26 ਜਨਵਰੀ ਦੇ ਦਿੱਲੀ ਦੇ ਕਿਸਾਨੀ ਮਾਰਚ ਸਬੰਧੀ 2 ਸਿੱਖ ਨੌਜਵਾਨ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਪੁਲੀਸ ਨੇ 26 ਜਨਵਰੀ ਦੇ ਕਿਸਾਨੀ ਮਾਰਚ ਦੇ ਸਬੰਧ ਵਿੱਚ 21 ਸਾਲਾ ਸਿੱਖ ਨੌਜਵਾਨ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਦੂਜਾ ਨੌਜਵਾਨ ਡੱਚ ਨਾਗਰਿਕ ਦੱਸਿਆ ਜਾਂਦਾ ਹੈ। ਇਸ ਸੱਜਰੀ ਗ੍ਰਿਫ਼ਤਾਰੀ ਨਾਲ ਇਸ ਮਾਮਲੇ ’ਚ ਹੁਣ ਤੱਕ 14 ਵਿਅਕਤੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਡੱਚ (ਹਾਲੈਂਡ) ਨਾਗਰਿਕ ਮਨਿੰਦਰਜੀਤ ਸਿੰਘ, ਜੋ ਫ਼ਿਲਹਾਲ ਯੂਕੇ ਦੇ ਬਰਮਿੰਘਮ ’ਚ ਸੈਟਲ ਹੈ, ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂਕਿ ਦੂਜੇ ਨੌਜਵਾਨ ਦੀ ਪਛਾਣ ਖੇਮਪ੍ਰੀਤ ਸਿੰਘ (21) ਵਜੋਂ ਦੱਸੀ ਗਈ ਹੈ। ਦੋਵਾਂ ਨੂੰ ਲੰਘੀ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਪੁਲੀਸ ਨੇ ਮਨਿੰਦਰਜੀਤ ਨੂੰ ਕੋਰਟ ’ਚ ਪੇਸ਼ ਕਰਕੇ ਚਾਰ ਦਿਨਾਂ ਰਿਮਾਂਡ ਹਾਸਲ ਕਰ ਲਿਆ ਹੈ। ਪੁਲੀਸ ਨੇ ਕਿਹਾ ਕਿ ਜਦੋਂ ਮਨਿੰਦਰਜੀਤ ਨੂੰ ਕਾਬੂ ਕੀਤਾ, ਉਹ ਜਰਮਨਜੀਤ ਸਿੰਘ ਦੇ ਨਾਂ ਹੇਠ ਤਿਆਰ ਦਸਤਾਵੇਜ਼ਾਂ ’ਤੇ ਭਾਰਤ ਤੋਂ ਬਾਹਰ ਜਾਣ ਦੀ ਤਿਆਰੀ ਵਿੱਚ ਸੀ। ਮਨਿੰਦਰਜੀਤ ਪਿੱਛਿਓ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ। ਪੁਲੀਸ ਮੁਤਾਬਕ ਉਹ ਦਿੱਲੀ ਤੋਂ ਨੇਪਾਲ ਭੱਜਣ ਦੀ ਤਿਆਰੀ ’ਚ ਸੀ, ਜਿੱਥੋਂ ਉਸ ਨੇ ਯੂਕੇ ਜਾਣਾ ਸੀ। ਪੁਲੀਸ ਨੇ ਕਿਹਾ ਕਿ ਉਸ ਖ਼ਿਲਾਫ਼ ਲੁੱਕਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ ਤੇ ਉਸ ਖ਼ਿਲਾਫ਼ ਪਹਿਲਾਂ ਵੀ ਦੋ ਫੌਜਦਾਰੀ ਕੇਸ ਦਰਜ ਹਨ। ਉਧਰ ਦੂਜਾ ਮੁਲਜ਼ਮ ਖੇਮਪ੍ਰੀਤ ਸਿੰਘ, ਜੋ ਉੱਤਰਪੱਛਮੀ ਦਿੱਲੀ ਦੇ ਸਵਰੂਪ ਨਗਰ ਦਾ ਵਸਨੀਕ ਹੈ, ਲਾਲ ਕਿਲੇ ਵਿੱਚ ਪੁਲੀਸ ਮੁਲਾਜ਼ਮ ’ਤੇ ਬਰਛੇ ਨਾਲ ਕੀਤੇ ਹਮਲੇ ’ਚ ਲੋੜੀਂਦਾ ਸੀ। ਉਹ ਵਾਰ ਵਾਰ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਡੀਸੀਪੀ (ਅਪਰਾਧ) ਮੋਨਿਕਾ ਭਾਰਦਵਾਜ ਨੇ ਕਿਹਾ ਕਿ ਮਨਿੰਦਰਜੀਤ ਸਿੰਘ ਦੀ ਲਾਲ ਕਿਲੇ ਵਿੱਚ ਮੌਜੂਦਗੀ ਨੂੰ ਦਰਸਾਉਣ ਲਈ ਇਲੈਕਟ੍ਰੋਨਿਕ ਸਬੂਤ ਹਨ।