ਪਰਮਬੀਰ ਸਿੰਘ ਨੇ ਅਨਿਲ ਦੇਸ਼ਮੁਖ ’ਤੇ ਗੰਭੀਰ ਦੋਸ਼ ਲਾਏ

ਮੁੰਬਈ : ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਚਾਹੁੰਦੇ ਸਨ ਕਿ ਪੁਲੀਸ ਅਧਿਕਾਰੀ ਹਰ ਮਹੀਨੇ ਬਾਰਾਂ ਅਤੇ ਹੋਟਲਾਂ ਤੋਂ ਘੱਟੋ-ਘੱਟ 100 ਕਰੋੜ ਰੁਪਏ ਇਕੱਤਰ ਕਰ ਕੇ ਦੇਣ। ਇਨ੍ਹਾਂ ਦੋਸ਼ਾਂ ਨੂੰ ਸ੍ਰੀ ਦੇਸ਼ਮੁਖ ਨੇ ਨਕਾਰ ਦਿੱਤਾ ਹੈ। ਮੁਕੇਸ਼ ਅੰਬਾਨੀ ਦੇ ਘਰ ਨੇੜਿਓਂ ਮਿਲੀ ਧਮਾਕਾਖੇਜ਼ ਸਮੱਗਰੀ ਦੇ ਮਾਮਲੇ ’ਚ ਪੁਲੀਸ ਅਧਿਕਾਰੀ ਸਚਿਨ ਵਾਜ਼ੇ ਦੀ ਗ੍ਰਿਫ਼ਤਾਰੀ ਮਗਰੋਂ ਸੀਨੀਅਰ ਆਈਪੀਐੱਸ ਅਧਿਕਾਰੀ ਸ੍ਰੀ ਸਿੰਘ ਦੀ ਇਸ ਹਫ਼ਤੇ ਹੋਮ ਗਾਰਡਜ਼ ਵਿਭਾਗ ’ਚ ਬਦਲੀ ਕਰ ਦਿੱਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਦੂਜੇ ਪਾਸੇ, ਐੱਨਸੀਪੀ ਆਗੂ ਸ੍ਰੀ ਦੇਸ਼ਮੁਖ ਨੇ ਕਿਹਾ ਕਿ ਸ੍ਰੀ ਸਿੰਘ ਵਾਜ਼ੇ ਕੇਸ ’ਚ ਖ਼ੁਦ ਨੂੰ ਬਚਾਉਣ ਲਈ ਉਨ੍ਹਾਂ ’ਤੇ ਝੂਠੇ ਦੋਸ਼ ਲਾ ਰਹੇ ਹਨ। ਮੁੱਖ ਮੰਤਰੀ ਊਧਵ ਠਾਕਰੇ ਨੂੰ ਲਿਖੇ ਅੱਠ ਪੰਨਿਆਂ ਦੇ ਇੱਕ ਪੱਤਰ ’ਚ ਸ੍ਰੀ ਸਿੰਘ ਨੇ ਦੋਸ਼ ਲਾਇਆ ਕਿ ਸ੍ਰੀ ਦੇਸ਼ਮੁਖ ਪੁਲੀਸ ਅਧਿਕਾਰੀਆਂ ਨੂੰ ਫੋਨ ਕਰ ਕੇ ਆਪਣੀ ਸਰਕਾਰੀ ਰਿਹਾਇਸ਼ ’ਤੇ ਸੱਦਦੇ ਸਨ ਅਤੇ ਉਨ੍ਹਾਂ ਨੂੰ ਬਾਰਾਂ, ਰੈਸਟੋਰੈਂਟਾਂ ਅਤੇ ਹੋਰ ਅਦਾਰਿਆਂ ਤੋਂ ‘ਪੈਸੇ ਇਕੱਠੇ ਕਰਨ ਦਾ ਟੀਚਾ’ ਦਿੰਦੇ ਸਨ। ਇਸ ਦੌਰਾਨ ਅਨਿਲ ਦੇਸ਼ਮੁਖ ਨੇ ਕਿਹਾ ਕਿ ਉਹ ਪਰਮਬੀਰ ਸਿੰਘ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਾਉਣਗੇ।
ਹੀਰੇਨ ਦੀ ਮੌਤ ਦਾ ਕੇਸ ਐੱਨਆਈਏ ਹਵਾਲੇ
ਨਵੀਂ ਦਿੱਲੀ/ਮੁੰਬਈ:ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁੰਬਈ ’ਚ ਮੁਕੇਸ਼ ਅੰਬਾਨੀ ਦੇ ਘਰ ਬਾਹਰ ਧਮਾਕਾਖੇਜ਼ ਸਮਗੱਰੀ ਨਾਲ ਭਰੀ ਕਾਰ ਖੜ੍ਹੀ ਕਰਨ ਦੇ ਮਾਮਲੇ ਨਾਲ ਸਬੰਧਤ ਕਾਰੋਬਾਰੀ ਮਨਸੁਖ ਹੀਰੇਨ ਦੀ ਮੌਤ ਦਾ ਮਾਮਲਾ ਵੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪ ਦਿੱਤਾ ਹੈ। ਉਧਰ ਐੱਨਆਈਏ ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਾਜ਼ੇ ਨੂੰ ਅੰਬਾਨੀ ਦੇ ਘਰ ਨੇੜੇ ਲੈ ਕੇ ਗਈ ਅਤੇ ਪੂਰਾ ਘਟਨਾਕ੍ਰਮ ਦੁਹਰਾਇਆ ਗਿਆ। ਵਾਜ਼ੇ ਨੂੰ ਸਫ਼ੈਦ ਕੁੜਤਾ ਪੁਆ ਕੇ ਤੁਰਨ ਲਈ ਕਿਹਾ ਗਿਆ। ਉਥੋਂ ਮਿਲੇ ਸੀਸੀਟੀਵੀ ਫੁਟੇਜ ’ਚ ਕੋਈ ਵਿਅਕਤੀ ਪੀਪੀਈ ਕਿੱਟ ’ਚ ਤੁਰਦਾ ਦਿਖਾਈ ਦੇ ਰਿਹਾ ਹੈ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਵਾਜ਼ੇ ਹੀ ਸੀ। ਉਧਰ ਫੋਰੈਂਸਿਕ ਮਾਹਿਰਾਂ ਨੇ ਕਿਹਾ ਹੈ ਕਿ ਸਕੌਰਪੀਓ ’ਚੋਂ ਮਿਲੀਆਂ ਜਿਲੇਟਿਨ ਛੜਾਂ ਘੱਟ ਸਮਰੱਥਾ ਵਾਲੀਆਂ ਸਨ ਅਤੇ ਉਨ੍ਹਾਂ ਨਾਲ ਬਹੁਤਾ ਨੁਕਸਾਨ ਨਹੀਂ ਹੋਣਾ ਸੀ।