ਸੂਰਤ, ਸੀਰਤ, ਸਮਾਜ-ਸੇਵਾ ਤੇ ਕਲਮ ਦਾ ਸੁਮੇਲ ਮੁਟਿਆਰ : ਸੰਦੀਪ ਰਾਣੀ ਸੁਮਨ ਕਾਤਰੋਂ

ਕਲਮ, ਸਮਾਜ-ਸੇਵਾ, ਸੂਰਤ ਤੇ ਸੀਰਤ ਦਾ ਸੁਮੇਲ ਸੰਦੀਪ ਰਾਣੀ ਸੁਮਨ ਕਾਤਰੋਂ ਦਾ ਜਨਮ ਜਿਲਾ ਸੰਗਰੂਰ ਵਿਚ ਪੈਂਦੇ ਪਿੰਡ ਕਾਤਰੋਂ ਵਿਖੇ ਪਿਤਾ ਸ੍ਰੀ ਕਿ੍ਰਸ਼ਨ ਕੁਮਾਰ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਰਕੇਸ਼ ਰਾਣੀ ਦੀ ਪਾਕਿ-ਪਵਿੱਤਰ ਕੁੱਖੋਂ ਹੋਇਆ। ਪਿੰਡ ਕਾਤਰੋਂ ਦੇ ਸਕੂਲ ’ਚੋਂ ਦਸਵੀਂ ਪਾਸ ਕਰਨ ਪਿੱਛੋਂ ਉਸ ਨੇ ਬੀ. ਏ. ਦੀ ਪੜਾਈ ਪ੍ਰਾਈਵੇਟ ਤੌਰ ਤੇ ਕੀਤੀ। ਫਿਰ ਉਸ ਨੇ ਭਾਸ਼ਾ ਵਿਭਾਗ ਸੰਗਰੂਰ ਵਿਖੇ ਦੋ ਸਾਲ ਦਾ ਪੰਜਾਬੀ ਸਟੈਨੋਗ੍ਰਾਫੀ ਦਾ ਕੋਰਸ ਕੀਤਾ ਅਤੇ ਕੰਪਿਊਟਰ ਸਿੱਖਿਆ ਵੀ ਪ੍ਰਾਪਤ ਕੀਤੀ। ਪੜਾਈ ਦੇ ਨਾਲ-ਨਾਲ ਬਚਪਨ ਤੋਂ ਹੀ ਮਿਆਰੀ ਸਾਹਿਤ ਪੜਨ ਦੇ ਸੰਦੀਪ ਦੇ ਸ਼ੌਕ ਨੇ ਉਸ ਦੀ ਜ਼ਿੰਦਗੀ ਵਿਚ ਇਕ ਐਸਾ ਮੋੜ ਲਿਆਂਦਾ ਕਿ ਉਹ ਦੁਖਿਆਰਿਆਂ, ਨਿਮਾਣਿਆਂ, ਨਿਤਾਣਿਆਂ ਅਤੇ ਬੇ-ਆਸਰਿਆਂ ਦਾ ਆਸਰਾ ਬਣਨ ਲਈ ਮੈਦਾਨ ਵਿਚ ਨਿੱਤਰ ਤੁਰੀ। ਇਸ ਮੰਤਵ ਲਈ ਉਸ ਨੇ ਇੱਕ ਐੱਨ. ਜੀ. ਓ., ‘‘ਕੁਦਰਤ ਮਾਨਵ ਲੋਕ ਲਹਿਰ ਗੁਰੂਕੁਲ (ਰਜਿ.) ਜਿਲਾ ਸੰਗਰੂਰ” ਦੀ ਸਥਾਪਨਾ ਕੀਤੀ, ਜਿਸ ਦੇ ਤਹਿਤ ਉਸਨੇ ਅੱਜ ਤੋਂ 17 ਸਾਲ ਪਹਿਲਾਂ ਤੋਂ ਪਿੰਡ ਕਾਤਰੋਂ ਵਿਖੇ, ‘‘ਫ੍ਰੀ ਗੁਰੂਕੁਲ ਸਿੱਖਿਆ ਕੇਂਦਰ” ਵੀ ਖੋਲਿਆ ਜਿੱਥੇ ਕਿ ਲੋੜਵੰਦ ਗਰੀਬ ਬੱਚਿਆਂ ਲਈ ਕਿਤਾਬਾਂ ਦਾ ਅਤੇ ਉਨਾਂ ਦੀਆਂ ਫ਼ੀਸਾਂ ਦਾ ਪ੍ਰਬੰਧ ਕਰਨਾ, ਕੰਪਿਊਟਰ ਸਿੱਖਿਆ, ਔਰਤਾਂ ਨੂੰ ਸਿਲਾਈ ਕਢਾਈ, ਬਿਊਟੀਸ਼ਨ ਟਰੇਨਿੰਗ ਦੇ ਕੇ ਉਨਾਂ ਨੂੰ ਸੰਸਥਾ ਦੁਆਰਾ ਮੁਫਤ ਸਿਲਾਈ ਮਸੀਨਾਂ ਵੰਡ ਕੇ ਆਤਮ ਨਿਰਭਰ ਬਣਾਉਣ ਦੇ ਨਾਲ ਨਾਲ ਭਰੂਣ ਹੱਤਿਆ ਵਿਰੁੱਧ ਅਤੇ ਨਸ਼ਿਆਂ ਦੇ ਖਿਲਾਫ ਸੈਮੀਨਾਰ ਕਰਵਾਉਣੇ, ਵਾਤਾਵਰਨ ਦੀ ਸੁੱਧਤਾ ਲਈ ਪੇੜ-ਪੌਦੇ ਲਗਾਉਣੇ ਆਦਿ ਕੰਮ ਉਸ ਦੀ ਸੰਸਥਾ ਦੁਆਰਾ ਕੀਤੇ ਜਾ ਰਹੇ ਹਨ। ਇਸ ਐੱਨ.ਜੀ. ਓ. ਦੀਆਂ ਟ੍ਰੇਨਿੰਗ ਸ਼ੁਦਾ ਬਹੁਤ ਸਾਰੀਆਂ ਲੜਕੀਆਂ ਕਿੱਤਾ ਮੁਖੀ ਰੁਜਗਾਰ ਅਪਣਾਕੇ ਆਪਣਾ ਤੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੀਆਂ ਹਨ। ਜੋ ਸਿੱਖਿਆਰਥਣਾ ਲੜਕੀਆਂ ਸਮਾਜ ਅੰਦਰ ਵਧੀਆ ਕੰਮ ਕਰ ਰਹੀਆਂ ਹਨ ਉਨਾਂ ਨੂੰ ਸੰਸਥਾਂ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ। ‘‘ਧੀ ਰਾਣੀ ਬਚਾਓ” ਦੇ ਉਦੇਸ਼ ਤਹਿਤ ਸਾਲ 2014 ਵਿੱਚ ਇੱਕ ਗਰੀਬ ਪਰਿਵਾਰ ਦੀਆਂ ਤਿੰਨ ਬੇਟੀਆਂ ਵਿੱਚੋਂ ਇੱਕ ਨੌਂ ਮਹੀਨੇ ਦੀ ਬੇਟੀ ਨੂੰ ਜਿਲਾ ਸੰਗਰੂਰ ਦੇ ਪਿੰਡ ਗੰਗਾ ਸਿੰਘ ਵਾਲਾ ਵਿਖੇ ਅਤੇ ਸਾਲ 2020 ਵਿੱਚ ਇਕ ਤਿੰਨ ਦਿਨਾਂ ਦੀ ਬੱਚੀ (ਧੂਰੀ ਸ਼ਹਿਰ ਜ਼ਿਲਾ ਸੰਗਰੂਰ ਨੂੰ) ਜਿਲਾ ਬਰਨਾਲਾ ਦੇ ਪਿੰਡ ਹਰਦਾਸਪੁਰਾ ਵਿਖੇ ਗੋਦ ਦਿਵਾਇਆ ਗਿਆ। ਇੱਥੇ ਹੀ ਬਸ ਨਹੀਂ, ਕਰੋਨਾ ਮਹਾਂਮਾਰੀ ਦੌਰਾਨ ਇਸ ਮੁਟਿਆਰ ਨੇ ਪੁਲਿਸ ਪ੍ਰਸਾਸ਼ਨ ਅਤੇ ਆਪਣੇ ਸਾਥੀਆਂ ਨੂੰ ਨਾਲ ਲੈਕੇ ਲੋੜਵੰਦ ਪਰਿਵਾਰਾਂ ਨੂੰ ਰੋੋਜਾਨਾ ਘਰੇਲੂ ਵਰਤੋਂ ਵਿੱਚ ਆਉਣ ਵਾਲੇ ਰਾਸ਼ਨ ਦੀਆਂ ਕਿੱਟਾਂ ਤਿਆਰ ਕਰਕੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸੈਨਾਟਾਇਜਰ ਮਾਸਿਕਾਂ ਸਮੇਤ ਘਰ-ਘਰ ਜਾ ਕੇ ਵੰਡਣ ਦੀ ਸੇਵਾ ਜਿਸ ਖਿੜੇ ਮੱਥੇ ਨਿਭਾਈ, ਉਸ ਸੇਵਾ ਕਾਰਜ ਨੂੰ ਵੇਖਦਿਆਂ ਇਕ ਬਾਰ ਤਾਂ ਜਾਣੋ ‘ਮਦਰ ਟਰੇਸਾ” ‘ਮਾਈ ਭਾਗੋ” ਭਾਈ ਕਨੱਈਆ” ਅਤੇ ‘ਭਗਤ ਪੂਰਨ ਸਿੰਘ” ਜਿਹੀਆਂ ਸਖ਼ਸ਼ੀਅਤਾਂ ਦਾ ਇਸ ਮੁਟਿਆਰ ਦੇ ਸਿਰ ਉਤੇ ਅਸ਼ੀਰਵਾਦ ਹੋਣਾ ਲੋਕਾਈ ਨੂੰ ਜਰੂਰ ਸਾਖ਼ਸ਼ਾਤ ਨਜ਼ਰੀ ਆਇਆ ਹੋਵੇਗਾ।
ਸੰਦੀਪ ਦੇ ਕਲਮੀਂ ਪੱਖ ਦੀ ਗੱਲ ਕਰੀਏ ਤਾਂ ਉਸ ਦੀਆਂ ਲਿਖੀਆਂ ਕਾਵਿ ਤੇ ਵਾਰਤਕ ਰਚਨਾਵਾਂ ਦੇਸ਼-ਵਿਦੇਸ਼ ਦੇ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਆਮ ਹੀ ਪੜਨ ਨੂੰ ਮਿਲਦੀਆਂ ਰਹਿੰਦੀਆਂ ਹਨ। ਉਸ ਦੇ ਮਾਨ-ਸਨਮਾਨ ਵੱਲ ਦੇਖਿਆਂ ਖ਼ੁਸ਼ੀ ਮਹਿਸੂਸ ਹੁੰਦੀ ਹੈ ਕਿ, ‘ਆਸ਼ਾ ਆਲ ਇੰਡੀਆ ਵੱਲੋਂ ਚੇੱਨਈ” ‘ਉਪਕਾਰ ਕੁਆਰਡੀਨੇਟਰ ਸੁਸਾਇਟੀ ਧਨੌਲਾ (ਬਰਨਾਲਾ) ”‘ਰੈੱਡ ਕਰਾਸ ਸੰਗਰੂਰ”, ‘ਉਪ ਮੰਡਲ ਮੈਜਿੱਸਟਰੇਟ ਧੂਰੀ”, ‘ਸਿਹਤ ਵਿਭਾਗ ਬਰਨਾਲਾ”, ‘ਸਿਹਤ ਵਿਭਾਗ ਸੰਗਰੂਰ”, ‘ਯੂਨਾਈਟਡ ਵੈੱਲਫੇਅਰ ਸੁਸਾਇਟੀ ਬਠਿੰਡਾ”, ‘ਸਹਾਰਾ ਕਲੱਬ ਬਠਿੰਡਾ”, ‘ਸਰਬ ਭਾਰਤੀਯ ਸੇਵਾ ਸੰਮਤੀ ਧੂਰੀ”, ‘ਗੁਰਦੁਆਰਾ ਸਿੰਘ ਸਭਾ ਬਰਨਾਲਾ”, ‘ਸਾਬਕਾ ਸੈਨਿਕ ਵਿੰਗ ਸ਼ੇਰਪੁਰ”, ਸਾਹਿਤ ਸਭਾ ਸੰਗਰੂਰ, 15 ਅਗਸਤ 2014 ਨੂੰ ਸੂਚਨਾ ਤੇ ਸਿੰਚਾਈ ਮੰਤਰੀ ਸ੍ਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਆਦਿ ਸੰਸਥਾਵਾਂ ਤੇ ਸਖ਼ਸ਼ੀਅਤਾਂ ਦੀ ਇਕ ਲੰਬੀ ਲਿਸਟ ਹੈ, ਜੋ ਸੰਦੀਪ ਦੀਆਂ ਸਾਹਿਤਕ ਅਤੇ ਸਮਾਜ-ਸੇਵੀ ਕਾਰਜਾਂ ਦੀ ਕਦਰ ਪਾਉਂਦਿਆਂ ਉਸਨੂੰ ਸਨਮਾਨਿਤ ਕਰ ਚੁੱਕੇ ਹਨ। ਸੰਦੀਪ ਦੀ ਕਲਮ ਦਾ ਨਮੂਨਾ ਦੇਖ
”ਸਦਾ ਸੱਚ ਮੇਰੀ ਕਲਮ ਲਿਖੇਗੀ,
ਭਾਵੇਂ ਕਰ ਟੋਟੇ ਹੱਥ ਵੱਢ ਦਿਓ।
ਕਰ ਹੌਂਸਲਾ ਵਧੋ ਮੰਜਲਿ ਵੱਲ,
ਤਕਦੀਰਾਂ ਨੂੰ ਰੋਣਾ ਛੱਡ ਦਿਓ।
ਜ਼ਿੰਦਗੀ ’ਚ ਜੋ ਵੀ ਮਾੜੀ ਆਦਤ,
ਉਹਨੂੰ ਇੱਕ ਇੱਕ ਕਰਕੇ ਕੱਢ ਦਿਓ।”
ਸਾਡੀਆਂ ਦੁਆਵਾਂ, ਇੱਛਾਵਾਂ ਅਤੇ ਅਕਾਲ-ਪੁਰਖ ਅੱਗੇ ਜੋਦੜੀਆਂ ਹਨ ਕਿ ਉਹ ਸਮਾਜ ਲਈ ਮਾਰਗ-ਦਰਸ਼ਕ ਬਣੀ ਇਸ ਮੁਟਿਆਰ ਨੂੰ ਇਸੇ ਤਰਾਂ ਖ਼ੁਸ਼ੀਆਂ-ਖੇੜੇ ਤੇ ਗੁਲਜ਼ਾਰਾਂ ਵੰਡਦੇ ਰਹਿਣ ਦਾ ਹੋਰ ਵੀ ਬਲ ਬਖ਼ਸ਼ੇ!
-ਪ੍ਰੀਤਮ ਲੁਧਿਆਣਵੀ, (ਚੰਡੀਗੜ), 9876428641
ਸੰਪਰਕ : ਸੰਦੀਪ ਰਾਣੀ ਸੁਮਨ ਕਾਤਰੋਂ , 7009207717

Leave a Reply

Your email address will not be published. Required fields are marked *