤੀ ਨੂੰ ਦੇਖਦਿਆਂ ਇਕ ਵਾਰ ਕਾਫ਼ਲੇ ਨੂੰ ਅਮਰ ਪੈਲੇਸ ਹੋਟਲ ਵੱਲ ਮੋੜਿਆ ਗਿਆ ਅਤੇ ਉਸ ਤੋਂ ਬਾਅਦ ਪੁਰਾਣੇ ਹਿਸਾਰ ਰੋਡ ਪੁਲ ਤੋਂ ਮੁੱਖ ਮੰਤਰੀ ਦੀ ਗੱਡੀ ਨੂੰ ਰਵਾਨਾ ਕੀਤਾ ਗਿਆ। ਕਿਸਾਨਾਂ ਨੇ ਭਾਜਪਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਭਾਜਪਾ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਉਹ ਇਸੇ ਤਰ੍ਹਾਂ ਵਿਰੋਧ ਕਰਦੇ ਰਹਿਣਗੇ। ਭਾਜਪਾ ਜਿੱਥੇ ਕਿਤੇ ਵੀ ਚੋਣ ਲੜੇਗੀ, ਉਥੇ ਵਿਰੋਧ ਕੀਤਾ ਜਾਵੇਗਾ।  ਖ਼ਬਰ ਸ਼ੇਅਰ ਕਰੋ

Leave a Reply

Your email address will not be published. Required fields are marked *