ਟੂਲਕਿੱਟ ਮਾਮਲਾ: ਦਿਸ਼ਾ ਦੇ ਦੋ ਸਾਥੀਆਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ

ਨਵੀਂ ਦਿੱਲੀ : ਦਿੱਲੀ ਪੁਲੀਸ ਨੇ ‘ਟੂਲਕਿੱਟ’ ਦਸਤਾਵੇਜ਼ ਮਾਮਲੇ ’ਚ ਦੋ ਸ਼ੱਕੀ ਵਿਅਕਤੀਆਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲੀਸ ਅਧਿਕਾਰੀਆਂ ਮੁਤਾਬਕ ਨਿਕਿਤਾ ਜੈਕਬ ਤੇ ਸ਼ਾਂਤਨੂੰ ਖ਼ਿਲਾਫ਼ ਇਹ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਪਿਛਲੇ ਦਿਨੀਂ 21 ਸਾਲਾ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਦਿੱਲੀ ਪੁਲੀਸ ਨੇ ਬੰਗਲੂਰੂ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਹੁਣ ਉਹ ਪੁਲੀਸ ਰਿਮਾਂਡ ’ਤੇ ਹੈ।

ਪੁਲੀਸ ਨੇ ਦਾਅਵਾ ਕੀਤਾ ਗਿਆ ਹੈ ਕਿ ਦਿਸ਼ਾ ਰਵੀ, ਵਕੀਲ ਨਿਕਿਤਾ ਜੈਕਬ ਤੇ ਸ਼ਾਂਤਨੂੰ ‘ਟੂਲਕਿੱਟ’ ਦੇ ਸਿਰਜਕ ਸਨ ਤੇ ਇਹ ਵੀ ਦਾਅਵਾ ਕੀਤਾ ਕਿ ਇਹ ਦੇਸ਼ ਖ਼ਿਲਾਫ਼ ਵੱਡੀ ਸਾਜ਼ਿਸ਼ ਦਾ ਹਿੱਸਾ ਸਨ। ਪੁਲੀਸ ਨੇ ਦੱਸਿਆ ਗਿਆ ਕਿ ਦਿਸ਼ਾ ਰਵੀ ਨੇ ਨਿਕਿਤਾ ਜੈਕਬ ਤੇ ਸ਼ਾਂਤਨੂੰ ਨਾਲ ਮਿਲ ਕੇ ‘ਟੂਲਕਿੱਟ’ ਬਣਾਈ ਤੇ ਦੂਜਿਆਂ ਨੂੰ ਭੇਜੀ ਅਤੇ ਨਿਕਿਤਾ ਜੈਕਬ ਟੂਲਕਿੱਟ ਦਸਤਾਵੇਜ਼ ਦੀ ਇਕ ਸੰਪਾਦਕ ਸੀ। ਪੁਲੀਸ ਨੇ ਦਾਅਵਾ ਕੀਤਾ ਕਿ ਜੈਕਬ ਤੇ ਸ਼ਾਂਤਨੂੰ ਖਾਲਿਸਤਾਨੀ ਪੱਖੀ ਗਰੁੱਪ ਪੋਇਟਿਕ ਜਸਟਿਸ ਫਾਊਂਡੇਸ਼ਨ ਵੱਲੋਂ 11 ਜੂਨ ਨੂੰ ਕਰਵਾਈ ਗਈ ਜ਼ੂਮ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਪੁਲੀਸ ਮੁਤਾਬਕ ਦਿਸ਼ਾ ਨੇ ਇਕ ਵੱਟਸਐੱਪ ਗਰੁੱਪ ਵੀ ਹਟਾ ਦਿੱਤਾ ਸੀ ਜਿਸ ਨੂੰ ਉਸ ਨੇ ਟੂਲਕਿੱਟ ਭੇਜਣ ਲਈ ਬਣਾਇਆ ਸੀ। ਪੁਲੀਸ ਨੇ ਦਿਸ਼ਾ ਦੀ ਗ੍ਰਿਫ਼ਤਾਰੀ ਲਈ ਲੋੜੀਂਦੀ ਪ੍ਰਕਿਰਿਆ ਨਾ ਅਪਣਾਉਣ ਸਬੰਧੀ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਦਾਅਵਾ ਕੀਤਾ ਹੈ ਉਸ ਨੂੰ ਨੇਮਾਂ ਦੀ ਪਾਲਣਾ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਦਿਸ਼ਾ ਨੂੰ ਉਸ ਦੀ ਮਾਂ, ਬੰਗਲੂਰੂ ’ਚ ਸਥਾਨਕ ਥਾਣੇ ਦੇ ਐੱਸਐੱਚਓ ਦੀ ਮੌਜੂਦਗੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। 

Leave a Reply

Your email address will not be published. Required fields are marked *