…ਤੇ ਹੁਣ ਗੁਜਰਾਤ ਤੋਂ ਆਏ ਲੋਕ ਸਥਾਨਕ ਹੋ ਗਏ: ਮਮਤਾ

ਨੰਦੀਗ੍ਰਾਮ : ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਨੰਦੀਗ੍ਰਾਮ ’ਚ ਉਨ੍ਹਾਂ ਨੂੰ ‘ਬਾਹਰੀ’ ਕਹਿਣ ਵਾਲੀਆਂ ’ਤੇ ਰੱਜ ਕੇ ਵਰ੍ਹੀ ਅਤੇ ਕਿਹਾ ਕਿ ਅਜਿਹੇ ਲੋਕਾਂ ਲਈ ‘ਗੁਜਰਾਤ ਤੋਂ ਆਏ ਲੋਕ’ ਸਥਾਨਕ ਹਨ। ਇਸ ਵਿਧਾਨ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਇੱਕ ਦਿਨ ਪਹਿਲਾਂ ਬੂਥ ਪੱਧਰ ’ਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ‘ਗੁਜਰਾਤ ਤੋਂ ਆਏ ਬਾਹਰੀ ਲੋਕਾਂ’ ਨੂੰ ਆਪਣੀ ਜ਼ਮੀਰ ਵੇਚ ਦਿੱਤੀ ਹੈ, ਉਹ ਫਿਰਕਾਪ੍ਰਸਤੀ ਦਾ ਆਸਰਾ ਲੈ ਕੇ ਨੰਦੀਗ੍ਰਾਮ ਨੂੰ ਬਦਨਾਮ ਕਰ ਰਹੇ ਹਨ। ਟੀਐੱਮਸੀ ਮੁਖੀ ਇਸ ਅਹਿਮ ਸੀਟ ਤੋਂ ਪਾਰਟੀ ਦੇ ਸਾਬਕਾ ਆਗੂ ਸ਼ੁਭੇਂਦੂ ਅਧਿਕਾਰੀ ਖ਼ਿਲਾਫ਼ ਚੋਣ ਮੈਦਾਨ ’ਚ ਉੱਤਰਨ ਜਾ ਰਹੀ ਹੈ। ਸ਼ੁਭੇਂਦੂ ਅਧਿਕਾਰੀ ਕੁਝ ਸਮਾਂ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਏ ਸੀ। ਮਮਤਾ ਨੇ ਅਧਿਕਾਰੀ ਦਾ ਨਾਂ ਲਏ ਬਿਨਾਂ ਕਿਹਾ ਕਿ ਉਨ੍ਹਾਂ (ਮਮਤਾ ਨੇ) ਸਿੰਗੂਰ ਜਾਂ ਨੰਦੀਗ੍ਰਾਮ ’ਚੋਂ ਕਿਸੇ ਇੱਕ ਸੀਟ ਤੋਂ ਚੋਣ ਲੜਨ ਦਾ ਮਨ ਬਣਾ ਲਿਆ ਸੀ। ਜ਼ਿਕਰਯੋਗ ਹੈ ਕਿ ਇਹ ਦੋਵੇਂ ਥਾਵਾਂ ਹੀ ਜ਼ਮੀਨ ਐਕੁਆਇਰ ਖ਼ਿਲਾਫ਼ ਸੂਬੇ ’ਚ ਹੋਏ ਅੰਦੋਲਨ ਦਾ ਮੁੱਖ ਕੇਂਦਰ ਰਹੇ ਸਨ ਅਤੇ ਇਸ ਅੰਦੋਲਨ ਨੇ ਮਮਤਾ ਨੂੰ 2011 ’ਚ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਾਇਆ ਸੀ। ਟੀਐੱਮਸੀ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪੁਰਜ਼ੋਰ ਮੰਗ ’ਤੇ ਨੰਦੀਗ੍ਰਾਮ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘ਮੈਂ ਸੁਣਿਆ ਹੈ ਕਿ ਕੁਝ ਲੋਕ ਮੈਨੂੰ ਨੰਦੀਗ੍ਰਾਮ ’ਚ ਬਾਹਰੀ ਕਹਿ ਰਹੇ ਹਨ। ਮੈਂ ਹੈਰਾਨ ਹੋ ਗਈ। ਮੈਂ ਗੁਆਂਢ ਬੀਰਭੂਮ ਜ਼ਿਲ੍ਹੇ ’ਚ ਜਨਮੀ, ਪਲੀ ਤੇ ਵੱਡੀ ਹੋਈ ਹਾਂ ਤੇ ਅੱਜ ਮੈਂ ਬਾਹਰੀ ਹੋ ਗਈ ਅਤੇ ਜੋ ਗੁਜਰਾਤ ਤੋਂ ਆਏ ਹਨ ਉਹ ਬੰਗਾਲ ਦੇ ਸਥਾਨਕ ਲੋਕ ਹੋ ਗਏ।’ ਅਧਿਕਾਰੀ ਅਕਸਰ ਖੁਦ ਨੂੰ ਇੱਥੋਂ ਦਾ ਪੁੱਤਰ ਦਸ ਕੇ ਟੀਐੱਮਸੀ ’ਤੇ ਹਮਲਾਵਰ ਰਹੇ ਹਨ।
ਮਮਤਾ ਨੇ ਅਧਿਕਾਰੀ ’ਤੇ ਫਿਰਕੂ ਭਾਵਨਾਵਾਂ ਭੜਕਾਉਣ ਦਾ ਦੋਸ਼ ਲਾਉਂਦਿਆਂ ਕਿਹਾ, ‘ਜਿਨ੍ਹਾਂ ਨੇ ਬਾਹਰੀ ਲੋਕਾਂ ਨੂੰ ਆਪਣੀ ਜ਼ਮੀਰ ਵੇਚ ਦਿੱਤੀ, ਉਹ ਫਿਰਕਾਪ੍ਰਸਤੀ ਦਾ ਸਹਾਰਾ ਲੈ ਕੇ ਨੰਦੀਗ੍ਰਾਮ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ।’ ਉਨ੍ਹਾਂ ਕਿਹਾ, ‘ਕੁਝ ਲੋਕ 70:30 ਅਨੁਪਾਤ (ਹਿੰਦੂ-ਮੁਸਲਮਾਨ ਅਬਾਦੀ) ਦੀ ਗੱਲ ਕਰ ਰਹੇ ਹਨ। ਜੋ ਲੋਕ ਅਜਿਹਾ ਕਰ ਰਹੇ ਹਨ ਉਹ ਭਾਈਚਾਰਿਆਂ ਨੂੰ ਆਪਸ ’ਚ ਲੜਵਾ ਕੇ ਨੰਦੀਗ੍ਰਾਮ ਦੇ ਪਵਿੱਤਰ ਅੰਦੋਲਨ ਨੂੰ ਬਦਨਾਮ ਕਰ ਰਹੇ ਹਨ।’