ਹਾਕਮਾਂ ਵੇ! ਡਾ ਗੁਰਬਖ਼ਸ਼ ਸਿੰਘ ਭੰਡਾਲ
ਬੇਕਿਰਕ ਹਾਕਮਾਂ ਵੇ!
ਖ਼ਲਕਤ ਜਿਉਂਦੀ ਕਿਹੜੇ ਹਾਲਾਂ?
ਚੁੱਲਿਆਂ `ਚ ਘਾਹ ਉਗਿਆ
ਘਰ ਦੇ ਮੁੱਖੜੇ ਤੇ ਘਰਾਲਾਂ
ਇਹ ਵੱਸਦਾ ਉਜੜ ਗਿਆ
ਤੂੰ ਲੁੱਟਿਆ ਸੰਗ ਭਿਆਲਾਂ
ਦੇਖੀਂ! ਉਡਦੀ ਖ਼ੇਹ ਬਣਨਾ
ਤੇਰੇ ਕੋਹਝੇ ਖ਼ਾਬ-ਖਿਆਲਾਂ।
ਬੇਦਰਦ ਹਾਕਮਾਂ ਵੇ!
ਕਦੇ ਸੁਣ ਖੇਤਾਂ ਦੇ ਬੋਲ
ਸਿੱਟਿਆਂ `ਚ ਸਿੱਸਕੀਆਂ ਨੇ
ਤੇ ਹੰਝੂਆਂ ਭਿੱਜੇ ਬੋਹਲ
ਖੇਤਾਂ ਦੇ ਰਾਣਿਆਂ ਦੀ
ਕਿਰਤ ਐਂਵੇਂ ਨਾ ਰੋਲ
ਫਿਰ ਹੱਥੀਂ ਦਿਤੀਆਂ ਤੂੰ
ਕੀਕੂੰ ਸਕਾਂਗੇ ਗੰਢਾਂ ਖੋਲ?
ਬੇਰਹਿਮ ਹਾਕਮਾਂ ਵੇ!
ਤੇਰੀ ਅੱਖੀਂ ਉਗਿਆ ਟੀਰ
ਸ਼ਾਂਤੀ ਤੇ ਸਬਰ ਸਾਹਵੇਂ
ਹਰਨਾ, ਜ਼ਬਰ ਅਖ਼ੀਰ
ਸੂਹੀ ਸੋਚ ਦੀ ਸਰਗਮ `ਚ
ਸਦਾ ਜਿਉਂਦੀ ਰਹੇ ਜ਼ਮੀਰ
ਤੇ ਰੱਟਣਾਂ ਵਾਲੇ ਹੱਥਾਂ ਨੇ
`ਕੇਰਾਂ ਘੜਨੀ ਖੁਦ ਤਕਦੀਰ।
ਬੇਸ਼ਰਮ ਹਾਕਮਾਂ ਵੇ!
ਤੇਰੇ ਮਸਤਕ ਵਿਚ ਹਨੇਰ
ਕਿਉਂ ਨਜ਼ਰ ਨਾ ਆਉਂਦੀ ਆ
ਤੇਰੇ ਵਿਹੜੇ ਚੜ੍ਹੀ ਸਵੇਰ
ਮਨਾਂ ਦੇ ਸੰਨਵੇਂ ਖੇਤਾਂ `ਚ
ਤਾਰੇ ਦਿਤੇ ਪੌਣਾਂ ਕੇਰ
ਹੱਕਾਂ ਵਾਲਿਆਂ ਹੱਕ ਲੈਣੇ
ਭਾਵੇਂ ਹੋ ਜੇ ਦੇਰ-ਅਵੇਰ।
ਨਾ-ਸ਼ੁਕਰੇ ਹਾਕਮਾਂ ਵੇ!
ਕਾਹਤੋਂ ਸੁੱਕਣੇ ਪਾਈਆਂ ਛਾਵਾਂ
ਅੰਬਰ ਬਣੀਆਂ ਪੁੱਤਾਂ ਲਈ
ਮੰਨਤਾਂ ਵਰਗੀਆਂ ਮਾਵਾਂ
ਦੀਵਿਆਂ ਦੀਆਂ ਡਾਰਾਂ ਇਹ
ਤਖ਼ਤ ਨੂੰ ਜਾਂਦੀਆਂ ਰਾਹਵਾਂ
ਤੇ ਜ਼ਿੰਦਗੀ ਦੇ ਕਾਫ਼ਲਿਆਂ ਨੇ
ਬਣਨਾ ਸੂਰਜਾਂ ਦਾ ਸਿਰਨਾਵਾਂ।