ਲੌਕਡਾਊਨ ਸਾਡੇ ਲਈ ਆਖ਼ਰੀ ਰਾਹ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਨੂੰ ਕੋਵਿਡ-19 ਖ਼ਿਲਾਫ਼ ਮੁੜ ਤੋਂ ਵੱਡੀ ਜੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿਛਲੇ ਕੁਝ ਦਿਨਾਂ ’ਚ ਲਏ ਗਏ ਫ਼ੈਸਲਿਆਂ ਨਾਲ ਹਾਲਾਤ ’ਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਲੌਕਡਾਊਨ ਸਭ ਤੋਂ ਆਖਰੀ ਰਾਹ ਹੋਣਾ ਚਾਹੀਦਾ ਹੈ। ਦੇਸ਼ ਦੇ ਨਾਮ ਆਪਣੇ ਸੰਬੋਧਨ ’ਚ ਸ੍ਰੀ ਮੋਦੀ ਨੇ ਕਿਹਾ ਕਿ ਲੋਕ ਤਕਲੀਫ਼ ’ਚ ਹਨ ਪਰ ‘ਸਾਨੂੰ ਆਪਣੀ ਪੂਰੀ ਤਾਕਤ ਨਾਲ ਲੜਨ ਦੀ ਲੋੜ ਹੈ।’ ਉਨ੍ਹਾਂ ਭਰੋਸਾ ਜਤਾਇਆ ਕਿ ਲੋਕਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਕਰੋਨਾਵਾਇਰਸ ਨੂੰ ਮਾਤ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ,‘‘ਮੈਂ ਡਾਕਟਰਾਂ ਅਤੇ ਸਾਰੇ ਸਿਹਤ ਸੰਭਾਲ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹੜੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਜੰਗ ’ਚ ਬਿਨਾਂ ਰੁਕੇ ਸਾਥ ਦੇ ਰਹੇ ਹਨ।’’ ਉਨ੍ਹਾਂ ਕਿਹਾ ਕਿ ਫਾਰਮਾ ਸੈਕਟਰ ਵੈਕਸੀਨ ਵਿਕਸਤ ਕਰਨ ਅਤੇ ਉਸ ਦੀ ਸਪਲਾਈ ਸਮੇਤ ਹੋਰ ਸਾਰੀਆਂ ਚੁਣੌਤੀਆਂ ਦਾ ਡਟ ਕੇ ਕੰਮ ਕਰ ਰਿਹਾ ਹੈ। ‘ਆਕਸੀਜਨ ਸਿਲੰਡਰਾਂ ਦੀ ਘਾਟ ਵੱਡੀ ਸਮੱਸਿਆ ਬਣੀ ਹੈ ਅਤੇ ਸਾਰੀਆਂ ਧਿਰਾਂ ਰਲ ਕੇ ਇਸ ਚੁਣੌਤੀ ਦਾ ਟਾਕਰਾ ਕਰ ਰਹੀਆਂ ਹਨ।’ ਸ੍ਰੀ ਮੋਦੀ ਨੇ ਕਿਹਾ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਹਾਲਾਤ ਵੱਖਰੇ ਹਨ ਕਿਉਂਕਿ ਪਹਿਲਾਂ ਨਾ ਤਾਂ ਮੁਲਕ ’ਚ ਕੋਵਿਡ ਵੈਕਸੀਨ ਸੀ ਅਤੇ ਨਾ ਹੀ ਪੀਪੀਈ ਕਿੱਟਾਂ ਤੇ ਹੋਰ ਮੈਡੀਕਲ ਸਾਜ਼ੋ-ਸਾਮਾਨ ਦੇ ਉਤਪਾਦਨ ਲਈ ਢਾਂਚਾ ਸੀ। ਉਨ੍ਹਾਂ ਕਿਹਾ ਕਿ ਲੌਕਡਾਊਨ ਆਖਰੀ ਬਦਲ ਹੋਣਾ ਚਾਹੀਦਾ ਹੈ ਅਤੇ ਸਾਰਾ ਧਿਆਨ ਮਾਈਕਰੋ-ਕੰਟੇਨਮੈਂਟ ’ਤੇ ਕੇਂਦਰਤ ਹੋਣਾ ਚਾਹੀਦਾ ਹੈ। ‘ਜੇਕਰ ਅਸੀਂ ਸਾਰੇ ਕੋਵਿਡ-19 ਪ੍ਰੋਟੋਕੋਲ ਦਾ ਪਾਲਣ ਕਰਦੇ ਹਾਂ ਤਾਂ ਲੌਕਡਾਊਨ ਲਗਾਉਣ ਦੀ ਲੋੜ ਨਹੀਂ ਪਵੇਗੀ।’ ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਘਰਾਂ ਤੋਂ ਬਾਹਰ ਲੋੜ ਪੈਣ ’ਤੇ ਹੀ ਨਿਕਲਣ ਅਤੇ ਕਰੋਨਾ ਤੋਂ ਬਚਾਅ ਦੇ ਟੀਕੇ ਲਗਵਾਉਣ।