ਨਗਰ ਕੌਂਸਲ ਚੋਣਾਂ: ਹਿੰਸਾ ਦੇ ਪਰਛਾਵੇਂ ’ਚ ਭਰਵਾਂ ਮਤਦਾਨ

 ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ’ਚ ਵੀ ਪੋਲਿੰਗ ਦੌਰਾਨ ਹੰਗਾਮਾ

* ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿਚ ਪੋਲਿੰਗ ਇੱਕ-ਦੁੱਕਾ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ੍ਹੀ  

ਚੰਡੀਗੜ੍ਹ : ਪੰਜਾਬ ਵਿੱਚ ਅੱਜ ਨਗਰ ਨਿਗਮ ਤੇ ਨਗਰ ਕੌਂਸਲਾਂ ਲਈ ਹੋੲੇ ਭਰਵੇਂ ਮੱਤਦਾਨ ਦੌਰਾਨ ਹਿੰਸਾ ਦਾ ਪ੍ਰਛਾਵਾਂ ਰਿਹਾ। ਪੰਜਾਬ ਦੀਆਂ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਅਤੇ ਅੱਠ ਨਗਰ ਨਿਗਮਾਂ ’ਚ ਲਈ 71.39 ਫੀਸਦ ਮਤਦਾਨ ਹੋਇਆ। ਪੰਜਾਬ ਦੇ 2302 ਸ਼ਹਿਰੀ ਵਾਰਡਾਂ ਲਈ ਚੋਣ ਲੜ ਰਹੇ ਕੁੱਲ 9222 ਉਮੀਦਵਾਰਾਂ ਦੀ ਕਿਸਮਤ ਅੱਜ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਈ ਹੈ। ਚੋਣ ਨਤੀਜੇ ਹੁਣ 17 ਫਰਵਰੀ ਨੂੰ ਐਲਾਨੇ ਜਾਣਗੇ। ਅਗਲੇ ਸਾਲ ਹੋਣ ਵਾਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਹੋਈ ਇਸ ਚੋਣ ਲਈ ਸਾਰੀਆਂ ਸਿਆਸੀ ਧਿਰਾਂ ਨੇ ਅੱਜ ਅੱਡੀ ਚੋਟੀ ਦਾ ਜ਼ੋਰ ਲਾਇਆ। 

ਕਾਲੇ ਖੇਤੀ ਕਾਨੂੰਨਾਂ ਖਿਲਾਫ ਰੋਹ ਦੀ ਲਹਿਰ ਅੱਜ ਚੋਣਾਂ ਦੌਰਾਨ ਵੀ ਵੇਖਣ ਨੂੰ ਮਿਲੀ ਜਦੋਂ ਕਿ ਵੋਟਰ ਕਰੋਨਾ ਤੋਂ ਭੈਅ ਮੁਕਤ ਦਿਖੇ। ਅੱਜ ਧੁੰਦ ਪੈਣ ਕਰਕੇ ਪੋਲਿੰਗ ਦਾ ਕੰਮ ਸਵੇਰ ਵੇਲੇ ਮੱਠਾ ਰਿਹਾ, ਪਰ ਦੁਪਹਿਰ 12 ਵਜੇ ਤੱਕ 37 ਫੀਸਦੀ ਅਤੇ ਦੋ ਵਜੇ ਤੱਕ 55.91 ਫੀਸਦੀ ਪੋਲਿੰਗ ਹੋਈ। ਇਸੇ ਦੌਰਾਨ ਪੰਜਾਬ ’ਚ ਕੌਂਸਲ ਚੋਣਾਂ ਦੌਰਾਨ ਵੱਖ ਵੱਖ ਥਾਈਂ ਹੋਈ ਹਿੰਸਾ ’ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ 14 ਦੇ ਕਰੀਬ ਆਗੂ ਅਤੇ ਵਰਕਰ ਜ਼ਖ਼ਮੀ ਹੋ ਗਏ। ਪੱਟੀ ਤੇ ਸੁਲਤਾਨਪੁਰ ਲੋਧੀ ’ਚ ਗੋਲੀ ਚੱਲਣ ਦੀ ਖ਼ਬਰ ਹੈ। ਬਹੁਤੇ ਜ਼ਿਲ੍ਹਿਆਂ ਵਿਚ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜ੍ਹਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੱਟੀ ’ਚ ਖੂਨੀ ਝੜਪ ਹੋਈ ਹੈ ਅਤੇ ਗੋਲੀ ਨਾਲ ‘ਆਪ’ ਆਗੂ ਮਨਬੀਰ ਸਿੰਘ ਜ਼ਖ਼ਮੀ ਹੋ ਗਿਆ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ। ਮਗਰੋਂ ‘ਆਪ’ ਵਰਕਰਾਂ ਨੇ ਥਾਣੇ ਅੱਗੇ ਧਰਨਾ ਵੀ ਲਾਇਆ। ਇਸੇ ਤਰ੍ਹਾਂ ਰੋਪੜ ਵਿੱਚ ਅਕਾਲੀ ਤੇ ਕਾਂਗਰਸੀ ਵਰਕਰਾਂ ’ਚ ਪੱਥਰਬਾਜ਼ੀ ਹੋਈ ਅਤੇ ਕਿਰਪਾਨਾਂ ਚੱਲੀਆਂ ਜਿਸ ’ਚ ਨੌਂ ਜਣੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਇੱਕ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕੀਤਾ ਹੈ। ਕਾਂਗਰਸ ਵਰਕਰ ਪ੍ਰਵੀਨ ਦਾ ਇਲਜ਼ਾਮ ਹੈ ਕਿ ਅਕਾਲੀ ਪੈਸੇ ਵੰਡ ਰਹੇ ਸਨ ਤੇ ਜਦੋਂ ਉਨ੍ਹਾਂ ਰੋਕਣਾ ਚਾਹਿਆ ਤਾਂ ਅਕਾਲੀਆਂ ਨੇ ਹਮਲਾ ਕਰ ਦਿੱਤਾ। ਦੂਸਰੀ ਤਰਫ ਅਕਾਲੀ ਦਲ ਦਾ ਕਹਿਣਾ ਹੈ ਕਿ ਯੂਥ ਕਾਂਗਰਸ ਦੇ ਆਗੂਆਂ ਨੇ ਮਿਥ ਕੇ ਅਕਾਲੀ ਵਰਕਰਾਂ ’ਤੇ ਹਮਲਾ ਕੀਤਾ ਹੈ। ਨਗਰ ਕੌਂਸਲ ਭਿੱਖੀਵਿੰਡ ਦੇ ਵਾਰਡ ਨੰਬਰ 4 ’ਚ ਝੜਪ ਹੋਈ ਹੈ, ਜਿਸ ਵਿੱਚ ਅਕਾਲੀ ਉਮੀਦਵਾਰ ਰਿੰਕੂ ਧਵਨ ਦੀ ਨੂੰਹ ਸਪਨਾ ਦੇ ਸੱਟ ਲੱਗੀ ਹੈ। ਇੱਥੇ ‘ਆਪ’ ਵਰਕਰ ਤੇ ਵਿਰੋਧੀ ਆਗੂ ਦੀਆਂ ਪੱਗਾਂ ਲੱਥਣ ਦਾ ਵੀ ਸਮਾਚਾਰ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹਾ ਪਟਿਆਲਾ ਵਿਚ ਪੋਲਿੰਗ ਦੌਰਾਨ ਕਾਫੀ ਹੰਗਾਮੇ ਹੋਏ ਹਨ। ਸਮਾਣਾ ਵਿਚ ਅਕਾਲੀ ਵਰਕਰ ਦੀ ਕੁੱਟਮਾਰ ਦੇ ਰੋਸ ’ਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪਾਤੜਾਂ ਰੋਡ ’ਤੇ ਧਰਨਾ ਲਾਇਆ। ਰਾਜਪੁਰਾ ਵਿਚ ਤਿੰਨ ਵਿਰੋਧੀ ਉਮੀਦਵਾਰਾਂ ਨੇ ਬੂਥਾਂ ’ਤੇ ਕਬਜ਼ੇ ਹੋਣ ਦਾ ਇਲਜ਼ਾਮ ਲਾਉਣ ਮਗਰੋਂ ਚੋਣਾਂ ਦਾ ਬਾਈਕਾਟ ਕਰ ਦਿੱਤਾ। ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਵਾਰਡ ਨੰਬਰ ਦੋ ਦੇ ਉਮੀਦਵਾਰ ਕਪਤਾਨ ਸਿੰਘ ਦੀ ਵਿਰੋਧੀ ਧਿਰ ਵੱਲੋਂ ਪੱਗ ਉਤਾਰੇ ਜਾਣ ਅਤੇ ਉਸ ਦੇ ਲੜਕੇ ਦੀ ਕੁੱਟਮਾਰ ਦੇ ਦੋਸ਼ ਲਾਏ। ‘ਆਪ’ ਨੇ ਹਾਕਮ ਧਿਰ ਦੀ ਧੱਕੇਸ਼ਾਹੀ ਖਿਲਾਫ ਗਗਨ ਚੌਕ ਵਿਚ ਧਰਨਾ ਦਿੱਤਾ। 

ਸੁਲਤਾਨਪੁਰ ਲੋਧੀ ਵਿਚ ਵਾਰਡ ਨੰਬਰ ਇੱਕ ’ਚ ਪੱਥਰਬਾਜ਼ੀ ਦੇ ਦੋਸ਼ ਲਗਾਉਂਦੇ ਹੋਏ ਸਾਬਕਾ ਮੰਤਰੀ ਉਪਿੰਦਰਜੀਤ ਕੌਰ ਨੇ ਤਲਵੰਡੀ ਚੌਕ ਵਿਚ ਧਰਨਾ ਲਾਇਆ। ਮਹਿਲਾ ਆਗੂ ਨੇ ਇੱਕ ਕਾਂਗਰਸੀ ਵੱਲੋਂ ਗੋਲੀ ਚਲਾਏ ਜਾਣ ਦੀ ਗੱਲ ਵੀ ਆਖੀ ਹੈ। ਇਸੇ ਤਰ੍ਹਾਂ ਧੂਰੀ ਵਿਚ ਅਣਪਛਾਤਿਆਂ ਵੱਲੋਂ ਵਾਰਡ ਨੰਬਰ ਇੱਕ ਦੇ ਪੋਲਿੰਗ ਸਟੇਸ਼ਨ ਦੇ ਬਾਹਰ ‘ਆਪ’ ਆਗੂਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੈ, ਜਿਸ ’ਚ ਗੌਰਵ ਬਾਂਸਲ ਦੇ ਸਿਰ ’ਤੇ ਸੱਟ ਲੱਗੀ ਹੈ ਅਤੇ ਇੱਕ ਹੋਰ ਆਗੂ ਨੂੰ ਸੱਟ ਲੱਗੀ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿਚ ਪੋਲਿੰਗ ਇੱਕ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਰਹੀ। ਬਠਿੰਡਾ ਨਗਰ ਨਿਗਮ ਦੀ ਚੋਣ ਵਿੱਤ ਮੰਤਰੀ ਮਨਪ੍ਰੀਤ ਬਾਦਲ ਲਈ ਵਕਾਰੀ ਹੈ, ਜਿੱਥੇ ਪਹਿਲਾਂ ਗੱਠਜੋੜ ਕਾਬਜ਼ ਰਿਹਾ ਹੈ। ਅੱਜ ਵਾਰਡ ਨੰਬਰ ਅੱਠ ਦੇ ਅਕਾਲੀ ਉਮੀਦਵਾਰ ਹਰਪਾਲ ਸਿੰਘ ਨੇ ਦੋਸ਼ ਲਾਏ ਕਿ ਵਿਰੋਧੀ ਆਗੂ ਦੇ ਸਮਰਥਕਾਂ ਨੇ ਉਸ ਦੇ ਸੱਟਾਂ ਮਾਰੀਆਂ ਹਨ ਅਤੇ ਵਾਰਡ ਨੰਬਰ 43 ਵਿਚ ਭਾਜਪਾ ਆਗੂ ਨੇ ਜਾਅਲੀ ਵੋਟਾਂ ਬਣਾਏ ਜਾਣ ਦੇ ਦੋਸ਼ ਲਾਏ ਹਨ।

ਮੁਕਤਸਰ ਜ਼ਿਲ੍ਹੇ ਵਿਚ ਲੰਘੀ ਰਾਤ ਘਟਨਾਵਾਂ ’ਚ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਹਮਲੇ ਕੀਤੇ ਜਾਣ ਦੇ ਸਮਾਚਾਰ ਹਨ। ਕਾਂਗਰਸੀ ਆਗੂ ਮਨਦੀਪ ਨੇ ਕਿਹਾ ਕਿ ਅਕਾਲੀ ਰਾਤ ਪੈਸੇ ਵੰਡਣ ਆਏ ਸਨ। ਉਸ ਨੇ ਜਦੋਂ ਰੋਕੇ ਤਾਂ ਉਸ ’ਤੇ ਹਮਲਾ ਕਰ ਦਿੱਤਾ। ਪੁਲੀਸ ਨੇ ਕੌਂਸਲ ਦੇ ਸਾਬਕਾ ਅਕਾਲੀ ਪ੍ਰਧਾਨ ਹਰਪਾਲ ਸਿੰਘ ਬੇਦੀ ਤੇ ਹੋਰਨਾਂ ’ਤੇ ਧਾਰਾ 307 ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸੇ ਤਰ੍ਹਾਂ ਕਾਂਗਰਸੀ ਉਮੀਦਵਾਰ ਦੀ ਸ਼ਿਕਾਇਤ ’ਤੇ ਅਕਾਲੀ ਉਮੀਦਵਾਰ ਟੇਕ ਚੰਦ ਅਤੇ ਉਸ ਦੇ ਲੜਕੇ ’ਤੇ ਪਰਚਾ ਦਰਜ ਕੀਤਾ ਗਿਆ ਹੈ। ਭਿੱਖੀਵਿੰਡ ’ਚ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੇ ਲੜਕੇ ਗੌਰਵਦੀਪ ਸਿੰਘ ਅਤੇ ਪੰਜ ਹੋਰਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਸਿਰਫ ਖੰਨਾ ’ਚ ਲੰਘੀ ਰਾਤ ਘਟਨਾ ਵਾਪਰੀ, ਜਿਸ ਮਗਰੋਂ ਪੁਲੀਸ ਨੇ ਅਕਾਲੀ ਉਮੀਦਵਾਰ ਜਸਵਿੰਦਰ ਕੌਰ ਦੇ ਘਰ ’ਤੇ ਛਾਪਾ ਮਾਰਿਆ। ਇਸ ਉਮੀਦਵਾਰ ਦੇ ਪਤੀ ਸਮੇਤ 13 ਜਣਿਆਂ ’ਤੇ ਕੇਸ ਦਰਜ ਕੀਤਾ ਗਿਆ ਹੈ। 

ਸੰਗਰੂਰ ਦੇ ਭਵਾਨੀਗੜ੍ਹ ਵਿਚ ਅਪਸ਼ਬਦ ਬੋਲੇ ਜਾਣ ਕਰਕੇ ਇੱਕ ਵੋਟਰ ਵੱਲੋਂ ਕਾਂਗਰਸੀ ਆਗੂ ਦੇ ਥੱਪੜ ਮਾਰੇ ਜਾਣ ਦਾ ਸਮਾਚਾਰ ਹੈ। ਇੱਥੇ ਪੋਲਿੰਗ ’ਚ ਧੱਕੇਸ਼ਾਹੀ ਖਿਲਾਫ ਅਕਾਲੀ ਦਲ ਨੇ ਭਵਾਨੀਗੜ੍ਹ ’ਚ ਧਰਨਾ ਵੀ ਲਾਇਆ।

ਗੁਰੂ ਹਰਸਹਾਏ ਵਿਚ ‘ਆਪ’ ਵਰਕਰ ’ਤੇ ਹਮਲਾ ਹੋਇਆ ਹੈ ਜਿਸ ਮਗਰੋਂ ‘ਆਪ’ ਆਗੂ ਮਲਕੀਤ ਥਿੰਦ ਦੀ ਅਗਵਾਈ ਵਿਚ ਵਰਕਰਾਂ ਨੇ ਐੱਸਡੀਐੱਮ ਦਫਤਰ ਅੱਗੇ ਧਰਨਾ ਦਿੱਤਾ। ਅਰਨੀਵਾਲਾ ਵਿਚ ਬੂਥਾਂ ’ਤੇ ਕਬਜ਼ੇ ਦੇ ਇਲਜ਼ਾਮ ਲਾ ਕੇ ‘ਆਪ’ ਨੇ ਮਲੋਟ ਰੋਡ ’ਤੇ ਧਰਨਾ ਲਾਇਆ। ਕਾਦੀਆਂ ਦੇ ਤਿੰਨ ਵਾਰਡਾਂ ਵਿਚ ਜਾਅਲੀ ਵੋਟਾਂ ਪੈਣ ਦੇ ਰੌਲੇ ਮਗਰੋਂ ਪੋਲਿੰਗ ਕੁਝ ਸਮਾਂ ਰੁਕੀ ਰਹੀ। ਫਿਰੋਜ਼ਪੁਰ ਵਿਚ ਮਾਹੌਲ ਤਾਂ ਦਹਿਸ਼ਤ ਭਰਿਆ ਰਿਹਾ, ਪ੍ਰੰਤੂ ਕੋਈ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਮੋਗਾ ਜ਼ਿਲ੍ਹੇ ਵਿਚ ਕੋਈ ਵੱਡਾ ਮਾਮਲਾ ਸਾਹਮਣੇ ਨਹੀਂ ਆਇਆ ਜਦੋਂਕਿ ਸੰਗਰੂਰ ਦੇ ਸੁਨਾਮ ਵਿਚ ਮਾਮੂਲੀ ਤਕਰਾਰ ਹੋਈ ਹੈ। ਲੁਧਿਆਣਾ ਤੇ ਫਤਹਿਗੜ੍ਹ ਸਾਹਿਬ ਵਿਚ ਅਮਨ ਅਮਾਨ ਰਿਹਾ।

Leave a Reply

Your email address will not be published. Required fields are marked *