ਸੁਰੱਖਿਆ ਬਲਾਂ ਦੀ ਗੋਲੀਬਾਰੀ ’ਚ 4 ਹਲਾਕ

ਕੋਲਕਾਤਾ/ਕੂਚ ਬਿਹਾਰ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਅੱਜ ਚੌਥੇ ਗੇੜ ਦੌਰਾਨ ਵੱਡੇ ਪੱਧਰ ’ਤੇ ਫੈਲੀ ਹਿੰਸਾ ਦੌਰਾਨ ਸੀਆਈਐੱਸਐੱਫ ਦੇ ਜਵਾਨਾਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਚਾਰ ਵਿਅਕਤੀਆਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ ਹੈ। ਸੂਬੇ ’ਚ 44 ਸੀਟਾਂ ’ਤੇ ਪੋਲਿੰਗ ਦੌਰਾਨ ਪੰਜ ਉਮੀਦਵਾਰਾਂ ’ਤੇ ਹਮਲੇ ਵੀ ਹੋਏ ਹਨ ਜਿਸ ਨਾਲ ਸਿਆਸੀ ਦੂਸ਼ਣਬਾਜ਼ੀ ਤੇਜ਼ ਹੋ ਗਈ ਹੈ। ਚੋਣ ਕਮਿਸ਼ਨ ਮੁਤਾਬਕ ਚੌਥੇ ਗੇੜ ’ਚ ਸ਼ਾਮ 5 ਵਜ਼ੇ ਤੱਕ 76.16 ਫ਼ੀਸਦ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਚੋਣ ਕਮਿਸ਼ਨ ਨੇ ਹਿੰਸਾ ਦੀਆਂ ਰਿਪੋਰਟਾਂ ਮਗਰੋਂ ਸੀਤਲਕੂਚੀ ਹਲਕੇ ਦੇ ਪੋਲਿੰਗ ਸਟੇਸ਼ਨ ਨੰਬਰ 126 ’ਤੇ ਵੋਟਿੰਗ ਮੁਅੱਤਲ ਕਰਨ ਦਾ ਹੁਕਮ ਦਿੰਦਿਆਂ ਘਟਨਾ ਦੀ ਰਿਪੋਰਟ ਜਿਲ੍ਹਾ ਮੈਿਜਸਟਰੇਟ ਅਤੇ ਕੂਚ ਬਿਹਾਰ ਦੇ ਐੱਸਪੀ ਤੋਂ ਮੰਗ ਲਈ ਹੈ। ਮੁੱਖ ਚੋਣ ਅਧਿਕਾਰੀ ਆਿਰਜ਼ ਆਫ਼ਤਾਬ ਨੇ ਿਕਹਾ ਿਕ ਿਹੰਸਾ ਦੀਆਂ ਘਟਨਾਵਾਂ ਲਈ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਿਗਆ ਹੈ। ਚੋਣ ਕਮਿਸ਼ਨ ਨੇ ਪੰਜਵੇਂ ਗੇੜ ਦੇ ਚੋਣ ਅਮਲ ਲਈ ਕੁਝ ਪਾਬੰਦੀਆਂ ਲਗਾਉਂਦਿਆਂ ਕੂਚ ਬਿਹਾਰ ਜ਼ਿਲ੍ਹੇ ’ਚ ਸਿਆਸੀ ਨੇਤਾਵਾਂ ਦੇ ਦਾਖ਼ਲੇ ’ਤੇ 72 ਘੰਟਿਆਂ ਲਈ ਪਾਬੰਦੀ ਲਾ ਦਿੱਤੀ ਹੈ। ਪੁਲੀਸ ਮੁਤਾਬਕ ਕੂਚ ਬਿਹਾਰ ਜ਼ਿਲ੍ਹੇ ’ਚ ਸਥਾਨਕ ਲੋਕਾਂ ਵੱਲੋਂ ਹਮਲਾ ਕੀਤੇ ਜਾਣ ਮਗਰੋਂ ਕੇਂਦਰੀ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ ਜਿਸ ’ਚ ਚਾਰ ਵਿਅਕਤੀ ਮਾਰੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਵੱਲੋਂ ਸੀਆਈਐੱਸਐੱਫ ਦੇ ਜਵਾਨਾਂ ਦਾ ਘਿਰਾਓ ਕਰਨ ਅਤੇ ਉਨ੍ਹਾਂ ਤੋਂ ਰਾਈਫਲਾਂ ਖੋਹਣ ਦੀ ਕੋਸ਼ਿਸ਼ ਨੂੰ ਰੋਕਣ ਦੌਰਾਨ ਹੋਈ ਗੋਲੀਬਾਰੀ ’ਚ ਇਹ ਵਿਅਕਤੀ ਮਾਰੇ ਗਏ। ਇਸੇ ਦੌਰਾਨ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ’ਚ ਬਾਕੀ ਚਾਰ ਗੇੜਾਂ ਦੀਆਂ ਚੋਣਾਂ ਕਰਾਉਣ ਲਈ ਕੇਂਦਰੀ ਨੀਮ ਫ਼ੌਜੀ ਬਲਾਂ ਦੀਆਂ 71 ਹੋਰ ਕੰਪਨੀਆਂ ਤਾਇਨਾਤ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਅੱਜ ਨਿਰਦੇਸ਼ ਜਾਰੀ ਕੀਤੇ ਹਨ। ਪੱਛਮੀ ਬੰਗਾਲ ਦੇ ਕੂਚ ਬਿਹਾਰ ਸਮੇਤ ਹੋਰ ਥਾਵਾਂ ’ਤੇ ਹਿੰਸਾ ਦੀਆਂ ਕਈ ਘਟਨਾਵਾਂ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੁਰੱਖਿਆ ਬਲਾਂ ਦੀਆਂ ਹੋਰ ਕੰਪਨੀਆਂ ਫੌਰੀ ਤਾਇਨਾਤ ਕਰਨ ਲਈ ਕਿਹਾ ਹੈ। ਹੁਣ ਤੱਕ ਸੂਬੇ ’ਚ ਚੋਣਾਂ ਕਰਾਉਣ ਲਈ ਕੁੱਲ ਇਕ ਹਜ਼ਾਰ ਕੰਪਨੀਆਂ ਰੱਖੀਆਂ ਗਈਆਂ ਸਨ। ਸੂਤਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਵਿਸ਼ੇਸ਼ ਪੁਲੀਸ ਨਿਗਰਾਨ ਵਿਵੇਕ ਦੂਬੇ ਵੱਲੋਂ ਭੇਜੀ ਗਈ ਮੁੱਢਲੀ ਰਿਪੋਰਟ ਮੁਤਾਬਕ 350 ਤੋਂ 400 ਵਿਅਕਤੀਆਂ ਨੇ ਕੇਂਦਰੀ ਬਲਾਂ ਨੂੰ ਘੇਰ ਲਿਆ ਸੀ ਜਿਸ ਮਗਰੋਂ ਉਨ੍ਹਾਂ ਆਪਣੀ ਰੱਖਿਆ ’ਚ ਗੋਲੀਆਂ ਚਲਾਈਆਂ। ਘਟਨਾ ਮਗਰੋਂ ਇਲਾਕੇ ’ਚ ਹਿੰਸਾ ਫੈਲ ਗਈ ਅਤੇ ਬੰਬ ਸੁੱਟੇ ਗਏ ਜਿਸ ਕਾਰਨ ਕੇਂਦਰੀ ਸੁਰੱਖਿਆ ਬਲਾਂ ਨੇ ਹਾਲਾਤ ਕਾਬੂ ਹੇਠ ਕਰਨ ਲਈ ਲਾਠੀਚਾਰਜ ਵੀ ਕੀਤਾ। ਇਕ ਹੋਰ ਘਟਨਾ ’ਚ 18 ਵਰ੍ਹਿਆਂ ਦੇ ਵੋਟਰ ਆਨੰਦ ਬਰਮਨ ਨੂੰ ਸੀਤਲਕੂਚੀ ਦੇ ਪਠਾਨਤੁਲੀ ’ਚ ਬੂਥ ਨੰਬਰ 85 ਦੇ ਬਾਹਰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਜਦੋਂ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦੇ ਵਰਕਰਾਂ ਵਿਚਕਾਰ ਝੜਪ ਹੋ ਰਹੀ ਸੀ। ਉਧਰ ਵੱਖ ਵੱਖ ਹਲਕਿਆਂ ’ਚ ਤ੍ਰਿਣਮੂਲ ਦੇ ਇਕ ਅਤੇ ਭਾਜਪਾ ਦੇ ਚਾਰ ਉਮੀਦਵਾਰਾਂ ’ਤੇ ਹਮਲੇ ਹੋਏ ਹਨ। ਦਿਨਹਾਟਾ ’ਚ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਉਦਯਨ ਗੁਹਾ ’ਤੇ ਕਥਿਤ ਤੌਰ ’ਤੇ ਭਾਜਪਾ ਵਰਕਰਾਂ ਨੇ ਹਮਲਾ ਕੀਤਾ। ਬੇਹਾਲਾ ਪੂਰਬ ਹਲਕੇ ’ਚ ਭਾਜਪਾ ਉਮੀਦਵਾਰ ਅਤੇ ਅਦਾਕਾਰਾ ਪਾਇਲ ਸਰਕਾਰ ਦੀ ਕਾਰ ਨੂੰ ਲੋਕਾਂ ਦੀ ਭੀੜ ਨੇ ਭੰਨ ਸੁੱਟਿਆ। ਭਾਜਪਾ ਉਮੀਦਵਾਰ ਅਤੇ ਲੋਕ ਸਭਾ ਮੈਂਬਰ ਲੌਕਟ ਚੈਟਰਜੀ ’ਤੇ ਕਥਿਤ ਤੌਰ ’ਤੇ ਤ੍ਰਿਣਮੂਲ ਕਾਂਗਰਸ ਹਮਾਇਤੀਆਂ ਨੇ ਹਮਲਾ ਕੀਤਾ ਅਤੇ ਹੁਗਲੀ ਜ਼ਿਲ੍ਹੇ ਦੇ ਚੁਨਚੁਰਾ ’ਚ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਹਾਵੜਾ ਜ਼ਿਲ੍ਹੇ ਦੇ ਬਾਲੀ ’ਚ ਤ੍ਰਿਣਮੂਲ ਤੋਂ ਭਾਜਪਾ ’ਚ ਸ਼ਾਮਲ ਹੋਈ ਉਮੀਦਵਾਰ ਬੈਸ਼ਾਲੀ ਡਾਲਮੀਆ ਦੇ ਕਾਫ਼ਲੇ ਦੇ ਇਕ ਵਾਹਨ ਨੂੰ ਸ਼ਰਾਰਤੀ ਅਨਸਰਾਂ ਨੇ ਨੁਕਸਾਨ ਪਹੁੰਚਾਇਆ। ਕੋਲਕਾਤਾ ’ਚ ਕਸਬਾ ਸੀਟ ’ਤੇ ਭਾਜਪਾ ਉਮੀਦਵਾਰ ਇੰਦਰਨੀਲ ਖ਼ਾਨ ਦਾ ਤ੍ਰਿਣਮੂਲ ਕਾਂਗਰਸ ਵਰਕਰਾਂ ਨੇ ਘਿਰਾਓ ਕੀਤਾ। ਜਾਧਵਪੁਰ ਹਲਕੇ ’ਚ ਗਾਂਗੁਲੀ ਬਾਗਾਨ ਇਲਾਕੇ ’ਚ ਸੀਪੀਐੱਮ ਉਮੀਦਵਾਰ ਸੁਜਾਨ ਚੱਕਰਵਰਤੀ ਦੇ ਬੂਥ ਏਜੰਟ ਦੀਆਂ ਅੱਖਾਂ ’ਚ ਇਕ ਫਰਜ਼ੀ ਵੋਟਰ ਨੇ ਮਿਰਚਾਂ ਸੁੱਟ ਦਿੱਤੀਆਂ। ਕਾਂਗਰਸ-ਖੱਬੇ ਪੱਖੀ ਗੱਠਜੋੜ ’ਚ ਸ਼ਾਮਲ ਇੰਡੀਅਨ ਸੈਕੂਲਰ ਫਰੰਟ ਅਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਵਿਚਕਾਰ ਬੰਗੋਰ ਹਲਕੇ ’ਚ ਝੜਪਾਂ ਹੋਈਆਂ। ਕੂਚਬਿਹਾਰ ਜ਼ਿਲੇ ’ਚ ਕਾਨੂੰਨ ਤੇ ਸ਼ਾਂਤੀ ਬਣਾਈ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਵਿੱਚ ‘ਸਾਈਲੈਂਸ ਪੀਰੀਅਡ’ ਦਾ ਸਮਾਂ 48 ਘੰਟੇ ਤੋਂ ਵਧਾ ਕੇ 72 ਘੰਟੇ ਕਰਨਾ ਵੀ ਸ਼ਾਮਲ ਹੈ। ਇਹ ਪਾਬੰਦੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ। ਇਸੇ ਦੌਰਾਨ ਤ੍ਰਿਣਮੂਲ ਕਾਂਗਰਸ ਨੇ ਚੋਣ ਕਮਿਸ਼ਨ ਦੇ ਫ਼ੈਸਲੇ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਘਟਨਾ ਸਥਾਨ ’ਤੇ ਜਾਣਾ ਮੁੱਖ ਮੰਤਰੀ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੂਚ ਬਿਹਾਰ ਜਾਣ ’ਤੇ ਲਾਈ ਗਈ ਪਾਬੰਦੀ ਤੋਂ ਸਪੱਸ਼ਟ ਹੁੰਦਾ ਹੈ ਕਿ ਚੋਣ ਕਮਿਸ਼ਨ ਨਿਰਪੱਖ ਨਹੀਂ ਹੈ।