ਵਜ਼ੇ ਖ਼ਿਲਾਫ਼ ਯੂਏਪੀਏ ਅਧੀਨ ਕੇਸ ਦਰਜ

ਮੁੰਬਈ: ਐੱਨਆਈਏ ਨੇ ਅੰਤੀਲੀਆ ਨੇੜਿਓਂ ਮਿਲੀ ਧਮਾਕਾਖੇਜ਼ ਸਮੱਗਰੀ ਦੇ ਮਾਮਲੇ ’ਚ ‘ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ’ (ਯੂਏਪੀਏ) ਦੀਆਂ ਧਾਰਾਵਾਂ ਲਗਾ ਦਿੱਤੀਆਂ ਹਨ ਜਿਸ ’ਚ ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਜ਼ੇ ਮੁੱਖ ਮੁਲਜ਼ਮ ਹੈ। ਦੱਸਣਯੋਗ ਹੈ ਕਿ ਥਾਣੇ ਦੀ ਇੱਕ ਅਦਾਲਤ ਨੇ ਅੱਜ ਮਹਾਰਾਸ਼ਟਰ ਦੇ ਦਹਿਸ਼ਤਵਾਦ ਵਿਰੋਧੀ ਦਸਤੇ (ਏਟੀਐੱਸ) ਨੂੰ ਕਾਰੋਬਾਰੀ ਮਨਸੁਖ ਹੀਰੇਨ ਦੀ ਮੌਤ ਦੇ ਮਾਮਲੇ ਦੀ ਜਾਂਚ ਰੋਕਣ ਅਤੇ ਕੇਸ ਰਿਕਾਰਡ ਤੁਰੰਤ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪਣ ਲਈ ਕਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਹੀਰੇਨ ਕੇਸ ਦੀ ਜਾਂਚ 20 ਮਾਰਚ ਨੂੰ ਐੱਨਆਈਏ ਨੂੰ ਸੌਂਪ ਦਿੱਤੀ ਸੀ ਪਰ ਏਟੀਐੱਸ ਨੇ ਕੇਸ ਦੀ ਜਾਂਚ ਜਾਰੀ ਰੱਖੀ ਅਤੇ ਦੋ ਦਿਨ ਪਹਿਲਾਂ ਦਾਅਵਾ ਕੀਤਾ ਕਿ ਉਸ ਨੇ ਇਹ ਕੇਸ ਹੱਲ ਕਰ ਲਿਆ ਹੈ। ਇਸ ਉਪਰੰਤ ਐੱਨਆਈਏ ਨੇ ਥਾਣੇ ਦੇ ਮੁੱਖ ਜੁਡੀਸ਼ੀਅਲ ਮੈਜਿਸਟਰੇਟ ਨੂੰ ਏਟੀਐੱਸ ਨੂੰ ਇਹ ਕੇਸ ਉਸ ਨੂੰ ਸੌਂਪਣ ਲਈ ਨਿਰਦੇਸ਼ ਦੇਣ ਲਈ ਕਿਹਾ। ਮੈਜਿਸਟਰੇਟ ਨੇ ਦੋਵਾਂ ਏਜੰਸੀਆਂ ਦੇ ਪੱਖ ਸੁਣਦਿਆਂ ਨਿਰਦੇਸ਼ ਦਿੱਤੇ ਕਿ ਏਟੀਐੱਸ ਦਾ ਜਾਂਚ ਅਧਿਕਾਰੀ ਅੱਗੇ ਜਾਂਚ ਨਹੀਂ ਕਰੇਗਾ ਅਤੇ ਸਾਰੇ ਸਬੰਧਤ ਕਾਗਜ਼ਾਤ ਅਤੇ ਰਿਕਾਰਡ ਬਿਨਾਂ ਕਿਸੇ ਦੇਰੀ ਤੋਂ ਐੱਨਆਈਏ ਨੂੰ ਸੌਂਪ ਦੇਵੇਗਾ।