ਕੈਨੇਡਾ ’ਚ 12 ਤੋਂ 15 ਸਾਲ ਦੇ ਬੱਚਿਆਂ ਦੇ ਕੋਵਿਡ ਟੀਕਾਕਰਨ ਲਈ ਹਰੀ ਝੰਡੀ

ਓਟਵਾ: ਕੈਨੇਡਾ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵਿਡ-19 ਤੋਂ ਬਚਾਅ ਲਈ ਫਾਈਜ਼ਰ ਵੱਲੋਂ ਤਿਆਰ ਟੀਕਾ ਲਾਉਣ ਦੀ ਮਨਜ਼ੂਰੀ ਦੇਣ ਵਾਲਾ ਪਹਿਲਾ ਮੁਲਕ ਬਣ ਗਿਆ ਹੈ। ਕੈਨੇਡੀਅਨ ਸੰਘੀ ਸਿਹਤ ਮੰਤਰਾਲੇ ਦੀ ਸੀਨੀਅਰ ਸਲਾਹਕਾਰ ਸੁਪ੍ਰਿਆ ਸ਼ਰਮਾ ਨੇ ਕਿਹਾ ਕਿ ਨਿਰਪੱਖ ਵਿਗਿਆਨਕ ਸਮੀਖਿਆ ਮਗਰੋਂ ਸਿਹਤ ਵਿਭਾਗ ਨੂੰ ਪੱਕਾ ਹੋ ਗਿਆ ਹੈ ਕਿ ਜਰਮਨ ਭਾਈਵਾਲ ਬਾਇਓਐੱਨਟੈੱਕ ਨਾਲ ਮਿਲ ਕੇ ਤਿਆਰ ਕੀਤਾ ਗਿਆ ਫਾਈਜ਼ਰ ਦਾ ਇਹ ਟੀਕਾ ਛੋਟੇ ਉਮਰ ਵਰਗ ਲਈ ਸੁਰੱਖਿਅਤ ਹੋਣ ਦੇ ਨਾਲ ਪ੍ਰਭਾਵਸ਼ਾਲੀ ਹੈ। ਸਿਨਹੂਆ ਖ਼ਬਰ ਏਜੰਸੀ ਨੇ ਕਿਹਾ ਕਿ ਕੈਨੇਡਾ 12 ਤੋਂ 15 ਸਾਲ ਉਮਰ ਵਰਗ ਦੇ ਛੋਟੇ ਬੱਚਿਆਂ ਨੂੰ ਫਾਈਜ਼ਰ ਦੀ ਦੋ ਖੁਰਾਕਾਂ ਵਾਲੀ ਵੈਕਸੀਨ ਨੂੰ ਪ੍ਰਵਾਨਗੀ ਦੇਣ ਵਾਲਾ ਪਹਿਲਾ ਮੁਲਕ ਹੈ। ਕੈਨੇਡੀਅਨ ਸਰਕਾਰ ਨੇ ਪਿਛਲੇ ਸਾਲ ਦਸੰਬਰ ਵਿੱਚ 16 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਵੈਕਸੀਨ ਲਾਉਣ ਲਈ ਹਰੀ ਝੰਡੀ ਦਿੱਤੀ ਸੀ। ਕੈਨੇਡਾ ਦੇ ਸਿਹਤ ਵਿਭਾਗ ਵੱਲੋਂ ਲਿਆ ਗਿਆ ਉਪਰੋਕਤ ਫੈਸਲਾ ਤੀਜੇ ਗੇੜ ਦੇ ਕਲੀਨਿਕਲ ਟਰਾਇਲਾਂ ਦੇ ਨਤੀਜਿਆਂ ’ਤੇ ਅਧਾਰਿਤ ਹੈ, ਜਿਸ ਵਿਚ 12 ਤੋਂ 15 ਸਾਲ ਦੇ ਬੱਚਿਆਂ ਨੂੰ ਟੀਕੇ ਲਾਏ ਗਏ ਸਨ।