ਕਰੋਨਾ ਕਾਰਨ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸ਼ਤਾਬਦੀ ਸਮਾਗਮ ਮੁਲਤਵੀ

ਅੰਮ੍ਰਿਤਸਰ/ਆਨੰਦਪੁਰ ਸਾਹਿਬ : ਸ਼੍ਰੋਮਣੀ ਕਮੇਟੀ ਨੇ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਆਨੰਦਪੁਰ ਸਾਹਿਬ ਵਿੱਚ 24 ਮਾਰਚ ਤੋਂ 28 ਮਾਰਚ ਤੱਕ ਕੀਤੇ ਜਾਣ ਵਾਲੇ ਵੱਖ-ਵੱਖ ਗੁਰਮਤਿ ਸਮਾਗਮ 31 ਮਾਰਚ ਤੱਕ ਮੁਲਤਵੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਹੋਲਾ-ਮਹੱਲਾ ਮੌਕੇ ਹੋਣ ਵਾਲੇ ਸਮਾਗਮ ਹਰ ਸਾਲ ਦੀ ਤਰ੍ਹਾਂ ਖ਼ਾਲਸਾਈ ਜਾਹੋ-ਜਲਾਲ ਨਾਲ ਹੀ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਕਰੋਨਾ ਕਾਰਨ ਸਿਹਤ ਵਿਭਾਗ ਦੇ ਨਿਰਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਇੱਥੇ ਕਮੇਟੀ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੋਲਾ ਮਹੱਲਾ ਦੇ ਸਮਾਗਮ ਹਰ ਸਾਲ ਦੀ ਤਰ੍ਹਾਂ ਮਨਾਏ ਜਾਣਗੇ ਪਰ ਇਸੇ ਦੌਰਾਨ 24 ਤੋਂ 28 ਮਾਰਚ ਤੱਕ ਸ਼ਤਾਬਦੀ ਸਬੰਧੀ ਸਮਾਗਮ, ਜੋ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੱਖੇ ਗਏ ਸਨ, ਫਿਲਹਾਲ ਮੁਲਤਵੀ ਕੀਤੇ ਗਏ ਹਨ। ਇਨ੍ਹਾਂ ਸਮਾਗਮਾਂ ਦੀਆਂ ਨਵੀਆਂ ਤਰੀਕਾਂ ਬਾਰੇ 1 ਅਪਰੈਲ ਤੋਂ ਬਾਅਦ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਬੰਧੀ ਸਮਾਗਮਾਂ ਵਿੱਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਦੇ ਸਮਾਗਮ ਵੀ ਸ਼ਾਮਲ ਹੋਣੇ ਸਨ ਪਰ 31 ਮਾਰਚ ਤੱਕ ਵਿੱਦਿਅਕ ਅਦਾਰੇ ਬੰਦ ਕਰ ਹਨ, ਅਜਿਹੇ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਸੰਭਵ ਨਹੀਂ ਹੈ। ਬੀਬੀ ਜਗੀਰ ਕੌਰ ਨੇ ਇਹ ਵੀ ਦੱਸਿਆ ਕਿ ਰੂਪਨਗਰ ਦੀ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਹੋਲਾ ਮਹੱਲਾ ਮੌਕੇ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੇਵਲ ਅੰਤਰਰਾਸ਼ਟਰੀ ਸ਼ਰਧਾਲੂਆਂ ਲਈ ਹੀ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ, ਜਦ ਕਿ ਦੇਸ਼ ਦੇ ਸ਼ਰਧਾਲੂਆਂ ’ਤੇ ਅਜਿਹੀ ਕੋਈ ਸ਼ਰਤ ਨਹੀਂ ਲਗਾਈ ਗਈ।

Leave a Reply

Your email address will not be published. Required fields are marked *