ਸੁਰਾਂ ਦਾ ਸਿਕੰਦਰ ਸਪੁਰਦ-ਏ-ਖਾਕ

ਖੇੜੀ ਨੌਧ ਸਿੰਘ (ਫ਼ਤਹਿਗੜ੍ਹ ਸਾਹਿਬ) : ਨਾਮਵਰ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਜਨਾਬ ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਗ੍ਰਹਿ ਖੰਨਾ ਤੋਂ ਜੱਦੀ ਪਿੰਡ ਖੇੜੀ ਨੌਧ ਸਿੰਘ ਵਿੱਚ ਲਿਆਂਦੀ ਗਈ। ਇਸ ਮੌਕੇ ਉਨ੍ਹਾਂ ਦੇ ਘਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ। ਸਰਦੂਲ ਦੀ ਪਤਨੀ ਤੇ ਨਾਮਵਰ ਗਾਇਕਾ ਅਮਰ ਨੂਰੀ ਤੇ ਉਨ੍ਹਾਂ ਪੁੱਤਰਾਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਨਾਲ ਲੋਕਾਂ ਨੇ ਹਮਦਰਦੀ ਪ੍ਰਗਟਾਈ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਗਾਇਕ ਹੰਸ ਰਾਜ ਹੰਸ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਲਖਵੀਰ ਸਿੰਘ ਲੱਖਾ, ਬੱਬੂ ਮਾਨ, ਹਰਭਜਨ ਮਾਨ, ਦਲਜੀਤ ਦੋਸਾਂਝ, ਬਿੱਟੂ ਖੰਨੇ ਵਾਲਾ, ਮਾਸਟਰ ਸਲੀਮ, ਹਰਜੀਤ ਰਾਣੋ, ਹਨੀ ਸਿੰਘ, ਇੰਦਰਜੀਤ ਸਿੰਘ ਨਿੱਕੂ, ਕਲੇਰ ਕੰਠ, ਚਰਨਜੀਤ ਅਹੂਜਾ, ਗੁਰਪ੍ਰੀਤ ਘੁੱਗੀ, ਪੰਮੀ ਬਾਈ, ਜਸਵੀਰ ਜੱਸੀ, ਹੌਬੀ ਧਾਲੀਵਾਲ, ਲਹਿੰਬਰ ਹੁਸੈਨਪੁਰੀ, ਸਚਿਨ ਆਹੂਜਾ ਨੇ ਸਰਦੂਲ ਸਿਕੰਦਰ ਦੇ ਵਿਛੋੜੇ ਨੂੰ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸਰਦੂਲ ਸਿਕੰਦਰ ਨੂੰ ਅੰਤਿਮ ਵਿਦਾਇਗੀ ਦੇਣ ਲਈ ਧਾਰਮਿਕ, ਸਮਾਜਿਕ, ਰਾਜਨੀਤਕ, ਵਿੱਦਿਅਕ ਤੇ ਸਾਹਿਤਕ ਹਸਤੀਆਂ ਵੀ ਪੁੱਜੀਆਂ ਹੋਈਆਂ ਸਨ।
ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਸਰਦੂਲ ਸਿਕੰਦਰ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਅੱਜ ਕਰੀਬ ਦੁਪਹਿਰ 12 ਵਜੇ ਖੰਨਾ ਤੋਂ ਉਨ੍ਹਾਂ ਦੇ ਗ੍ਰਹਿ ਸਾਗਰ ਨਿਵਾਸ ਤੋਂ ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਇਕ ਵੱਡੇ ਕਾਫ਼ਲੇ ਨਾਲ ਪਿੰਡ ਖੇੜੀ ਨੌਧ ਸਿੰਘ ਲਈ ਰਵਾਨਾ ਹੋਈ। ਅੰਤਿਮ ਯਾਤਰਾ ਖੰਨਾ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਲੰਘੀ ਜਿੱਥੇ ਦੁਕਾਨਦਾਰਾਂ ਤੇ ਆਮ ਲੋਕਾਂ ਨੇ ਮ੍ਰਿਤਕ ਦੇਹ ’ਤੇ ਫੁੱਲਾਂ ਦੀ ਵਰਖਾ ਕੀਤੀ। ਖੰਨਾ ’ਚ ਗੁਰਦੁਆਰਾ ਕਲਗੀਧਰ ਸਾਹਿਬ ਨੇੜੇ ਸ਼ਸ਼ੀ ਸਾਹਨੇਵਾਲੀਆ ਦੀ ਅਗਵਾਈ ਹੇਠ ਸਟੇਜ ਲਾ ਕੇ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਫੁੱਲਾਂ ਦੇ ਹਾਰ ਭੇਟ ਕੀਤੇ ਗਏ। ਇਸ ਉਪਰੰਤ ਇਹ ਕਾਫ਼ਲਾ ਖੇੜੀ ਨੌਧ ਸਿੰਘ ਲਈ ਰਵਾਨਾ ਹੋਇਆ, ਜਿੱਥੇ ਸ਼ਾਮ ਸਮੇਂ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ। ਸਰਦੂਲ ਸਿਕੰਦਰ ਨੂੰ ਸ਼ਾਮੀਂ ਕਰੀਬ ਪੌਣੇ ਅੱਠ ਵਜੇ ਸਪੁਰਦ-ਏ-ਖਾਕ ਕੀਤਾ ਗਿਆ। ਪਿੰਡ ਖੇੜੀ ਨੌਧ ਸਿੰਘ ਦੇ ਦੁਕਾਨਦਾਰਾਂ ਨੇ ਅੱਜ ਰੋਸ ਵਜੋਂ ਦੁਕਾਨਾਂ ਬੰਦ ਰੱਖੀਆਂ। ਜਦੋਂ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਪਿੰਡ ਖੇੜੀ ਨੌਧ ਸਿੰਘ ਵਿੱਚਪੁੱਜੀ ਤਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਹਰਪ੍ਰੀਤ ਸਿੰਘ ਸ਼ਾਹੀ ਤੇ ਹੋਰਨਾਂ ਨੇ ਸ਼ਰਧਾਂਜਲੀ ਭਟ ਕੀਤੀ। ਉਨ੍ਹਾਂ ਦੇ ਹੱਥਾਂ ਵਿੱਚ ਕਿਸਾਨੀ ਝੰਡੇ ਫੜੇ ਹੋਏ ਸਨ ਤੇ ਉਹ ਸਰਦੂਲ ਦੇ ਹੱਕ ਵਿਚ ਨਾਅਰੇ ਲਾ ਰਹੇ ਸਨ। ਖੇੜੀ ਨੌਧ ਸਿੰਘ ਵਿੱਚ ਸਰਦੂਲ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਵੀ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੀ ਦੇਹ ’ਤੇ ਕਿਸਾਨੀ ਝੰਡਾ ਵੀ ਪਾਇਆ ਗਿਆ। ਬਾਅਦ ਵਿੱਚ ਦੇਹ ਨੂੰ ‘ਸੁਪਰਦ ਏ ਖਾਕ’ ਕੀਤਾ ਗਿਆ।
ਇਸ ਮੌਕੇ ਲੋਕਾਂ ਦਾ ਭਾਰੀ ਇਕੱਠ ਮੌਜੂਦ ਸੀ, ਦੂਰੋਂ ਦੂਰੋਂ ਉਨ੍ਹਾਂ ਦੇ ਪ੍ਰਸ਼ੰਸਕ ਖੇੜੀ ਨੌਧ ਸਿੰਘ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸ਼ਾਹੀ, ਕੁਲਦੀਪ ਟੋਨੀ, ਮੋਹਨ ਸਿੰਘ ਸੈਦਪੁਰਾ, ਮਹਿੰਦਰ ਸਿੰਘ ਰਾਏਪੁਰ, ਜਗਤਾਰ ਸਿੰਘ ਦਮਹੇੜੀ, ਸੋਨੂ ਮਾਜਰੀ, ਸੁੱਖਾ ਸਰਪੰਚ, ਲਾਲੀ ਜੱਲੋਵਾਲ, ਪੰਥਕ ਅਕਾਲੀ ਲਹਿਰ ਦੇ ਆਗੂ ਅਮਰੀਕ ਸਿੰਘ ਰੋਮੀ, ਡਾਇਰੈਕਟਰ ਰਣਜੀਤ ਸਿੰਘ ਘੋਲਾ, ਹਰਭਜਨ ਜੱਲੋਵਾਲ, ਗੁਰਮੀਤ ਮੁੱਲਾਂਪੁਰ, ਬਿੰਦਰ ਗੋਸਲਾਂ, ਜਸਵੀਰ ਮੰਡੋਫਲ਼ ਆਦਿ ਤੋਂ ਇਲਾਵਾ ਵੱਡੀ ਗਿਣਤੀ ਹਸਤੀਆਂ ਪੁੱਜੀਆਂ ਹੋਈਆਂ ਸਨ।
ਸਰਪੰਚ ਨੇ ਦਿੱਤੀ ਜ਼ਮੀਨ
ਸਰਦੂਲ ਸਿਕੰਦਰ ਦੀ ਦੇਹ ਨੂੰ ਸਪੁਰਦ-ਏ-ਖ਼ਾਕ ਕਰਨ ਲਈ ਪਿੰਡ ਖੇੜੀ ਨੌਧ ਸਿੰਘ ਦੇ ਸਰਪੰਚ ਰੁਪਿੰਦਰ ਸਿੰਘ ਰਮਲਾ ਨੇ ਆਪਣੀ ਜ਼ਮੀਨ ਦਿੱਤੀ। ਸਰਪੰਚ ਨੇ ਆਪਣੀ ਜ਼ਮੀਨ ਵਿਚੋਂ ਖੜ੍ਹੀ ਫ਼ਸਲ ਕੱਟਵਾ ਕੇ ਇਹ ਜ਼ਮੀਨ ਦਿੱਤੀ ਜੋ ਧਾਰਮਿਕ ਏਕਤਾ ਤੇ ਸਾਂਝੀਵਾਲਤਾ ਦੀ ਇਕ ਅਹਿਮ ਮਿਸਾਲ ਹੈ। ਸਰਪੰਚ ਰਮਲਾ ਨੇ ਕਿਹਾ ਕਿ ਸਰਦੂਲ ਇਸ ਪਿੰਡ ਦਾ ਜੰਮਪਲ ਸੀ ਤੇ ਉਸ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪਿੰਡ ਵਿੱਚ ਸਰਦੂਲ ਦੀ ਯਾਦਗਾਰ ਉਸਾਰੀ ਜਾਵੇਗੀ, ਜਿੱਥੇ ਹਰ ਸਾਲ ਉਨ੍ਹਾਂ ਦੀ ਯਾਦ ’ਚ ਸੰਗੀਤ ਸੰਮੇਲਨ ਕਰਵਾਇਆ ਜਾਵੇਗਾ।