ਸੁਪਰੀਮ ਕੋਰਟ ’ਚ ਕੇਸਾਂ ਦੀ ਸਿੱਧੀ ਸੁਣਵਾਈ 15 ਤੋਂ

ਨਵੀਂ ਦਿੱਲੀ : ਪਿਛਲੇ ਸਾਲ ਮਾਰਚ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੇਸਾਂ ਦੀ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਵੱਲੋਂ ਹੁਣ 15 ਮਾਰਚ ਤੋਂ ਕੇਸਾਂ ਦੀ ਸੁਣਵਾਈ ਪ੍ਰਤੱਖ ਤੌਰ ’ਤੇ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਹਾਈਬ੍ਰਿਡ ਪ੍ਰਤੱਖ ਸੁਣਵਾਈ ਲਈ ਨੇਮ ਜਾਰੀ ਕੀਤੇ ਹਨ। ਕਰੋਨਾ ਮਹਾਮਾਰੀ ਕਾਰਨ ਸਿਖਰਲੀ ਅਦਾਲਤ ਵੱਲੋਂ ਕੇਸਾਂ ਦੀ ਸੁਣਵਾਈ ਪਿਛਲੇ ਸਾਲ ਮਾਰਚ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾ ਰਹੀ ਹੈ ਅਤੇ ਕਈ ਬਾਰ ਐਸੋਸੀਏਸ਼ਨਾਂ ਅਤੇ ਵਕੀਲ ਮੰਗ ਕਰ ਰਹੇ ਹਨ ਕਿ ਕੇਸਾਂ ਦੀ ਪ੍ਰਤੱਖ ਤੌਰ ’ਤੇ ਛੇਤੀ ਸੁਣਵਾਈ ਕੀਤੀ ਜਾਵੇ। ਸੁਪਰੀਮ ਕੋਰਟ ਵੱਲੋਂ ਜਾਰੀ ਨੇਮਾਂ ਮੁਤਾਬਕ ਤਜਰਬੇ ਦੇ ਆਧਾਰ ’ਤੇ ਅੰਤਿਮ ਸੁਣਵਾਈਆਂ ਅਤੇ ਰੈਗੂਲਰ ਮਾਮਲੇ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਹਾਈਬ੍ਰਿਡ ਮੋਡ ’ਚ 15 ਮਾਰਚ ਤੋਂ ਪ੍ਰਤੱਖ ਤੌਰ ’ਤੇ ਸੁਣੇ ਜਾਣਗੇ ਅਤੇ ਕੇਸਾਂ ’ਚ ਧਿਰਾਂ ਦੀ ਗਿਣਤੀ ਅਤੇ ਕੋਰਟ ਰੂਮਾਂ ਦੀ ਸੀਮਤ ਸਮਰੱਥਾ ਦਾ ਧਿਆਨ ਰੱਖਿਆ ਜਾਵੇਗਾ। ਸੋਮਵਾਰ ਅਤੇ ਸ਼ੁੱਕਰਵਾਰ ਸਮੇਤ ਹੋਰ ਸੂਚੀਬੱਧ ਕੇਸਾਂ ਦੀ ਸੁਣਵਾਈ ਵੀਡੀਓ/ਟੈਲੀਕਾਨਫਰੰਸਿੰਗ ਰਾਹੀਂ ਜਾਰੀ ਰਹੇਗੀ। ਹਦਾਇਤਾਂ ’ਚ ਕਿਹਾ ਗਿਆ ਹੈ ਕਿ ਜੇਕਰ ਅਦਾਲਤਾਂ ’ਚ ਔਸਤਨ ਸਮਰੱਥਾ ਨਾਲੋਂ ਧਿਰਾਂ ਦੇ ਵਕੀਲਾਂ ਦੀ ਗਿਣਤੀ 20 ਫ਼ੀਸਦੀ ਤੋਂ ਵੱਧ ਹੋਈ ਤਾਂ ਅਜਿਹੇ ਕੇਸ ਵੀਡੀਓ ਜਾਂ ਟੈਲੀਕਾਨਫਰੰਸਿੰਗ ਰਾਹੀਂ ਸੂਚੀਬੱਧ ਕੀਤੇ ਜਾਣਗੇ।