ਬਜਟ ਸੈਸ਼ਨ: ਖੁਦਕੁਸ਼ੀਆਂ ਤੇ ਚੋੋਣਾਂ ’ਚ ਧਾਂਦਲੀ ਦੇ ਮੁੱਦੇ ਛਾਏ

ਚੰਡੀਗੜ੍ਹ : ਬਜਟ ਇਜਲਾਸ ’ਚ ਅੱਜ ਸਿਫ਼ਰ ਕਾਲ ਦੌਰਾਨ ਕਿਸਾਨ ਖੁਦਕੁਸ਼ੀਆਂ ਅਤੇ ਨਗਰ ਕੌਂਸਲ ਚੋਣਾਂ ਵਿੱਚ ਧਾਂਦਲੀ ਦੇ ਮਾਮਲੇ ਛਾਏ ਰਹੇ। ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਦਨ ’ਚ ਖੁਦਕੁਸ਼ੀ ਨੋਟ ਦਿਖਾਉਂਦਿਆਂ ਕਿਹਾ ਕਿ ਦਸੂਹਾ ਨੇੜਲੇ ਪਿੰਡ ਮੱਦੀਪੁਰ ਦੇ ਕਿਸਾਨ ਪਿਉ-ਪੁੱਤਰ ਜਗਤਾਰ ਸਿੰਘ ਅਤੇ ਕਿਰਪਾਲ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਇੱਕੋ ਦਿਨ ਖੁਦਕੁਸ਼ੀ ਕੀਤੀ ਹੈ। ਖੁਦਕੁਸ਼ੀ ਨੋਟ ਵਿਚ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਕਿਉਂਕਿ ਕਰਜ਼ਾ ਸਹਿਕਾਰੀ ਸਭਾ ਦਾ ਸੀ। ਮਜੀਠੀਆ ਨੇ ਮੰਗ ਕੀਤੀ ਕਿ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ’ਤੇ ਪੁਲੀਸ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 1500 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਸਿਫਰ ਕਾਲ ’ਚ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਲਹਿਰਾਗਾਗਾ ਕੌਂਸਲ ’ਚ ਧਾਂਦਲੀ ਹੋਣ ਦਾ ਮਾਮਲਾ ਉਭਾਰਿਆ। ਉਨ੍ਹਾਂ ਕਿਹਾ ਕਿ ਆਜ਼ਾਦ ਉਮੀਦਵਾਰਾਂ ਨੂੰ ਜੇਤੂ ਐਲਾਨਿਆ ਗਿਆ ਅਤੇ ਮਗਰੋਂ ਦੋ ਵਾਰਡਾਂ ਵਿਚ ਕਾਂਗਰਸੀ ਉਮੀਦਵਾਰ ਜੇਤੂ ਕਰਾਰ ਦੇ ਦਿੱਤੇ।
ਉਨ੍ਹਾਂ ਮੁੜ ਚੋਣ ਜਾਂ ਫਿਰ ਮੁੜ ਗਿਣਤੀ ਕਰਾਏ ਜਾਣ ਦੀ ਮੰਗ ਰੱਖੀ। ‘ਆਪ’ ਵਿਧਾਇਕ ਸੰਧਵਾਂ, ਹਰਪਾਲ ਚੀਮਾ ਅਤੇ ਮਜੀਠੀਆ ਨੇ ਇਸ ਮੌਕੇ ਉੱਠ ਕੇ ਚੋਣਾਂ ਵਿਚ ਹੋਈਆਂ ਧਾਂਦਲੀਆਂ ਖ਼ਿਲਾਫ਼ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਸਿਫ਼ਰ ਕਾਲ ’ਚ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਸਰਧਾਲੂਆਂ ਨੂੰ ਵਾਪਸ ਲਿਆਉਣ ਵਾਲੇ ਡਰਾਈਵਰ ਮਨਜੀਤ ਸਿੰਘ ਦੀ ਮੌਤ ਕੋਵਿਡ ਨਾਲ ਹੋਣ ਮਗਰੋਂ ਸਰਕਾਰ ਵਲੋਂ ਐਲਾਨੇ 50 ਲੱਖ ਦੇ ਮੁਆਵਜ਼ੇ ਦੇ ਨਾ ਮਿਲਣ ਦਾ ਮਾਮਲਾ ਉਠਾਇਆ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿਫ਼ਰ ਕਾਲ ’ਚ ਕਾਲੇ ਖੇਤੀ ਕਾਨੂੰਨ ਕਿਸਾਨ ਘੋਲ ਦੀ ਬਦੌਲਤ ਹੀ ਰੱਦ ਹੋਣਗੇ, ਜਿਸ ਕਰਕੇ ਕੇਂਦਰੀ ਸਾਜ਼ਿਸ਼ਾਂ ਖ਼ਿਲਾਫ਼ ਸਭ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਵਿਧਾਇਕ ਕੰਵਰ ਸੰਧੂ ਨੇ ਸਿਫਰ ਕਾਲ ਦੌਰਾਨ ਰਾਜਪਾਲ ਦੇ ਵਿਰੋਧ ਦੀ ਚਰਚਾ ਕਰਦਿਆਂ ਕਿਹਾ ਕਿ ਸਦਨ ਦੀ ਮਰਿਆਦਾ ਅਤੇ ਜ਼ਾਬਤੇ ਲਈ ਇੱਕ ਅਜਿਹਾ ਸਿਸਟਮ ਬਣਾਇਆ ਜਾਵੇ, ਜਿਸ ਨਾਲ ਸਦਨ ਦੇ ਅਕਸ ’ਚ ਸੁਧਾਰ ਹੋਵੇ। ਉਨ੍ਹਾਂ ਕਿਹਾ ਕਿ ਕਾਪੀਆਂ ਸਾੜਨ ਵਾਲੀ ਰਵਾਇਤ ਮਾੜੀ ਹੈ। ਉਨ੍ਹਾਂ ਸੁਆਲ ਕੀਤਾ ਕਿ ਕੀ ਅਸੀਂ ਹੰਗਾਮਾ ਕਰਨ ਆਉਂਦੇ ਹਾਂ? ਉਨ੍ਹਾਂ ਲੰਮੇ ਸੈਸ਼ਨ ਰੱਖੇ ਜਾਣ ਦੀ ਮੰਗ ਕੀਤੀ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁਹਾਲੀ ਦੀ ਅਰਧ ਸਰਕਾਰੀ ਕੰਪਨੀ ਦੀ ਸੰਪਤੀ 92 ਕਰੋੜ ’ਚ ਪ੍ਰਾਈਵੇਟ ਡੀਲਰਾਂ ਨੂੰ ਵੇਚਣ ਦੇ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਦੀ ਮੰਗ ਕੀਤੀ।