ਕੁੰਵਰ ਵਿਜੈ ਪ੍ਰਤਾਪ ਨੇ ਏਜੀ ’ਤੇ ਨਿਸ਼ਾਨਾ ਸੇਧਿਆ

ਚੰਡੀਗੜ੍ਹ: ਪੰਜਾਬ ਦੇ ਗ੍ਰਹਿ ਵਿਭਾਗ ਨੇ ਕੁੰਵਰ ਵਿਜੈ ਪ੍ਰਤਾਪ ਦੀ ਅਗਾਊਂ ਸੇਵਾਮੁਕਤੀ ਦੇ ਰਸਮੀ ਹੁਕਮ ਜਾਰੀ ਕਰ ਦਿੱਤੇ ਹਨ। ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਤੋਂ ਬਾਅਦ ਅੱਜ ਇਹ ਹੁਕਮ ਜਾਰੀ ਹੋ ਗਏ ਹਨ। 1998 ਬੈਚ ਦੇ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਨੇ 14 ਅਪਰੈਲ ਨੂੰ ਅਗਾਊਂ ਸੇਵਾਮੁਕਤੀ/ਅਸਤੀਫੇ ਸਬੰਧੀ ਅਰਜ਼ੀ ਦਿੱਤੀ ਸੀ। ਤਾਜ਼ਾ ਘਟਨਾਕ੍ਰਮ ਨਾਲ ਪੰਜਾਬ ਸਰਕਾਰ ਦੀਆਂ ਚਿੰਤਾਵਾਂ ਅਤੇ ਚੁਣੌਤੀਆਂ ਵੱਧ ਸਕਦੀਆਂ ਹਨ। ਚੇਤੇ ਰਹੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਪਣੇ ਇੱਕ ਹੁਕਮ ਰਾਹੀਂ ਕੋਟਕਪੂਰਾ ਪੁਲੀਸ ਗੋਲੀ ਕਾਂਡ ਦੀ ਜਾਂਚ ਰਿਪੋਰਟ ਰੱਦ ਕਰਨ ਦੇ ਨਾਲ ਨਾਲ ਭਵਿੱਖ ਵਿੱਚ ਕੁੰਵਰ ਵਿਜੈ ਪ੍ਰਤਾਪ ਨੂੰ ਵਿਸ਼ੇਸ਼ ਜਾਂਚ ਟੀਮ ਤੋਂ ਲਾਂਭੇ ਰੱਖਣ ਲਈ ਵੀ ਕਿਹਾ ਸੀ। ਇਨ੍ਹਾਂ ਹੁਕਮਾਂ ਤੋਂ ਬਾਅਦ ਸਾਬਕਾ ਪੁਲੀਸ ਅਧਿਕਾਰੀ ਨਾਰਾਜ਼ ਦੱਸਿਆ ਜਾ ਰਿਹਾ ਸੀ। ਇਹ ਨਾਰਾਜ਼ਗੀ ਜਨਤਕ ਹੋਣ ਤੋਂ ਬਾਅਦ ਸਰਕਾਰ ਨੂੰ ਬੇਅਦਬੀ ਅਤੇ ਇਸ ਘਟਨਾ ਨਾਲ ਜੁੜੇ ਦੋ ਪੁਲੀਸ ਗੋਲੀ ਕਾਂਡਾਂ ਬਹਿਬਲ ਕਲਾਂ ਅਤੇ ਕੋਟਕਪੂਰਾ ਦੀ ਜਾਂਚ ਲਈ ਵੀ ਚੁਣੌਤੀ ਖੜ੍ਹੀ ਹੋ ਗਈ ਹੈ। ਸਰਕਾਰ ਲਈ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੇ ਪੰਜਾਬ ਸਰਕਾਰ ਵਿਰੁੱਧ ਫਰੰਟ ਖੋਲ੍ਹ ਦਿੱਤਾ ਹੈ। ਸਾਬਕਾ ਪੁਲੀਸ ਅਧਿਕਾਰੀ ਨੇ ਸਭ ਤੋਂ ਪਹਿਲਾ ਨਿਸ਼ਾਨਾ ਸੂਬੇ ਦੇ ਐਡਵੋਕੇਟ ਜਨਰਲ (ਏਜੀ) ਅਤੁਲ ਨੰਦਾ ਅਤੇ ਉਸ ਦੇ ਸਾਥੀ ਵਕੀਲਾਂ ਨੂੰ ਬਣਾਇਆ ਹੈ। ਕਾਂਗਰਸ ਪਾਰਟੀ ਅੰਦਰ ਵੀ ਭਾਰੀ ਹਲਚਲ ਦੇਖੀ ਜਾ ਰਹੀ ਹੈ। ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੱਖਰਾ ਫਰੰਟ ਖੋਲ੍ਹਿਆ ਹੋਇਆ ਹੈ। ਕਾਂਗਰਸ ਆਗੂਆਂ ਦਾ ਮੰਨਣਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਖੇਡਿਆ ਪੱਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਢਾਹ ਲਾ ਸਕਦਾ ਹੈ। ਸਾਬਕਾ ਪੁਲੀਸ ਅਧਿਕਾਰੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਿਸ ਤਰ੍ਹਾਂ ਦੇ ਪ੍ਰਗਟਾਵੇ ਕੀਤੇ ਜਾ ਰਹੇ ਹਨ, ਉਸ ਨੂੰ ਦੇਖਦਿਆਂ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੂਬੇ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕੁੰਵਰ ਵਿਜੈ ਪ੍ਰਤਾਪ ਸਿੰਘ ਅਹਿਮ ਭੂਮਿਕਾ ਨਿਭਾਉਣ ਦੇ ਚਾਹਵਾਨ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਅਕਾਲੀ ਨੇਤਾਵਾਂ ਵੱਲੋਂ ਵੀ ਤਾਜ਼ਾ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ‘ਆਪ’ ਵੱਲੋਂ ਵੀ ਕਾਂਗਰਸ ਤੇ ਅਕਾਲੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *