ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਸੰਸਦ ਵਿੱਚ ਜ਼ੋਰਦਾਰ ਹੰਗਾਮਾ

ਨਵੀਂ ਦਿੱਲੀ : ਬਜਟ ਇਜਲਾਸ ਦੇ ਦੂਜੇ ਪੜਾਅ ਦੇ ਤੀਜੇ ਦਿਨ ਅੱਜ ਸੰਸਦ ਦੇ ਦੋਵਾਂ ਸਦਨਾਂ ਵਿੱਚ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ ਮੁੱਦੇ ’ਤੇ ਹੰਗਾਮਾ ਹੋਇਆ। ਹੰਗਾਮੇ ਕਰਕੇ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਨੂੰ ਦੋ ਦੋ ਵਾਰ ਮੁਲਤਵੀ ਕਰਨਾ ਪਿਆ, ਜਿਸ ਨੂੰ ਮਗਰੋਂ 15 ਮਾਰਚ ਤੱਕ ਲਈ ਅੱਗੇ ਪਾ ਦਿੱਤਾ ਗਿਆ। ਹਾਲਾਂਕਿ ਰੌਲੇ-ਰੱਪੇ ਦਰਮਿਆਨ ਸਰਕਾਰ ਦੋਵਾਂ ਸਦਨਾਂ ਵਿੱਚ ਇਕ ਇਕ ਬਿੱਲ ਪਾਸ ਕਰਵਾਉਣ ਵਿੱਚ ਸਫ਼ਲ ਰਹੀ। ਚੇਤੇ ਰਹੇ ਕਿ ਵਿਰੋਧੀ ਧਿਰਾਂ ਨੇ ਲੰਘੇ ਦੋ ਦਿਨ ਅਸਮਾਨੀ ਪੁੱਜੀਆਂ ਤੇਲ ਕੀਮਤਾਂ ਦਾ ਵਿਰੋਧ ਕਰਦਿਆਂ ਸੰਸਦ ਵਿੱਚ ਹੰਗਾਮਾ ਕੀਤਾ ਸੀ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਹੇਠਲੇ ਸਦਨ ਵਿੱਚ ਬਣੀ ਖੜੋਤ ਨੂੰ ਤੋੜਨ ਲਈ ਅੱਜ ਸਰਬ ਪਾਰਟੀ ਮੀਟਿੰਗ ਵੀ ਕੀਤੀ। ਦੋਵਾਂ ਸਦਨਾਂ ਵਿੱਚ ਸਪੀਕਰ/ਚੇਅਰਮੈਨ ਨੇ ਸਿਫ਼ਰ ਕਾਲ ਤੇ ਪ੍ਰਸ਼ਨ ਕਾਲ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਕੀਤੀ ਨਾਅਰੇਬਾਜ਼ੀ ਕਰਕੇ ਕਾਰਵਾਈ ’ਚ ਅੜਿੱਕਾ ਪੈਂਦਾ ਰਿਹਾ। ਇਸ ਤੋਂ ਪਹਿਲਾਂ ਅੱਜ ਜਿਉਂ ਹੀ ਲੋਕ ਸਭਾ ਜੁੜੀ ਤਾਂ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਉਹ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਦਿੱਲੀ ਦੀਆਂ ਸਰਹੱਦਾਂ ’ਤੇ ਡੇਰੇ ਲਾਈ ਬੈਠੇ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਬਾਰੇ ਦੱਸਣਾ ਚਾਹੁੰਦੇ ਹਨ। ਕਾਂਗਰਸ ਸਮੇਤ ਕੁਝ ਹੋਰਨਾਂ ਪਾਰਟੀਆਂ ਨੇ ਨੇਮ 267 ਤਹਿਤ ਕੰਮ ਰੋਕੂ ਨੋਟਿਸ ਦਿੱਤੇ, ਜਿਸ ਨੂੰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਰੱਦ ਕਰ ਦਿੱਤਾ। ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀਐੱਮਕੇ, ਜੰਮੂ ਤੇ ਕਸ਼ਮੀਰ ਨੈਸ਼ਨਲ ਕਾਨਫਰੰਸ, ਐੱਨਸੀਪੀ ਤੇ ਆਰਐੱਸਪੀ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਜਾ ਕੇ ਨਾਅਰੇਬਾਜ਼ੀ ਕੀਤੀ ਤੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੲੇ ਜਾਣ ਦੀ ਮੰਗ ਕੀਤੀ। ਰੌਲੇ ਰੱਪੇ ਕਰਕੇ ਸਦਨ ਨੂੰ ਪਹਿਲਾਂ ਸਾਢੇ ਬਾਰ੍ਹਾਂ ਵਜੇ ਤੱਕ ਤੇ ਮਗਰੋਂ ਢਾਈ ਵਜੇ ਤੱਕ ਲਈ ਮੁਲਤਵੀ ਕਰਨਾ ਪਿਆ। ਉਂਜ ਰੌਲੇ-ਰੱਪੇ ਦਰਮਿਆਨ ਹੀ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਨੈਸ਼ਨਲ ਕੈਪੀਟਲ ਆਫ਼ ਡੈਹਲੀ ਲਾਅਜ਼ (ਵਿਸ਼ੇਸ਼ ਪ੍ਰਬੰਧ) ਦੂਜੀ (ਸੋਧ) ਬਿੱਲ 2021 ਪੇਸ਼ ਕੀਤਾ, ਜਿਸ ਨੂੰ ਸੰਖੇਪ ਚਰਚਾ ਮਗਰੋਂ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਇਸ ਬਿੱਲ ਦਾ ਮੁੱਖ ਮੰਤਵ ਅਣਅਧਿਕਾਰਤ ਕਲੋਨੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਿਯਮਤ ਕਰਨਾ ਹੈ। ਪੁਰੀ ਨੇ ਕਿਹਾ ਕਿ ਇਸ ਬਿੱਲ ਦੇ ਕਾਨੂੰਨ ਬਣਨ ਨਾਲ ਦਿੱਲੀ ਦੇ ਉਨ੍ਹਾਂ ਨਾਗਰਿਕਾਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਸਾਲਾਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ। ਸਦਨ ਵਿੱਚ ਕੀਤੇ ਹੰਗਾਮੇ ਲਈ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਝਾੜ ਵੀ ਪਾਈ। ਬਿਰਲਾ ਨੇ ਕਿਹਾ, ‘ਤੁਹਾਨੂੰ ਲੋਕਾਂ ਨੇ ਆਪਣੇ ਮੁੱਦੇ ਰੱਖਣ ਲਈ ਸੰਸਦ ਵਿੱਚ ਭੇਜਿਆ ਹੈ। ਪਰ ਤੁਸੀਂ ਹਰ ਰੋਜ਼ ਬੇਵਜ੍ਹਾ ਰੌਲਾ-ਰੱਪਾ ਪਾ ਕੇ ਸਦਨ ਦੀ ਕਾਰਵਾਈ ’ਚ ਅੜਿੱਕਾ ਪਾਉਂਦੇ ਹੋ। ਤੁਹਾਡਾ ਇਹ ਵਤੀਰਾ ਠੀਕ ਨਹੀਂ ਹੈ।’ ਸਦਨ ਜਦੋਂ ਢਾਈ ਵਜੇ ਮਗਰੋਂ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ। ਸਦਨ ਦੀ ਕਾਰਵਾਈ ਚਲਾ ਰਹੀ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਲੋਕ ਸਭਾ ਨੂੰ 15 ਮਾਰਚ ਸਵੇਰੇ 11 ਵਜੇ ਤੱ