ਕੈਪਟਨ ਵੱਲੋਂ ਸੰਸਦ ਮੈਂਬਰਾਂ ਨਾਲ ਚਰਚਾ ਮਗਰੋਂ ਰਣਨੀਤੀ ਤਿਆਰ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੀਟਿੰਗ ਕਰਕੇ ਕੇਂਦਰ ਸਰਕਾਰ ’ਤੇ ਦਬਾਓ ਬਣਾਉਣ ਦਾ ਖਾਕਾ ਤਿਆਰ ਕੀਤਾ ਤਾਂ ਜੋ ਆਕਸੀਜਨ ਸਪਲਾਈ ’ਚ ਵਾਧਾ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਵਰਚੁਅਲ ਮੀਟਿੰਗ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੇ ਕਾਂਗਰਸੀ ਸੰਸਦ ਮੈਂਬਰਾਂ ਤੋਂ ਕੋਵਿਡ-19 ਬਾਰੇ ਸੁਝਾਅ ਲਏ। ਮੁੱਖ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਉਹ ਆਕਸੀਜਨ ਅਤੇ ਟੀਕਾਕਰਨ ਦੇ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ ਕਰਨ। ਵਰਚੁਅਲ ਮੀਟਿੰਗ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ’ਚ ਕੋਵਿਡ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਸੰਸਦ ਮੈਂਬਰਾਂ ਨੇ ਵੱਖੋ ਵੱਖਰੇ ਮੁੱਦਿਆਂ ’ਤੇ ਮਸ਼ਵਰਾ ਦਿੱਤਾ। ਸੂਤਰਾਂ ਅਨੁਸਾਰ ਦੋ ਤਿੰਨ ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਜ਼ਮੀਨੀ ਹਕੀਕਤ ਦੇਖਦੇ ਹੋਏ ਪੰਜਾਬ ਵਿਚ ਮੁਕੰਮਲ ਲੌਕਡਾਊਨ ਲਾਏ ਜਾਣ ਤੋਂ ਵੀ ਗੁਰੇਜ਼ ਨਾ ਕੀਤਾ ਜਾਵੇ ਕਿਉਂਕਿ ਪੰਜਾਬ ’ਚ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦਾ ਗ੍ਰਾ਼ਫ਼ ਲਗਾਤਾਰ ਵਧ ਰਿਹਾ ਹੈ ਅਤੇ ਕਰੋਨਾ ਦੀ ਤੀਜੀ ਲਹਿਰ ਵੀ ਸਿਰ ’ਤੇ ਹੈ। ਕੋਵਿਡ ਮਹਾਮਾਰੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਰਵੱਈਏ ’ਤੇ ਸੰਸਦ ਮੈਂਬਰਾਂ ਨੇ ਟਿੱਪਣੀਆਂ ਕੀਤੀਆਂ। ਮੀਟਿੰਗ ਉਪਰੰਤ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਾਰੇ ਸੰਸਦ ਮੈਂਬਰਾਂ ਨੇ ਇਕੱਠੇ ਹੋ ਕੇ ਆਕਸੀਜਨ ਦੇ ਮੁੱਦੇ ’ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਵਿਚ ਵੀ ਕੋਵਿਡ ਕੇਸ ਵਧਣ ਲੱਗੇ ਹਨ, ਜਿਸ ਕਰਕੇ ਪਾਕਿਸਤਾਨ ਤੋਂ ਆਕਸੀਜਨ ਲਏ ਜਾਣ ਵਾਲੀ ਚਰਚਾ ਨੂੰ ਬੂਰ ਨਹੀਂ ਪਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਆਪਣੇ ਸੰਸਦੀ ਕੋਟੇ ਦੇ ਫੰਡਾਂ ਨੂੰ ਵੱਧ ਤੋਂ ਵੱਧ ਸਿਹਤ ਪ੍ਰਬੰਧਾਂ ਲਈ ਵਰਤਣ ਵਾਸਤੇ ਆਖਿਆ। ਆਕਸੀਜਨ ਜੈਨਰੇਸ਼ਨ ਲਈ ਸਰਬੱਤ ਦਾ ਭਲਾ ਸੰਸਥਾ ਵੱਲੋਂ ਕੀਤੀ ਪੇਸ਼ਕਸ਼ ’ਤੇ ਗੌਰ ਕਰਨ ਬਾਰੇ ਵੀ ਚਰਚਾ ਚੱਲੀ। ਔਜਲਾ ਨੇ ਅੰਮ੍ਰਿਤਸਰ ’ਚ ਕੋਵਿਡ ਪ੍ਰਬੰਧਾਂ ਲਈ ਪੰਜਾਬ ਸਰਕਾਰ ਤੋਂ ਹੋਰ ਵਧੇਰੇ ਸਹਿਯੋਗ ਦੀ ਮੰਗ ਵੀ ਕੀਤੀ। ਮੀਟਿੰਗ ਵਿਚ ਵੱਡੇ ਧਾਰਮਿਕ ਸੰਸਥਾਨਾਂ ਤੋਂ ਇਲਾਵਾ ਗੈਰ ਸਰਕਾਰੀ ਸੰਸਥਾਵਾਂ ਤੋਂ ਵੀ ਕੋਵਿਡ ਖ਼ਿਲਾਫ਼ ਲੜਾਈ ਵਿਚ ਸਹਿਯੋਗ ਲੈਣ ਲਈ ਆਖਿਆ ਗਿਆ। ਜਿ਼ਕਰਯੋਗ ਹੈ ਕਿ ਪੰਜਾਬ ’ਚ ਕਰੋਨਾ ਕਾਰਨ ਹਾਲਾਤ ਗੰਭੀਰ ਹੋ ਰਹੇ ਹਨ।
ਦਿੱਲੀ ਦੀ ਤਰਜ਼ ’ਤੇ ਹਾਈ ਕੋਰਟ ਦਾ ਰੁਖ਼ ਕਰਨ ਦੀ ਸਲਾਹ
ਮੀਟਿੰਗ ਦੌਰਾਨ ਸੰਸਦ ਮੈਂਬਰਾਂ ਨੇ ਸੁਝਾਅ ਦਿੱਤਾ ਕਿ ਜੇ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੁੰਦੀ ਤਾਂ ਦਿੱਲੀ ਸਰਕਾਰ ਦੀ ਤਰਜ਼ ’ਤੇ ਕੇਂਦਰ ਸਰਕਾਰ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ। ਸੰਸਦ ਮੈਂਬਰਾਂ ਨੇ ਦਿੱਲੀ ਵਿੱਚ ਸਿੰਘੂ/ਟਿੱਕਰੀ ਹੱਦ ’ਤੇ ਬੈਠੇ ਕਿਸਾਨਾਂ ਦਾ ਟੀਕਾਕਰਨ ਕਰਾਏ ਜਾਣ ਦਾ ਵੀ ਸੁਝਾਅ ਦਿੱਤਾ। ਇੱਕ ਸੰਸਦ ਮੈਂਬਰ ਨੇ ਭਾਰਤੀ ਫੌਜ ਤੋਂ ਬੈੱਡ ਆਦਿ ਲਈ ਮਦਦ ਲੈਣ ਦਾ ਸੁਝਾਅ ਦਿੱਤਾ। ਇੱਕ ਚਰਚਾ ਇਹ ਵੀ ਚੱਲੀ ਕਿ ਪਾਕਿਸਤਾਨ ਤੋਂ ਆਕਸੀਜਨ ਲੈਣ ਲਈ ਪ੍ਰਵਾਨਗੀ ਲਈ ਕੇਂਦਰ ਤੱਕ ਮੁੜ ਪਹੁੰਚ ਕੀਤੀ ਜਾਵੇ।
ਪੰਜਾਬ ਵਿੱਚ ਕਰੋਨਾ ਨਾਲ 154 ਹੋਰ ਮੌਤਾਂ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਕਰ ਕੇ 154 ਹੋਰ ਵਿਅਕਤੀ ਮੌਤ ਦੇ ਮੂੰਹ ਜਾ ਪਏ ਹਨ। ਇਸੇ ਅਰਸੇ ਦੌਰਾਨ ਕੋਵਿਡ-19 ਦੇ ਰਿਕਾਰਡ 8,874 ਸੱਜਰੇ ਕੇਸ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ 9,979 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਪੰਜਾਬ ਵਿੱਚ ਪਿਛਲੇ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਮਹਾਮਾਰੀ ਦੀ ਮਾਰ ਦੌਰਾਨ ਸੂਬੇ ਵਿੱਚ ਹੁਣ ਤੱਕ 4.16 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 3.39 ਲੱਖ ਤੋਂ ਵੱਧ ਠੀਕ ਵੀ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ’ਚ 25, ਲੁਧਿਆਣਾ 19, ਪਟਿਆਲ਼ਾ 15, ਜਲੰਧਰ ਤੇ ਸੰਗਰੂਰ 12-12, ਮੁਕਤਸਰ 10, ਬਠਿੰਡਾ ਤੇ ਫਾਜ਼ਿਲਕਾ 9-9, ਮੁਹਾਲੀ 6, ਕਪੂਰਥਲਾ, ਮਾਨਸਾ, ਮੋਗਾ ਤੇ ਪਠਾਨਕੋਟ 5-5, ਫ਼ਿਰੋਜ਼ਪੁਰ ਤੇ ਗੁਰਦਾਸਪੁਰ 4-4, ਫ਼ਤਿਹਗੜ੍ਹ ਸਾਹਿਬ 3 ਅਤੇ ਬਰਨਾਲਾ ਤੇ ਤਰਨਤਾਰਨ ਵਿੱਚ 2-2 ਵਿਅਕਤੀਆਂ ਦੀ ਮੌਤ ਹੋਈ ਹੈ।