ਸਿੰਘੂ ਬਾਰਡਰ ’ਤੇ ਟੈਂਟ ’ਚ ਅੱਗ ਲੱਗੀ, ਇੱਕ ਵਿਅਕਤੀ ਜ਼ਖ਼ਮੀ

ਨਵੀਂ ਦਿੱਲੀ : ਦਿੱਲੀ ਦੇ ਸਿੰਘੂ ਬਾਰਡਰ ’ਤੇ ਇੱਕ ਟੈਂਟ ਵਿੱਚ ਅੱਗ ਲੱਗ ਗਈ। ਇਹ ਦਾਅਵਾ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ। ਮੁਜ਼ਾਹਰਾਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਲਗਪਗ 10 ਵਜੇ ਉਸਾਰੀ-ਅਧੀਨ ਫਲਾਈਓਵਰ ਨੇੜੇ ਵਾਪਰੀ, ਜਿੱਥੇ ਇਹ ਟੈਂਟ ਲਾਇਆ ਗਿਆ ਸੀ। ਹਾਲਾਂਕਿ ਪੁਲੀਸ ਜਾਂ ਫਾਇਰ ਵਿਭਾਗ ਵੱਲੋਂ ਇਸ ਘਟਨਾ ਸਬੰਧੀ ਕੋਈ ਸੂਚਨਾ ਜਾਰੀ ਨਹੀਂ ਕੀਤੀ ਗਈ ਹੈ। ਮੋਰਚੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਟੈਂਟ ਪੂਰੀ ਤਰ੍ਹਾਂ ਸੜ ਗਿਆ। ਇਸ ਦੌਰਾਨ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਾ ਇੱਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਟੈਂਟ ਨੂੰ ਅੱਗ ਇੱਕ ਸਿਲੰਡਰ ਨੂੰ ਅੱਗ ਲੱਗਣ ਕਾਰਨ ਲੱਗੀ। ਅੱਗ ਲੱਗਣ ਸਮੇਂ ਟੈਂਟ ਵਿੱਚ 10 ਤੋਂ 12 ਜਣੇ ਮੌਜੂਦ ਸਨ। ਇਸ ਦੌਰਾਨ ਪੰਜ ਮੋਬਾਈਲ, 20 ਗੱਦੇ, 20 ਕੁਰਸੀਆਂ ਅਤੇ ਰਾਸ਼ਨ ਸੜ ਗਿਆ।