ਤਿੰਨ ਸਾਲਾ ਬੱਚੀ ਨੂੰ ਕੁੱਤਿਆਂ ਨੇ ਨੋਚਿਆ

ਸਮਾਣਾ : ਪਿੰਡ ਤਰਖਾਣ ਮਾਜਰਾ ਵਿੱਚ ਕੁੱਤਿਆਂ ਨੇ ਤਿੰਨ ਸਾਲਾ ਬੱਚੀ ਨੂੰ ਨੋਚ-ਨੋੋਚ ਕੇ ਖਾ ਲਿਆ, ਜਿਸ ਦੀ ਮਗਰੋਂ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਤਰਖਾਣ ਮਾਜਰਾ ਦਾ ਗੁਰਮੀਤ ਸਿੰਘ ਤੇ ਉਸ ਦੀ ਪਤਨੀ ਮਜ਼ਦੂਰੀ ਕਰਦੇ ਹਨ। ਅੱਜ ਜਦੋਂ ਉਹ ਖੇਤਾਂ ਵਿੱਚ ਕੰੰਮ ਕਰਨ ਗਏ ਹੋਏ ਸਨ ਤਾਂ ਉਨ੍ਹਾਂ ਦੀ ਧੀ ਜਸਮੀਨ ਕੌਰ (3) ਹੋਰਨਾਂ ਬੱਚਿਆਂ ਨਾਲ ਖੇਡਦਿਆਂ ਪਿੰਡ ਵਿੱਚ ਬਣੀ ਹੱਡਾਰੋੜੀ ਨੇੜੇ ਪੁੱਜ ਗਈ। ਹੱਡਾਰੋੜੀ ਦੇ ਕੁੱਤਿਆਂ ਨੇ ਬੱਚੀ ਨੂੰ ਘੇਰ ਲਿਆ ਤੇ ਨੋਚਣਾ ਸ਼ੁਰੂ ਕਰ ਦਿੱਤਾ। ਬੱਚੀ ਨਾਲ ਖੇਡ ਰਹੇ ਬੱਚੇ ਦੌੜ ਕੇ ਪਿੰਡ ਪੁੱਜੇ ਤੇ ਉਨ੍ਹਾਂ ਨੇ ਰੌਲਾ ਪਾਇਆ। ਇਸ ’ਤੇ ਪਿੰਡ ਵਾਸੀ ਮੌਕੇ ’ਤੇ ਪੁੱਜੇ ਪਰ ਉਦੋਂ ਤਕ ਕੁੱਤਿਆਂ ਨੇ ਬੱਚੀ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਬੱਚੀ ਜਸਮੀਨ ਕੌਰ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।