ਦੀਪ ਸਿੱਧੂ ਨੂੰ ਦੂਜੇ ਕੇਸ ਵਿਚ ਵੀ ਜ਼ਮਾਨਤ ਮਿਲੀ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦੀਪ ਸਿੱਧੂ ਨੂੰ ਦੂਜੇ ਕੇਸ ਵਿਚ ਵੀ ਅੱਜ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਜਿਸ ਮਗਰੋਂ ਉਸ ਦੀ ਰਿਹਾਈ ਦਾ ਰਾਹ ਸਾਫ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਥਾਣਾ ਕੋਤਵਾਲੀ ਵੱਲੋਂ ਦਰਜ ਕੀਤੇ ਗਏ ਕੇਸ ਵਿਚ ਅੱਜ ਤੀਸ ਹਜ਼ਾਰੀ ਕੋਰਟ ਨੇ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਦੀਪ ਸਿੱਧੂ ਤੋਂ ਪੁਲੀਸ 14 ਦਿਨਾਂ ਤੱਕ ਪੁੱਛ-ਪੜਤਾਲ ਕਰ ਚੁੱਕੀ ਹੈ ਤੇ ਉਹ 70 ਦਿਨਾਂ ਤੋਂ ਜੇਲ੍ਹ ਵਿਚ ਹੈ। ਇਸ ਲਈ ਉਸ ਦੀ ਰਿਹਾਈ ’ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ। ਸ੍ਰੀ ਸਿਰਸਾ ਨੇ ਇਹ ਵੀ ਦੱਸਿਆ ਕਿ ਕਮੇਟੀ ਵੱਲੋਂ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਮੁੰਡੀ ਨੂੰ ਕਥਿਤ ਗ਼ੈਰ ਕਾਨੂੰਨੀ ਹਿਰਾਸਤ ਵਿਚ ਰੱਖ ਕੇ ਉਸ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਦਿੱਲੀ ਪੁਲੀਸ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਾਏ ਗਏ ਕੇਸ ਦੀ ਸੁਣਵਾਈ 27 ਅਪਰੈਲ ਨੂੰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਹਾਈ ਕੋਰਟ ਪੰਜਾਬ ਪੁਲੀਸ ਨੂੰ ਦਿੱਲੀ ਪੁਲੀਸ ਦੀ ਉਸ ਟੀਮ ਖ਼ਿਲਾਫ਼ ਕੇਸ ਦਰਜ ਕਰਨ ਦੀ ਹਦਾਇਤ ਕਰੇਗਾ ਜਿਸ ਨੇ ਗੁਰਦੀਪ ਨਾਲ ਮਾੜਾ ਸਲੂਕ ਕੀਤਾ।