ਭਾਰਤ ਨੇ ਯੂਰਪ, ਤੁਰਕੀ ਤੇ ਬਰਤਾਨੀਆ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖ਼ਲੇ ‘ਤੇ ਲਾਈ ਰੋਕ
ਨਵੀਂ ਦਿੱਲੀ (ਏਜੰਸੀਆਂ) : ਦੇਸ਼ ‘ਚ ਕੋਰੋਨਾ ਵਾਇਰਸ ਦੇ ਵਧਦੇ
ਪ੍ਰਸਾਰ ਨੂੰ ਕਾਬੂ ‘ਚ ਕਰਨ ਲਈ ਸਰਕਾਰ ਨੇ ਹਮਲਾਵਰ ਰੁਖ਼ ਅਪਣਾ ਲਿਆ ਹੈ। ਯੂਰਪੀ ਸੰਘ,
ਤੁਰਕੀ ਤੇ ਬਰਤਾਨੀਆ ਤੋਂ ਆਉਣ ਵਾਲੇ ਯਾਤਰੀਆਂ ਦੇ ਦੇਸ਼ ਵਿਚ ਦਾਖ਼ਲੇ ‘ਤੇ 18 ਮਾਰਚ ਤੋਂ
ਰੋਕ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਲੋਕਾਂ ਦੀ ਮਦਦ ਲਈ ਵਿਦੇਸ਼ ਤੇ ਸਿਹਤ ਮੰਤਰਾਲੇ ਨੇ
ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਪਿਛਲੇ 24 ਘੰਟਿਆਂ ‘ਚ ਦੇਸ਼ ‘ਚ 10 ਨਵੇਂ ਮਾਮਲੇ
ਸਾਹਮਣੇ ਆਏ ਹਨ। ਇਨ੍ਹਾਂ ‘ਚ ਓਡੀਸ਼ਾ ਦਾ ਪਹਿਲਾ ਮਾਮਲਾ ਵੀ ਸ਼ਾਮਲ ਹੈ। ਇਨ੍ਹਾਂ ਨੂੰ ਮਿਲਾ
ਕੇ ਹੁਣ ਤਕ ਦੇਸ਼ ‘ਚ ਕੋਰੋਨਾ ਦੇ ਕੁੱਲ 122 ਪੌਜ਼ਿਟਿਵ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ
‘ਚ ਇਲਾਜ ਦੇ ਬਾਅਦ ਹਸਪਤਾਲਾਂ ਤੋਂ ਡਿਸਚਾਰਚ ਕੀਤੇ ਗਏ 13 ਲੋਕਾਂ ਦੇ ਨਾਲ ਹੀ ਉਹ ਦੋ
ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ।ਕੋਰੋਨਾ ਵਾਇਰਸ ਨਾਲ ਨਿਪਟਣ ਦੇ
ਉਪਾਵਾਂ ‘ਤੇ ਚਰਚਾ ਕਰਨ ਲਈ ਗਠਿਤ ਮੰਤਰੀਆਂ ਦੇ ਸਮੂਹ (ਜੀਓਐੱਮ) ਦੀ ਬੈਠਕ ਤੋਂ ਬਾਅਦ
ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖ਼ਲੇ ‘ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ
ਗਿਆ। ਅਧਿਕਾਰੀਆਂ ਨੇ ਕਿਹਾ ਕਿ ਜੀਓਐੱਮ ਦੀ ਬੈਠਕ ਤੋਂ ਬਾਅਦ ਇਨ੍ਹਾਂ ਦੇਸ਼ਾਂ ਤੋਂ ਆਉਣ
ਵਾਲੇ ਯਾਤਰੀਆਂ ਦੇ ਦਾਖ਼ਲੇ ‘ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ
ਕਿ ਜੀਓਐੱਮ ਦੀ ਬੈਠਕ ਤੋਂ ਬਾਅਦ ਇਸ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਕਈ ਉਪਾਅ
ਤਜਵੀਜ਼ਸ਼ੁਦਾ ਕੀਤੇ ਗਏ ਹਨ। ਇਨ੍ਹਾਂ ‘ਚ ਲੋਕਾਂ ਨੂੰ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ
ਦੀ ਅਪੀਲ ਵੀ ਸ਼ਾਮਲ ਹੈ।
ਸਿਹਤ ਮੰਤਰਾਲੇ ‘ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ, ਯੂਰਪੀ ਮੁਕਤ ਵਪਾਰ ਸੰਗਠਨ, ਤੁਰਕੀ ਤੇ ਬਰਤਾਨੀਆ ਦੇ ਯਾਤਰੀਆਂ ਨੂੰ ਭਾਰਤ ‘ਚ 18 ਮਾਰਚ ਤੋਂ ਬਾਅਦ ਦਾਖ਼ਲਾ ਨਹੀਂ ਦਿੱਤਾ ਜਾਵੇਗਾ। ਸਾਰੀਆਂ ਏਅਰ ਲਾਇਨਜ਼ ਨੂੰ ਵੀ ਇਸ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਯਾਨੀ 18 ਮਾਰਚ ਦੀ ਅੱਧੀ ਰਾਤ ਤੋਂ ਬਾਅਦ ਤੋਂ ਇਨ੍ਹਾਂ ਦੇਸ਼ਾਂ ਤੋਂ ਕੋਈ ਵੀ ਏਅਰ ਲਾਇਨਜ਼ ਇਕ ਵੀ ਯਾਤਰੀ ਨੂੰ ਲੈ ਕੇ ਭਾਰਤ ਨਹੀਂ ਆਏਗੀ। ਅਗਰਵਾਲ ਨੇ ਕਿਹਾ ਕਿ ਇਹ ਫ਼ੈਸਲਾ 31 ਮਾਰਚ ਤਕ ਲਈ ਲਏ ਗਏ ਹਨ ਤੇ ਉਸ ਤੋਂ ਬਾਅਦ ਇਨ੍ਹਾਂ ਦੀ ਸਮੀਖਿਆ ਕੀਤੀ ਜਾਵੇਗੀ।
ਕਾਲਜ, ਜਿਮ, ਸਿਨੇਮਾ ਹਾਲ ਬੰਦ ਕਰਨ ਦੀ ਤਜਵੀਜ਼
ਅਗਰਵਾਲ ਨੇ ਕਿਹਾ ਕਿ ਜੀਓਐੱਮ ਨੇ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ, ਜਿਮ, ਮਿਊਜ਼ੀਅਮ, ਸਭਿਆਚਾਰਕ ਤੇ ਸਮਾਜਿਕ ਕੇਂਦਰ, ਸਵਿਮਿੰਗ ਪੂਲ ਤੇ ਸਿਨੇਮਾ ਹਾਲ ਬੰਦ ਕਰਨ ਦਾ ਸੁਝਾਅ ਦਿੱਤਾ ਹੈ। ਇਸ ਤੋਂ ਪਹਿਲਾਂ ਹੀ ਕਈ ਸੂਬੇ ਮਾਲ ਸਮੇਤ ਵਿੱਦਿਅਕ ਅਦਾਰਿਆਂ ਤੇ ਹੋਰ ਜਨਤਕ ਥਾਵਾਂ ਨੂੰ ਬੰਦ ਕਰਨ ਦਾ ਆਦੇਸ਼ ਦੇ ਚੁੱਕੇ ਹਨ। ਵਿਦਿਆਰਥੀਆਂ ਸਮੇਤ ਆਮ ਲੋਕਾਂ ਨੂੰ ਬਿਨਾ ਕਾਰਨ ਘਰਾਂ ਤੋਂ ਨਹੀਂ ਨਿਕਲਣ ਲਈ ਕਿਹਾ ਗਿਆ ਹੈ। ਬੱਸ, ਟ੍ਰੇਨ ਤੇ ਜਹਾਜ਼ ‘ਚ ਘੱਟੋ-ਘੱਟ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ। ਰੈਸਟੋਰੈਂਟਾਂ ‘ਚ ਟੇਬਲ ਨੂੰ ਘੱਟੋ-ਘੱਟ ਇਕ ਮੀਟਰ ਦੀ ਦੂਰੀ ‘ਤੇ ਰੱਖਣ ਲਈ ਕਿਹਾ ਗਿਆ ਹੈ।
ਵੱਡੇ ਸਮਾਗਮਾਂ ਨੂੰ ਟਾਲਣ ਦੀ ਸਲਾਹ
ਅਗਰਵਾਲ ਨੇ ਕਿਹਾ ਕਿ ਮੰਤਰੀਆਂ ਦੇ ਸਮੂਹ ਨੇ ਖੇਡ ਮੁਕਾਬਲਿਆਂ ਸਮੇਤ ਅਜਿਹੇ ਸਾਰੇ ਸਮਾਗਮਾਂ ਨੂੰ ਟਾਲ਼ਣ ਦੀ ਸਲਾਹ ਦਿੱਤੀ ਹੈ, ਜਿਸ ਵਿਚ ਵੱਡੀ ਗਿਣਤੀ ‘ਚ ਲੋਕ ਇਕੱਠੇ ਹੁੰਦੇ ਹੋਣ। ਇਸ ਲਈ ਸਥਾਨਕ ਅਧਿਕਾਰੀਆਂ ਨੂੰ ਅਜਿਹੇ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਮਿਲ ਕੇ ਗੱਲ ਕਰਨ ਲਈ ਕਿਹਾ ਗਿਆ ਹੈ। ਸਰਕਾਰ ਨੇ ਜਿੱਥੋਂ ਤਕ ਸੰਭਵ ਹੋਵੇ, ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕਾਂ ਕਰਨ ਲਈ ਕਿਹਾ ਹੈ।
15 ਸੂਬਿਆਂ ‘ਚ ਫੈਲਿਆ ਵਾਇਰਸ
ਕੋਰੋਨਾ ਵਾਇਰਸ ਨਾਲ ਦੇਸ਼ ਦੇ 15 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤਕ ਫੈਲ ਗਿਆ ਹੈ। ਦੇਸ਼ ‘ਚ ਸੰਕ੍ਰਮਿਤ ਲੋਕਾਂ ਦਾ ਅੰਕੜਾ 122 ਹੋ ਗਿਆ ਹੈ। ਇਸ ਵਿਚ 17 ਵਿਦੇਸ਼ੀ ਵੀ ਸ਼ਾਮਲ ਹਨ। ਸਭ ਤੋਂ ਜ਼ਿਆਦਾ 39 ਮਾਮਲੇ ਮਹਾਰਾਸ਼ਟਰ ‘ਚ ਸਾਹਮਣੇ ਆਏ ਹਨ। ਇੱਥੇ ਪਿਛਲੇ 24 ਘੰਟਿਆਂ ‘ਚ ਛੇ ਕੇਸ ਮਿਲੇ ਹਨ। ਕੇਰਲ ‘ਚ ਹੁਣ ਤਕ 23 ਪੌਜ਼ਿਟਿਵ ਮਾਮਲੇ ਮਿਲੇ ਹਨ, ਇਸ ਵਿਚ ਠੀਕ ਹੋ ਚੁੱਕੇ ਤਿੰਨ ਲੋਕ ਵੀ ਸ਼ਾਮਲ ਹਨ। ਲੱਦਾਖ ‘ਚ ਪੀੜਤਾਂ ਦੀ ਗਿਣਤੀ ਚਾਰ ਤੇ ਜੰਮੂ-ਕਸ਼ਮੀਰ ‘ਚ ਤਿੰਨ ਹੋ ਗਈ ਹੈ। ਇਕ ਦਿਨ ‘ਚ ਲੱਦਾਖ, ਜੰਮੂ-ਕਸ਼ਮੀਰ, ਕੇਰਲ, ਹਰਿਆਣਾ ਤੇ ਓਡੀਸ਼ਾ ‘ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ।
ਹੈਲਪਲਾਈਨ ਨੰਬਰ
ਕੋਰੋਨਾ ਵਾਇਰਸ ਦੇ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਸਿਹਤ ਮੰਤਰਾਲੇ ਨੇ ਇਕ ਹੋਰ ਟੋਲ ਫ੍ਰੀ ਹੈਲਪਲਾਈਨ ਨੰਬਰ 1075 ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ 011-23978046 ਨੰਬਰ ਕੀਤਾ ਗਿਆ ਸੀ। ਇਹ ਦੋਵੇਂ ਹੀ ਨੰਬਰ 24 ਘੰਟੇ ਕੰਮ ਕਰਦੇ ਰਹਿਣਗੇ।
ਕੋਰੋਨਾ ਦੇ ਕੁੱਲ ਕੇਸ
ਮਹਾਰਾਸ਼ਟਰ 39
ਮਹਾਰਾਸ਼ਟਰ 23
ਉੱਤਰ ਪ੍ਰਦੇਸ਼ 11
ਦਿੱਲੀ 7
ਕਰਨਾਟਕ 7
ਲੱਦਾਖ 4
ਤੇਲੰਗਾਨਾ 3
ਜੰਮੂ ਕਸ਼ਮੀਰ 3
ਰਾਜਸਥਾਨ 2
ਤਾਮਿਲਨਾਡੂ 1
ਆਂਧਰ ਪ੍ਰਦੇਸ਼ 1
ਪੰਜਾਬ 1
ਉੱਤਰਾਖੰਡ 1
ਓਡੀਸ਼ਾ 1