ਸੀਤ ਲਹਿਰ ਕਾਰਨ ਪੰਜਾਬ ਤੇ ਹਰਿਆਣਾ ’ਚ ਠੰਢ ਵਧੀ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਵਿੱਚ ਅੱਜ ਵੀ ਸੀਤ ਲਹਿਰ ਕਾਰਨ ਠੰਢ ਦਾ ਪ੍ਰਕੋਪ ਜਾਰੀ ਰਿਹਾ। ਮੌਸਮ ਵਿਭਾਗ ਅਨੁਸਾਰ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ ਅੱਜ 9.5 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਸੀ। ਘੱਟੋ ਘੱਟ ਚਾਰ ਡਿਗਰੀ ਸੈਲਸੀਅਸ ਤਾਪਮਾਨ ਨਾਲ ਨਾਰਨੌਲ ਹਰਿਆਣਾ ’ਚ ਸਭ ਤੋਂ ਠੰਢਾ ਰਿਹਾ। ਪੰਜਾਬ ਵਿੱਚ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਦਾ ਘੱਟੋ-ਘੱਟ ਤਾਪਮਾਨ ਕ੍ਰਮਵਾਰ 7.2 ਡਿਗਰੀ ਸੈਲਸੀਅਸ, 7.9 ਤੇ ਅੱਠ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਅੰਬਾਲਾ, ਹਿਸਾਰ ਤੇ ਕਰਨਾਲ ਦਾ ਘੱਟੋ-ਘੱਟ ਤਾਪਮਾਨ ਕ੍ਰਮਵਾਰ 7.5, 5.2 ਅਤੇ 6.8 ਡਿਗਰੀ ਮਾਪਿਆ ਗਿਆ। ਇਸੇ ਤਰ੍ਹਾਂ ਅੱਜ ਚੰਡੀਗੜ੍ਹ, ਅੰਬਾਲਾ, ਹਿਸਾਰ, ਸਿਰਸਾ ਤੇ ਪਟਿਆਲਾ ’ਚ ਧੁੰਦ ਵੀ ਪਈ। -ਪੀਟੀਆਈ
ਠੰਢ ਨਾਲ ਇੱਕ ਵਿਅਕਤੀ ਦੀ ਮੌਤ
ਜਲੰਧਰ (ਨਿੱਜੀ ਪੱਤਰ ਪ੍ਰੇਰਕ):ਕੜਾਕੇ ਦੀ ਠੰਢ ਕਾਰਨ ਇੱਥੇ ਅੱਜ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰ ਨਾਥ ਯਾਦਵ ਮੂਲ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਜਮਸ਼ੇਰ ’ਚ ਡੇਅਰੀ ਕੰਪਲੈਕਸ ਵਿੱਚ ਕੰਮ ਕਰਦਾ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਜਮਸ਼ੇਰ ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਅਮਰ ਨਾਥ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ 12 ਸਾਲ ਪਹਿਲਾਂ ਉੱਤਰ ਪ੍ਰਦੇਸ਼ ਤੋਂ ਪੰਜਾਬ ਆਇਆ ਸੀ ਤੇ ਕੁਝ ਸਾਲਾਂ ਤੋਂ ਜਮਸ਼ੇਰ ਡੇਅਰੀ ਕੰਪਲੈਕਸ ਵਿੱਚ ਕੰਮ ਕਰਦਾ ਸੀ। ਉਹ ਸ਼ਰਾਬ ਪੀਣ ਦਾ ਆਦੀ ਸੀ ਤੇ ਘਟਨਾ ਵਾਲੀ ਰਾਤ ਵੀ ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਬਾਹਰ ਹੀ ਠੰਢ ਵਿੱਚ ਸੌਂ ਗਿਆ। ਇਸੇ ਦੌਰਾਨ ਠੰਢ ਲੱਗਣ ਨਾਲ ਉਸ ਦੀ ਮੌਤ ਹੋ ਗਈ।