ਕਰੋਨਾਵਾਇਰਸ: ਭਾਰਤ ਵਿਚ ਰਿਕਾਰਡ 3.53 ਲੱਖ ਨਵੇਂ ਕੇਸ

ਨਵੀਂ ਦਿੱਲੀ : ਭਾਰਤ ਵਿਚ ਅੱਜ ਕਰੋਨਾਵਾਇਰਸ ਦੇ ਇਕ ਦਿਨ ਵਿਚ ਸਭ ਤੋਂ ਵੱਧ 3,52,991 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਇਕ ਦਿਨ ਵਿਚ ਸਾਹਮਣੇ ਆਏ ਨਵੇਂ ਕੇਸਾਂ ਦੇ ਐਨੇ ਵੱਡੇ ਅੰਕੜੇ ਨਾਲ ਦੇਸ਼ ਵਿਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 1,73,13,163 ’ਤੇ ਪਹੁੰਚ ਗਈ ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ 28 ਲੱਖ ਤੋਂ ਪਾਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟੇ ਵਿਚ ਹੋਈਆਂ ਰਿਕਾਰਡ 2,812 ਨਵੀਆਂ ਮੌਤਾਂ ਨਾਲ ਮਹਾਮਾਰੀ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ ਵਧ ਕੇ 1,95,123 ’ਤੇ ਪਹੁੰਚ ਗਈ ਹੈ। ਮਹਾਮਾਰੀ ਦੇ ਕੇਸਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 28,13,658 ਹੋ ਗਈ ਹੈ ਜੋ ਕਿ ਕੁੱਲ ਕੇਸਾਂ ਦਾ 16.25 ਫ਼ੀਸਦ ਹੈ, ਹਾਲਾਂਕ ਦੇਸ਼ ਵਿਚ ਕੋਵਿਡ-19 ਤੋਂ ਉੱਭਰ ਕੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਘਟ ਕੇ 82.62 ਫ਼ੀਸਦ ਰਹਿ ਗਈ ਹੈ। ਇਸ ਮਹਾਮਾਰੀ ਤੋਂ ਉੱਭਰ ਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,43,04,382 ਹੈ। ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 1.13 ਫ਼ੀਸਦ ਹੈ।

ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਵਿਚ ਹੋਈਆਂ 2,812 ਮੌਤਾਂ ਵਿਚੋਂ ਸਭ ਤੋਂ ਵੱਧ 832 ਮੌਤਾਂ ਇਕੱਲੇ ਮਹਾਰਾਸ਼ਟਰ ’ਚ ਹੋਈਆਂ ਹਨ। ਉਸ ਤੋਂ ਬਾਅਦ ਦਿੱਲੀ ਵਿਚ 350, ਉੱਤਰ ਪ੍ਰਦੇਸ਼ ’ਚ 206, ਛੱਤੀਸਗੜ੍ਹ ’ਚ 199, ਗੁਜਰਾਤ ’ਚ 157, ਕਰਨਾਟਕ ’ਚ 143 ਅਤੇ ਝਾਰਖੰਡ ’ਚ 103 ਮੌਤਾਂ ਹੋਈਆਂ ਹਨ। ਹੁਣ ਤੱਕ ਦੇਸ਼ ਭਰ ਵਿਚ ਕਰੋਨਾ ਕਾਰਨ ਹੋਈਆਂ ਕੁੱਲ 1,95,123 ਮੌਤਾਂ ’ਚੋਂ ਸਭ ਤੋਂ ਵੱਧ 64,760 ਮੌਤਾਂ ਇਕੱਲੇ ਮਹਾਰਾਸ਼ਟਰ ’ਚ ਹੋਈਆਂ ਹਨ। ਉਸ ਤੋਂ ਬਾਅਦ ਕਰਨਾਟਕ ’ਚ 14426, ਦਿੱਲੀ ’ਚ 14248, ਤਾਮਿਲਨਾਡੂ ’ਚ 13557, ਉੱਤਰ ਪ੍ਰਦੇਸ਼ ਵਿਚ 11165, ਪੱਛਮੀ ਬੰਗਾਲ ’ਚ 10941, ਪੰਜਾਬ ’ਚ 8432 ਅਤੇ ਆਂਧਰਾ ਪ੍ਰਦੇਸ਼ ’ਚ 7685 ਮੌਤਾਂ ਹੋਈਆਂ ਹਨ। 

Leave a Reply

Your email address will not be published. Required fields are marked *