ਕੋਵਿਡ-19 ਕੇਸਾਂ ’ਚ ਰਿਕਾਰਡ ਵਾਧਾ ਜਾਰੀ

ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ ਰਿਕਾਰਡ 1,69,912 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 1,35,27,717 ਨੂੰ ਅੱਪੜ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੋਵਿਡ-19 ਦੀ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਦਰ 90 ਫੀਸਦ ਤੋਂ ਘੱਟ ਕੇ 89.96 ਫੀਸਦ ਰਹਿ ਗਈ ਹੈ। ਇਸ ਦੌਰਾਨ ਇਕੋ ਦਿਨ ਵਿੱਚ 904 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,70,179 ਹੋ ਗਈ ਹੈ। ਪਿਛਲੇ ਸਾਲ 18 ਅਕਤੂਬਰ ਮਗਰੋਂ ਇਕ ਦਿਨ ਕਰੋਨਾ ਕਰ ਕੇ ਮੌਤ ਦੇ ਮੂੰਹ ਪੈਣ ਵਾਲਿਆਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 12 ਲੱਖ ਦੇ ਅੰਕੜੇ ਨੂੰ ਟੱਪ ਗਈ ਹੈ, ਜੋ ਕੁੱਲ ਕੇਸ ਲੋਡ ਦਾ 8.88 ਫੀਸਦ ਹੈ। ਪਿਛਲੇ ਮਹੀਨੇ 12 ਫਰਵਰੀ ਨੂੰ ਸਰਗਰਮ ਕੋਵਿਡ ਕੇਸਾਂ ਦੀ ਗਿਣਤੀ 1,35,926 ਨਾਲ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਸੀ, ਜਦੋਂਕਿ ਪਿਛਲੇ ਸਾਲ 18 ਸਤੰਬਰ ਨੂੰ 10,17,754 ਕੇਸਾਂ ਨਾਲ ਇਹ ਅੰਕੜਾ ਸਿਖਰ ਸੀ। ਅੰਕੜਿਆਂ ਮੁਤਾਬਕ ਹੁਣ ਤੱਕ 1,21,56,529 ਮਰੀਜ਼ ਕਰੋਨਾ ਦੀ ਲਾਗ ਨੂੰ ਮਾਤ ਦੇ ਕੇ ਸਿਹਤਯਾਬ ਹੋਣ ਵਿੱਚ ਸਫ਼ਲ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ 904 ਹੋਰ ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 349, ਛੱਤੀਸਗੜ੍ਹ ਵਿੱਚ 122, ਉੱਤਰ ਪ੍ਰਦੇਸ਼ 67, ਪੰਜਾਬ 59, ਗੁਜਰਾਤ 54, ਦਿੱਲੀ 48, ਕਰਨਾਟਕ 40, ਮੱਧ ਪ੍ਰਦੇਸ਼ 24, ਤਾਮਿਲ ਨਾਡੂ 22, ਝਾਰਖੰਡ 21, ਕੇਰਲਾ ਤੇ ਹਰਿਆਣਾ ਵਿੱਚ 16-16 ਅਤੇ ਰਾਜਸਥਾਨ ਤੇ ਪੱਛਮੀ ਬੰਗਾਲ ਵਿੱਚ 10-10 ਵਿਅਕਤੀ ਕਰੋਨਾ ਕਰ ਕੇ ਦਮ ਤੋੜ ਗਏ। -ਪੀਟੀਆਈ