ਵਿਸ਼ਵ ਵਪਾਰ ਸੰਸਥਾ ਦੇ ਨੇਮਾਂ ਮੁਤਾਬਕ ਦੇ ਰਹੇ ਹਾਂ ਐੱਮਐੱਸਪੀ: ਗੋਇਲ

ਨਵੀਂ ਦਿੱਲੀ : ਵਣਜ ਅਤੇ ਸਨਅਤਾਂ ਬਾਰੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਮੁਲਕ ’ਚ ਕਿਸਾਨਾਂ ਨੂੰ ਦਿੱਤੀ ਜਾ ਰਹੀ ਐੱਮਐੱਸਪੀ ਵਿਸ਼ਵ ਵਪਾਰ ਜਥੇਬੰਦੀ (ਡਬਲਿਯੂਟੀਓ) ਦੇ ਨੇਮਾਂ ਮੁਤਾਬਕ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੀਸ ਧਾਰਾ ਤਹਿਤ ਮੰਡੀਆਂ ’ਚੋਂ ਲੋਕਾਂ ਲਈ ਐੱਮਐੱਸਪੀ ’ਤੇ ਫ਼ਸਲਾਂ ਖ਼ਰੀਦੀਆਂ ਜਾਂਦੀਆਂ ਹਨ ਅਤੇ ਇਹ ਪੂਰੀ ਤਰ੍ਹਾਂ ਨਾਲ ਡਬਲਿਯੂਟੀਓ ਦੇ ਨੇਮਾਂ ’ਤੇ ਆਧਾਰਿਤ ਹੈ। ਕੁਝ ਮੈਂਬਰਾਂ ਨੇ ਸੰਸਦ ’ਚ ਸਵਾਲ ਉਠਾਇਆ ਸੀ ਕਿ ਡਬਿਲਯੂਟੀਓ ’ਚ ਸ਼ਾਮਲ ਕੁਝ ਮੁਲਕਾਂ ਨੇ ਦੋਸ਼ ਲਾਇਆ ਹੈ ਕਿ ਭਾਰਤ ਵੱਲੋਂ ਦਿੱਤੀ ਜਾ ਰਹੀ ਐੱਮਐੱਸਪੀ ਨਾਲ ਮੰਡੀਆਂ ਦਾ ਸਰੂਪ ਵਿਗੜ ਰਿਹਾ ਹੈ ਪਰ ਸਰਕਾਰ ਆਖ ਰਹੀ ਹੈ ਕਿ ਐੱਮਐੱਸਪੀ ਅੱਗੇ ਵੀ ਜਾਰੀ ਰਹੇਗੀ। ਆਲਮੀ ਵਪਾਰ ਨੇਮਾਂ ਤਹਿਤ ਡਬਲਿਯੂਟੀਓ ਦੇ ਮੈਂਬਰ ਮੁਲਕ ਦਾ ਖੁਰਾਕ ਸਬਸਿਡੀ ਬਿੱਲ ਉਤਪਾਦਨ ਦੇ ਮੁੱਲ ਦੀ 10 ਫ਼ੀਸਦ ਹੱਦ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਇਸ ਮਾਮਲੇ ’ਤੇ ਵਣਜ ਸਕੱਤਰ ਅਨੂਪ ਵਧਾਵਨ ਨੇ ਕਿਹਾ ਕਿ ਭਾਰਤ ਦੀਆਂ ਸਬਸਿਡੀਆਂ ਡਬਲਿਯੂਟੀਓ ਦੀਆਂ ਹੱਦਾਂ ਮੁਤਾਬਕ ਹਨ ਅਤੇ ਵਿਕਸਤ ਮੁਲਕਾਂ ਦੇ ਮੁਕਾਬਲੇ ਵਿਕਾਸਸ਼ੀਲ ਮੁਲਕਾਂ ਦੀਆਂ ਸਬਸਿਡੀਆਂ ਨਪੀਆਂ-ਤੁਲੀਆਂ ਹਨ। ਉਨ੍ਹਾਂ ਕਿਹਾ ਕਿ ਸਬਸਿਡੀਆਂ ਨਾਲ ਨੁਕਸਾਨ ਜ਼ਰੂਰ ਹੁੰਦਾ ਹੈ ਪਰ ਵਿਕਾਸਸ਼ੀਲ ਮੁਲਕਾਂ ਦੇ ਮੁਕਾਬਲੇ ’ਚ ਪੱਛਮੀ ਮੁਲਕ ਵਧੇਰੇ ਸਬਸਿਡੀਆਂ ਦਿੰਦੇ ਹਨ।

Leave a Reply

Your email address will not be published. Required fields are marked *