ਅਰਥਹੀਣ ਸੋਧਾਂ ਦੀ ਥਾਂ ਸਰਕਾਰ ਨਿੱਗਰ ਤਜਵੀਜ਼ ਲਿਆਏ

ਨਵੀਂ ਦਿੱਲੀ : ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟੀਆਂ ਕਿਸਾਨ ਯੂਨੀਅਨਾਂ ਨੇ ਅੱਜ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹਨ, ਪਰ ਸਰਕਾਰ ਇਨ੍ਹਾਂ ਕਾਨੂੰਨਾਂ ’ਚ ‘ਅਰਥਹੀਣ’ ਸੋਧਾਂ ਨੂੰ ਮੁੜ ਨਾ ਦੁਹਰਾਏ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਭੇਜੀਆਂ ਤਜਵੀਜ਼ਾਂ/ਸੋਧਾਂ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ, ਲਿਹਾਜ਼ਾ ਸਰਕਾਰ ਅਗਲੇ ਗੇੜ ਦੀ ਗੱਲਬਾਤ ਲਈ ਲਿਖਤ ’ਚ ਕੋਈ ‘ਨਿੱਗਰ’ ਤਜਵੀਜ਼ ਲੈ ਕੇ ਆਏ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹਨ, ਪਰ ਜੇ ਸਰਕਾਰ ਚਾਹੁੰਦੀ ਹੈ ਕਿ ਸੰਵਾਦ ਹੋਵੇ ਤਾਂ ਉਸ ਨੂੰ ਕੋਈ ਨਿੱਗਰ ਤਜਵੀਜ਼ ਭੇਜਣੀ ਚਾਹੀਦੀ ਹੈ। ਇਸ ਦੌਰਾਨ ਵੱਖ ਵੱਖ ਮੋਰਚਿਆਂ ’ਤੇ ਕਿਸਾਨ ਆਗੂਆਂ ਵੱਲੋਂ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਚੌਧਰੀ ਚਰਨ ਸਿੰਘ ਦੀ ਜਨਮ ਵਰ੍ਹੇਗੰਢ ਤੇ ‘ਕੌਮੀ ਕਿਸਾਨ ਦਿਹਾੜੇ’ ਨੂੰ ਸਮਰਪਿਤ ਦਿੱਤੇ ਸੱਦੇ ਤਹਿਤ ਕਿਸਾਨਾਂ ਨੇ ਦੁਪਹਿਰ ਨੂੰ ਇਕ ਡੰਗ ਦੀ ਰੋਟੀ ਛੱਡ ਕੇ ਵਰਤ ਰੱਖਿਆ। ਸੰਯੁਕਤ ਮੋਰਚੇ ਵੱਲੋਂ ਦਿੱਤੇ ਸੱਦੇ ’ਤੇ ਕਿਸਾਨਾਂ ਨੇ ਦੁਪਹਿਰ ਨੂੰ ਇਕ ਡੰਗ ਦੀ ਰੋਟੀ ਛੱਡ ਕੇ ਵਰਤ ਰੱਖਿਆ। ਅੱਜ ਦੇ ਸਮਾਗਮ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸਨ।

ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ, ‘ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸੰਘਰਸ਼ਸ਼ੀਲ ਕਿਸਾਨ (ਖੇਤੀ ਕਾਨੂੰਨਾਂ ’ਚ) ਸੋਧ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ‘ਅੜੀਅਲ ਵਤੀਰਾ ਛੱਡ’ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ। ਉਨ੍ਹਾਂ ਕਿਹਾ ਕਿ ਸਰਕਾਰ ਗੱਲਬਾਤ ਲਈ ਸਾਜ਼ਗਾਰ ਮਾਹੌਲ ਤਿਆਰ ਕਰੇ। ਪੱਤਰਕਾਰ ਮਿਲਣੀ ’ਚ ਸ਼ਾਮਲ ਸਵਰਾਜ ਇੰਡੀਆ ਮੁਹਿੰਮ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ, ‘ਕਿਸਾਨ ਯੂਨੀਅਨਾਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਉਡੀਕ ਹੈ ਕਿ ਸਰਕਾਰ ਖੁੱਲ੍ਹੇ ਦਿਲ ਨਾਲ ਗੱਲਬਾਤ ਦੀ ਮੇਜ਼ ’ਤੇ ਆੲੇ।’ ਉਨ੍ਹਾਂ ਕਿਹਾ ਕਿ ‘ਪ੍ਰੇਮ ਪੱਤਰ’ ਭੇਜਣ ਦੀ ਥਾਂ ਕੋਈ ਨਿੱਗਰ ਤਜਵੀਜ਼ ਭੇਜੇ। ਯਾਦਵ ਨੇ ਕੇਂਦਰ ਵੱਲੋਂ 20 ਦਸੰਬਰ ਨੂੰ ਭੇਜੀ ਚਿੱਠੀ ਦਾ ਕਿਸਾਨ ਜਥੇਬੰਦੀਆਂ ਵੱਲੋਂ ਤਿਆਰ ਜਵਾਬ ਪੱਤਰਕਾਰਾਂ ਨਾਲ ਸਾਂਝਾ ਕੀਤਾ। ਖੇਤੀ ਮੰਤਰਾਲੇ ’ਚ ਸੰਯੁਕਤ ਸਕੱਤਰ ਵੱਲੋਂ ਇਹ ਚਿੱਠੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨਪਾਲ ਦੇ ਨਾਂ ’ਤੇ ਭੇਜੀ ਗਈ ਸੀ। ਸ੍ਰੀ ਯਾਦਵ ਨੇ ਕਿਹਾ ਕਿ ਕੇਂਦਰ ਦੀ ਚਿੱਠੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਸਾਫ਼ਗੋਈ ਨਾਲ ਗੱਲਬਾਤ ਕੀਤੀ ਹੈ, ਪਰ ਕੇਂਦਰ ਸਰਕਾਰ ਫ਼ਰਜ਼ੀ (ਕਿਸਮ ਦੀਆਂ) ਜਥੇਬੰਦੀਆਂ ਨਾਲ ਵੀ ਬਰਾਬਰ ਸੰਵਾਦ ਕਰ ਰਹੀ ਹੈ, ਜੋ ਕਿ ਅੰਦੋਲਨ ਨੂੰ ਪਾੜਨ ਦੀ ਇਕ ਚਾਲ ਹੈ। ਸ੍ਰੀ ਯਾਦਵ ਨੇ ਕਿਹਾ ਕਿ ਕਿਸਾਨਾਂ ਵੱਲੋਂ (ਖੇਤੀ) ਕਾਨੂੰਨਾਂ ਦੇੇ ਬੁਨਿਆਦੀ ਨੁਕਸ ਦੱਸੇ ਜਾਣ ਦੇ ਬਾਵਜੂਦ ਸਰਕਾਰ ਨੇ ਅਜੇ ਤੱਕ ਕੋਈ ਨਿੱਗਰ ਤਜਵੀਜ਼ ਨਹੀਂ ਦਿੱਤੀ। ਸਰਕਾਰ ਨੇ ਪੁਰਾਣੀਆਂ ਜ਼ੁਬਾਨੀ ਤਜਵੀਜ਼ਾਂ ਨੂੰ ਹੀ ਮੁੜ ਪੇਸ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਤਜਵੀਜ਼ਾਂ ’ਚ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਤੇ ਬਿਜਲੀ ਬਿੱਲ ਦਾ ਖਰੜਾ ਵੀ ਅਜੇ ਸਪਸ਼ਟ ਨਹੀਂ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ, ‘ਪਹਿਲਾਂ ਖਾਰਜ ਕੀਤੀਆਂ ਤਜਵੀਜ਼ਾਂ ਦੀ ਥਾਂ ਨਵੇਂ ਨਿੱਗਰ ਮਤੇ ਲੈ ਕੇ ਖੁੱਲ੍ਹੇ ਮਨ ਨਾਲ ਕੇਂਦਰ ਸਰਕਾਰ ਆਏ ਤਾਂ ਕਿਸਾਨ ਗੱਲਬਾਤ ਲਈ ਤਿਆਰ ਹਨ।’

ਆਲ ਇੰਡੀਆ ਕਿਸਾਨ ਸਭਾ ਦੇ ਆਗੂ ਹਨਨ ਮੁੱਲ੍ਹਾ ਨੇ ਦਾਅਵਾ ਕੀਤਾ ਕਿ ਸਰਕਾਰ ਇਸ ਮੁੱਦੇ ਨੂੰ ਜਾਣਬੁਝ ਕੇ ਲਮਕਾ ਰਹੀ ਹੈ ਤਾਂ ਕਿ ਕਿਸਾਨ ਥੱਕ ਟੁੱਟ ਕੇ ਬੈਠ ਜਾਣ ਤੇ ਅੰਦੋਲਨ ਖੁ਼ਦ ਬਖ਼ੁਦ ਖ਼ਤਮ ਹੋ ਜਾਵੇ। ਯੁਧਵੀਰ ਸਿੰਘ ਨੇ ਕਿਹਾ ਕਿ ਕਿਸਾਨ, ਸਰਕਾਰ ਦੀ ਨੀਅਤ ਤੋਂ ਭਲੀ-ਭਾਂਤ ਜਾਣੂ ਹਨ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੇਂਦਰ ਵੱਲੋਂ ਐੱਮਐੱਸਪੀ ਨੂੰ ਲੈ ਕੇ ਜਿਹੜਾ ਰੌਲਾ ਪਾਇਆ ਜਾ ਰਿਹਾ ਹੈ, ਉਹ ਤਾਂ ਸਰਕਾਰ ਬਹੁਤੀਆਂ ਥਾਵਾਂ ਉਪਰ ਲਾਗੂ ਹੀ ਨਹੀਂ ਕਰਵਾ ਪਾਉਂਦੀ।

ਦਿੱਲੀ ਦੇ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਹਰਿਆਣਾ ਦੇ ਪਲਵਲ ਬਾਰਡਰਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜੀਵਾਰ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ। ਇਸ ਤੋਂ ਪਹਿਲਾਂ ਸੰਯੁਕਤ ਮੋਰਚੇ ਵੱਲੋਂ ਦਿੱਤੇ ਸੱਦੇ ’ਤੇ ਕਿਸਾਨਾਂ ਨੇ ਦੁਪਹਿਰ ਨੂੰ ਇਕ ਡੰਗ ਦੀ ਰੋਟੀ ਛੱਡ ਕੇ ਵਰਤ ਰੱਖਿਆ। ਅੱਜ ਦੇ ਸਮਾਗਮ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸਨ। ਇਸ ਦੌਰਾਨ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਿਆ ਤੇ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਬੀਕੇਯੂ (ਪੰਜਾਬ) ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਭੁੱਖ ਹੜਤਾਲ ਉਪਰ ਬੈਠੇ ਕਿਸਾਨਾਂ ਨੂੰ ਸ਼ਹਿਦ ਵਾਲਾ ਪਾਣੀ ਪਿਲਾ ਕੇ ਭੁੱਖ ਹੜਤਾਲ ਤੋਂ ਉਠਾਇਆ ਗਿਆ। ਸਿੰਘੂ ਬਾਰਡਰ ’ਤੇ ਲੜੀਵਾਰ ਭੁੱਖ ਹੜਤਾਲ ’ਚ ਬੈਠਣ ਵਾਲੇ ਕਿਸਾਨਾਂ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਤੋਂ ਬਚਨ ਸਿੰਘ, ਕੁੱਲ ਹਿੰਦ ਕਿਸਾਨ ਫੈਡਰੇਸ਼ਨ (ਸੇਖੋਂ) ਤੋਂ ਰਾਮ ਸਿੰਘ ਸਮੂਰਾਂ, ਕਿਰਤੀ ਕਿਸਾਨ ਯੂਨੀਅਨ ਤੋਂ ਜਗਰਾਜ ਸਿੰਘ ਭਿੰਡਰ, ਕਿਸਾਨ ਬਚਾਓ ਮੋਰਚਾ ਵੱਲੋਂ ਸੁਖਜਿੰਦਰ ਸਿੰਘ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਤੋਂ ਬਿਕਰਮਜੀਤ ਸਿੰਘ ਫ਼ਤਿਹਪੁਰ ਰਾਜਪੂਤਾਂ, ਹਰਿਆਣਾ ਤੋਂ ਗੁਰਚਰਨ ਸਿੰਘ, ਹਨੂਮਾਨਗੜ੍ਹ ਤੋਂ ਮਹਿੰਮਾ ਸਿੰਘ, ਬੀਕੇਯੂ (ਚੜੂਨੀ) ਤੋਂ ਬੌਬੀ ਰਾਜਪੂਤ ਤੇ ਬਲਕਾਰ ਸਿੰਘ ਲਾਡਾ, ਕੁੱਲ ਹਿੰਦ ਕਿਸਾਨ ਸਭਾ (ਪੂੰਨਾਵਾਲ) ਤੋਂ ਬਚਿੱਤਰ ਸਿੰਘ ਜੌਣੇ ਕੇ ਅਤੇ ਕਾਬਲ ਸਿੰਘ ਗੰਡੀਵਿੰਡ ਭੁੱਖ ਹੜਤਾਲ ’ਤੇ ਬੈਠੇ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸੰਦੀਪ ਸਿੰਘ, ਬੰਗਲਾ ਸਾਹਿਬ ਗੁਰਦੁਆਰੇ ਤੋਂ ਪ੍ਰੇਮ ਸਿੰਘ, ਭਾਈ ਪਵਿੱਤਰ ਸਿੰਘ, ਗਿਆਨੀ ਨਿਸ਼ਾਨ ਸਿੰਘ, ਭਾਈ ਜੋਗਾ ਸਿੰਘ ਧਾਰਮਿਕ ਪ੍ਰੋਗਰਾਮ ਦਾ ਹਿੱਸਾ ਬਣੇ। ਕਈ ਕਿਸਾਨਾਂ ਨੇ ‘ਕਿਸਾਨ ਘਾਟ’ ਜਾ ਕੇ ਚੌਧਰੀ ਚਰਨ ਸਿੰਘ ਨੂੰ ਸ਼ਰਧਾਂਜਲੀਆਂ ਦਿੱਤੀਆਂ। ਗਾਜ਼ੀਪੁਰ ਬਾਰਡਰ ’ਤੇ ਕਿਸਾਨ ਦਿਹਾੜੇ ਨੂੰ ਸਮਰਪਿਤ ‘ਹਵਨ’ ਵੀ ਕੀਤਾ ਗਿਆ।

Leave a Reply

Your email address will not be published. Required fields are marked *