ਪੂਰਬੀ ਲੱਦਾਖ ਤੋਂ ਸੈਨਾਵਾਂ ਵਾਪਸ ਸੱਦਣ ਦੀ ਕਾਰਵਾਈ ‘ਮੁਕੰਮਲ’: ਰਾਜਨਾਥ

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿਚ ਭਾਰਤ ਤੇ ਚੀਨ ਨੇ ਆਪਣੀਆਂ ਸੈਨਾਵਾਂ ਨੂੰ ਵਾਪਸ ਸੱਦਣ ਦੀ ਕਾਰਵਾਈ ‘ਮੁਕੰਮਲ’ ਕਰ ਲਈ ਹੈ। ਰੱਖਿਆ ਮੰਤਰੀ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਵਿਰੋਧੀ ਧਿਰ ਭਾਰਤੀ ਸੈਨਿਕਾਂ ਦੀ ਬਹਾਦਰੀ ਉਤੇ ‘ਸ਼ੱਕ’ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਕ ਆਪਣੀਆਂ ਸਰਹੱਦਾਂ ਉਤੇ ਕਿਸੇ ‘ਇਕਪਾਸੜ ਕਾਰਵਾਈ’ ਦੀ ਇਜਾਜ਼ਤ ਬਿਲਕੁਲ ਨਹੀਂ ਦੇਵੇਗਾ। ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਦੇਸ਼ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹੈ। ਦੱਸਣਯੋਗ ਹੈ ਕਿ ਪੂਰਬੀ ਲੱਦਾਖ ਵਿਚੋਂ ਫ਼ੌਜਾਂ ਨੂੰ ਸੱਦਣ ਬਾਰੇ ਭਾਰਤ ਤੇ ਚੀਨ ਵਿਚਾਲੇ ਦਸਵੇਂ ਗੇੜ ਦੀ ਗੱਲਬਾਤ ਕਰੀਬ 16 ਘੰਟੇ ਚੱਲੀ। ਗੱਲਬਾਤ ਦੌਰਾਨ ਹੋਰਨਾਂ ਖੇਤਰਾਂ ਵਿਚੋਂ ਵੀ ਫ਼ੌਜਾਂ ਨੂੰ ਪਿੱਛੇ ਹਟਾਉਣ ਬਾਰੇ ਸਹਿਮਤੀ ਬਣਾਉਣ ਦਾ ਯਤਨ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਕੁਝ ਖੇਤਰਾਂ ’ਚੋਂ ਫ਼ੌਜ ਪਿੱਛੇ ਹਟੀ ਹੈ ਤੇ ਹੁਣ ਹੋਰਨਾਂ ਖੇਤਰਾਂ ਵਿਚ ਵੀ ਦੋਵਾਂ ਮੁਲਕਾਂ ਦੀਆਂ ਫ਼ੌਜਾਂ ਨੂੰ ਇਕ-ਦੂਜੇ ਤੋਂ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕੋਰ ਕਮਾਂਡਰ ਪੱਧਰ ਦੀ ਗੱਲਬਾਤ ਐਲਏਸੀ ’ਤੇ ਚੀਨ ਵਾਲੇ ਪਾਸੇ ਮੋਲਡੋ ਵਿਚ ਹੋਈ। ਇਹ ਸ਼ਨਿਚਰਵਾਰ ਸਵੇਰੇ 10 ਵਜੇ ਸ਼ੁਰੂ ਹੋਈ ਸੀ ਤੇ ਐਤਵਾਰ ਰਾਤ ਕਰੀਬ 2 ਵਜੇ ਖਤਮ ਹੋਈ। ਸੂਤਰਾਂ ਮੁਤਾਬਕ ਮੀਟਿੰਗ ਵਿਚ ਹੌਟ ਸਪਰਿੰਗਜ਼, ਗੋਗਰਾ ਤੇ ਦੇਪਸਾਂਗ ਇਲਾਕਿਆਂ ਵਿਚੋਂ ਫ਼ੌਜਾਂ ਨੂੰ ਵਾਪਸ ਸੱਦਣ ਦੇ ਮੁੱਦੇ ’ਤੇ ਗੱਲਬਾਤ ਕੀਤੀ ਗਈ। ਦੋ ਦਿਨ ਪਹਿਲਾਂ ਹੀ ਪੈਂਗੌਂਗ ਝੀਲ ਦੇ ਉੱਤਰੀ ਤੇ ਦੱਖਣੀ ਕੰਢਿਆਂ ਤੋਂ ਫ਼ੌਜਾਂ ਪਿੱਛੇ ਹਟਾਉਣ ਦੀ ਕਾਰਵਾਈ ਮੁਕੰਮਲ ਕੀਤੀ ਗਈ ਹੈ। ਬੈਠਕ ਵਿਚ ਭਾਰਤ ਨੇ ਬਾਕੀ ਰਹਿੰਦੇ ਖੇਤਰਾਂ ’ਚੋਂ ਫ਼ੌਜਾਂ ਜਲਦੀ ਕੱਢਣ ਉਤੇ ਜ਼ੋਰ ਦਿੱਤਾ। ਸ਼ਨਿਚਰਵਾਰ ਸ਼ਾਮ ਸੂਤਰਾਂ ਨੇ ਕਿਹਾ ਸੀ ਕਿ ਗੱਲਬਾਤ ਦੌਰਾਨ ਤਰਜੀਹ ਇਲਾਕੇ ’ਚ ਤਣਾਅ ਘਟਾਉਣ ਨੂੰ ਦਿੱਤੀ ਗਈ।ਦੱਸਣਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਪਿਛਲੇ ਸਾਲ ਜੂਨ ਤੋਂ ਟਕਰਾਅ ਬਣਿਆ ਹੋਇਆ ਹੈ। ਗਲਵਾਨ ਘਾਟੀ ਵਿਚ ਦੋਵਾਂ ਧਿਰਾਂ ਵਿਚਾਲੇ ਹਿੰਸਕ ਟਕਰਾਅ ਹੋਇਆ ਸੀ ਤੇ ਭਾਰਤ ਦੇ 20 ਸੈਨਿਕ ਸ਼ਹੀਦ ਹੋ ਗਏ ਸਨ। ਚੀਨ ਨੇ ਵੀ ਕਬੂਲ ਕੀਤਾ ਹੈ ਕਿ ਉਨ੍ਹਾਂ ਦੇ ਚਾਰ ਸੈਨਿਕ ਮਾਰੇ ਗਏ ਸਨ।  

Leave a Reply

Your email address will not be published. Required fields are marked *