ਕਰੋਨਾਵਾਇਰਸ: ਪੰਜਾਬ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ

ਚੰਡੀਗੜ੍ਹ : ਪੰਜਾਬ ਵਿੱਚ ਫਰਵਰੀ ਮਹੀਨੇ ਦੇ ਆਖਰੀ ਹਫ਼ਤੇ ਤੋਂ ਸ਼ੁਰੂ ਹੋਈ ਕਰੋਨਾਵਾਇਰਸ ਦੀ ਦੂਜੀ ਲਹਿਰ ਨੇ ਸੂਬਾ ਅਤੇ ਕੇਂਦਰ ਸਰਕਾਰ ਦੇ ਫਿਕਰ ਵਧਾ ਦਿੱਤੇ ਹਨ। ਕੌਮੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਦੂਜਾ ਅਜਿਹਾ ਸੂਬਾ ਹੈ ਜਿੱਥੇ ਕਰੋਨਾ ਲਾਗ ਦਾ ਫੈਲਾਅ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਜਕੜ ’ਚ ਲੈ ਰਿਹਾ ਹੈ। ਪੰਜਾਬ ’ਚ ਕਰੋਨਾ ਮੌਤ ਦਰ ਸਾਰੇ ਮੁਲਕ ਨਾਲੋਂ ਜ਼ਿਆਦਾ ਹੋਣਾ ਹੋਰ ਵੀ ਫਿਕਰਮੰਦੀ ਵਾਲੀ ਗੱਲ ਹੈ। ਸੂਬੇ ਦੇ ਸਿਹਤ ਵਿਭਾਗ ਨਾਲ ਸਬੰਧਤ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਕਰੋਨਾ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਦਰ 2.9 ਫੀਸਦ ਹੈ। ਮਹਾਰਾਸ਼ਟਰ ਅਤੇ ਬਾਕੀ ਸਾਰੇ ਸੂਬਿਆਂ ਵਿੱਚ ਮੌਤ ਦਰ ਪੰਜਾਬ ਨਾਲੋਂ ਬਹੁਤ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ’ਚ 88 ਫ਼ੀਸਦੀ ਅਜਿਹੇ ਵਿਅਕਤੀਆਂ ਦੀਆਂ ਮੌਤਾਂ ਹੋਈਆ ਜਿਨ੍ਹਾਂ ਦੀ ਉਮਰ 45 ਸਾਲ ਦੇ ਆਸ-ਪਾਸ ਹੈ। ਮੰਤਾਰਲੇ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਮੇਤ 18 ਸੂਬਿਆਂ ਅਤੇ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਵਿੱਚ ਕਰੋਨਾ ਦੇ ਬਰਤਾਨੀਆ ਸਟਰੇਨ ਦਾ ਪਾਇਆ ਜਾਣਾ ਵੀ ਫਿਕਰਮੰਦੀ ਦਾ ਇੱਕ ਕਾਰਨ ਹੈ ਕਿਉਂਕਿ ਵਾਇਰਸ ਦੀ ਇਹ ਕਿਸਮ ਜ਼ਿਆਦਾ ਵਿਅਕਤੀਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਦੇ ਕਈ ਸੂਬਿਆਂ ਖਾਸਕਰ ਮਹਾਰਾਸ਼ਟਰ ਅਤੇ ਦਿੱਲੀ ਵਿੱਚ ਦੱਖਣੀ ਅਫਰੀਕਾ ਅਤੇ ਬਰਾਜ਼ੀਲ ’ਚ ਫੈਲੇ ਕਰੋਨਾ ਦੀ ਕਿਸਮ ਦੇ ਲੱਛਣ ਵੀ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਜੇਕਰ ਮਹਾਰਾਸ਼ਟਰ ਦੇ ਨੌਂ ਅਤੇ ਕਰਨਾਟਕ ਦੇ ਇੱਕ ਜ਼ਿਲ੍ਹੇ ਵਿੱਚ ਲਾਗ ਪੀੜਤ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਪੰਜਾਬ ਦੇ ਜਲੰਧਰ, ਨਵਾਂਸ਼ਹਿਰ, ਮੁਹਾਲੀ, ਲੁਧਿਆਣਾ, ਪਟਿਆਲਾ ਅਤੇ ਹੁਸ਼ਿਆਰਪੁਰ ’ਚ ਵਧ ਰਹੇ ਮਾਮਲੇ ਵੀ ਚਿੰਤਾ ਦਾ ਵਿਸ਼ਾ ਹਨ। 

 ਪੰਜਾਬ ਦੇ ਸਿਹਤ ਵਿਭਾਗ ਦਾ ਵੀ ਦੱਸਣਾ ਹੈ ਕਿ ਸੂਬੇ ਵਿੱਚ ਇਸ ਸਮੇਂ ਮੁਹਾਲੀ, ਲੁਧਿਆਣਾ, ਹੁਸ਼ਿਆਰਪੁਰ, ਨਵਾਂਸ਼ਹਿਰ, ਜਲੰਧਰ ਅਤੇ ਪਟਿਆਲਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਮੰਨੇ ਜਾ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਸਮੇਂ ਪਾਜ਼ੇਟਿਵ ਦਰ 7.5 ਫ਼ੀਸਦੀ ਤੱਕ ਅੱਪੜ ਚੁੱਕੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿੱਚ ਸਾਲ ਪਹਿਲਾਂਂ ਕਰੋਨਾ ਦੀ ਪਹਿਲੀ ਲਹਿਰ ਸ਼ੁਰੂ ਹੋੋਣ ਮਗਰੋਂ ਪਾਜ਼ੇਟਿਵ ਦਰ 10 ਫੀਸਦੀ ਤੱਕ ਪਹੁੰਚ ਗਈ ਸੀ। 

ਪੰਜਾਬ ਦੇ ਪ੍ਰਮੁੱਖ ਸਕੱਤਰ (ਸਿਹਤ) ਹੁਸਨ ਲਾਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਮਾਮੂਲੀ ਲੱਛਣਾਂ ਵਾਲੇ ਮਰੀਜ਼ਾਂ ਦਾ ਡਾਕਟਰਾਂ ਦੀ ਦੇਖ ਰੇਖ ਹੇਠ ਘਰਾਂ ’ਚ ਇਲਾਜ ਕੀਤਾ ਜਾ ਰਿਹਾ ਹੈ। ਕੁੱਝ ਜ਼ਿਆਦਾ ਪ੍ਰਭਾਵਿਤ ਮਰੀਜ਼ਾਂ ਨੂੰ ਹਸਪਤਾਲਾਂ ਦੇ ਕੋਵਿਡ ਵਾਰਡਾਂ ਵਿੱਚ ਇਲਾਜ ਅਧੀਨ ਰੱਖਿਆ ਜਾਂਦਾ ਹੈ। ਤੀਜੇ ਵਰਗ ਦੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ ਅਤੇ ਸੂਬੇ ਵਿੱਚ ਇਸ ਸਮੇਂ ਨਿੱਜੀ ਅਤੇ ਸਰਕਾਰੀ ਖੇਤਰ ਦੇ ਹਸਪਤਾਲਾਂ ਅੰਦਰ 1 ਹਜ਼ਾਰ ਵੈਂਟੀਲੇਟਰ ਦੀ ਸਹੂਲਤ ਹੈ ਜਦਕਿ ਕੋਵਿਡ ਤੋਂ ਪ੍ਰਭਾਵਿਤ ਅਜਿਹੇ ਮਰੀਜ਼ਾਂ ਦੀ ਗਿਣਤੀ ਹਾਲੇ 100 ਤੋਂ ਵੀ ਹੇਠਾਂ ਹੈ।

ਸੂਬੇ ’ਚ ਬਿਮਾਰੀ ਪੀੜਤ ਲੋਕਾਂ ਕਾਰਨ ਮੌਤ ਦਰ ਵੱਧ 

ਪੰਜਾਬ ਸਿਹਤ ਵਿਭਾਗ ਮੁਤਾਬਕ ਸੂਬੇ ਨਾਲ ਸਬੰਧਤ ਲੋਕਾਂ ਦੇ ਆਮ ਤੌਰ ’ਤੇ ਜਿਗਰ, ਗੁਰਦਿਆਂ, ਸ਼ੂਗਰ ਤੇ ਬਲੱਡ ਪ੍ਰੈਸ਼ਰ ਜਿਹੀਆਂ ਬਿਮਾਰੀਆਂ ਸਮੇਤ ਕੈਂਸਰ ਆਦਿ ਦੀ ਲਪੇਟ ’ਚ ਹੋਣ ਕਾਰਨ ਵੀ ਮੌਤ ਦਰ ਹੋਰਨਾਂ ਸੂਬਿਆਂ ਨਾਲੋਂ ਜ਼ਿਆਦਾ ਮੰਨੀ ਜਾਂਦੀ ਹੈ। ਸੂਬੇ ਵਿੱਚ ਹੁਣ ਤੱਕ 2.20 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋਏ, ਜਿਨ੍ਹਾਂ ’ਚੋਂ 1.93 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਸੂਬੇ ਵਿੱਚ ਲਾਗ ਕਾਰਨ ਹੁਣ ਤੱਕ 6,474 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 20,522 ਜ਼ੇਰੇ ਇਲਾਜ ਹਨ।

ਪੰਜਾਬ ’ਚ ਕਰੋਨਾ ਕਾਰਨ 39 ਮੌਤਾਂ

ਸਿਹਤ ਵਿਭਾਗ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਮੁਤਾਬਕ ਸੂਬੇ ਵਿੱਚ ਲੰਘੇ 24 ਘੰਟਿਆਂ ’ਚ ਕਰੋਨਾ ਲਾਗ ਦੇ 2,634 ਨਵੇਂ ਕੇਸ ਆਏ ਹਨ ਅਤੇ 39 ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾਵਾਰ ਸਥਿਤੀ ਅਨੁਸਾਰ ਜਲੰਧਰ ਵਿੱਚ 11, ਹੁਸ਼ਿਆਰਪੁਰ, ਕਪੂਰਥਲਾ ਤੇ ਰੋਪੜ ਵਿੱਚ 4-4, ਗੁਰਦਾਸਪੁਰ, ਪਟਿਆਲਾ ਵਿੱਚ 3-3, ਅੰਮ੍ਰਿਤਸਰ, ਲੁਧਿਆਣਾ ਅਤੇ ਮੁਹਾਲੀ ਵਿੱਚ 2-2, ਜਦਕਿ ਸੰਗਰੂਰ, ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਮੁਕਤਸਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। 

ਟੀਕਾਕਰਨ ਪ੍ਰਤੀ ਰੁਝਾਨ ਘੱਟ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪੰਜਾਬ ਦਾ ਨਾਂ ਉਨ੍ਹਾਂ ਸੂਬਿਆਂ ਵਿੱਚ ਸ਼ੁਮਾਰ ਹੈ ਜਿੱਥੇ ਕੋਵਿਡ ਵੈਕਸੀਨ ਲਵਾਉਣ ਲਈ ਲੋਕਾਂ ਨੇ ਮੁੱਢਲੇ ਤੌਰ ’ਤੇ ਜ਼ਿਆਦਾ ਰੁਚੀ ਨਹੀਂ ਦਿਖਾਈ। ਇਸ ਲਈ 3 ਕਰੋੜ ਦੀ ਆਬਾਦੀ ਵਾਲੇ ਸੂਬੇ ਵਿੱਚ ਹੁਣ ਤੱਕ 6 ਲੱਖ ਦੇ ਕਰੀਬ ਵਿਅਕਤੀਆਂ ਦਾ ਹੀ ਟੀਕਾਕਰਨ ਹੋਇਆ ਹੈ।

Leave a Reply

Your email address will not be published. Required fields are marked *