ਕਰੋਨਾਵਾਇਰਸ: ਭਾਰਤ ਵਿਚ ਇਕ ਦਿਨ ’ਚ 4,03,738 ਨਵੇਂ ਕੇਸ

ਨਵੀਂ ਦਿੱਲੀ: ਭਾਰਤ ਵਿਚ ਅੱਜ ਕਰੋਨਾਵਾਇਰਸ ਦੇ 4,03,738 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਦੇਸ਼ ਵਿਚ ਮਹਾਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ 2,22,96,414 ਹੋ ਗਈ ਹੈ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿਚ ਹੋਈਆਂ 4,092 ਹੋਰ ਮੌਤਾਂ ਨਾਲ ਦੇਸ਼ ਵਿਚ ਹੁਣ ਤੱਕ ਕਰੋਨਾ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ ਅੰਕੜਾ ਵਧ ਕੇ 2,42,362 ’ਤੇ ਪਹੁੰਚ ਗਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕਰੋਨਾਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਣ ਕਾਰਨ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 37,36,648 ’ਤੇ ਪਹੁੰਚ ਗਈ ਹੈ ਜੋ ਕਿ ਕੁੱਲ ਕੇਸਾਂ ਦਾ 16.76 ਫ਼ੀਸਦ ਹੈ ਜਦਕਿ ਕਰੋਨਾ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਦਰ 82.15 ਫ਼ੀਸਦ ਹੈ। ਰੋਜ਼ਾਨਾ 3,86,444 ਮਰੀਜ਼ ਠੀਕ ਹੋ ਰਹੇ ਹਨ ਅਤੇ ਹੁਣ ਤੱਕ ਕੁੱਲ 1,83,17,404 ਮਰੀਜ਼ ਇਸ ਬਿਮਾਰੀ ਤੋਂ ਉੱਭਰ ਕੇ ਠੀਕ ਹੋ ਚੁੱਕੇ ਹਨ। ਹਾਲਾਂਕਿ, ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 1.09 ਫ਼ੀਸਦ ਹੈ।
ਕਰੋਨਾ ਕਾਰਨ ਪਿਛਲੇ 24 ਘੰਟੇ ਵਿਚ ਹੋਈਆਂ 4,092 ਮੌਤਾਂ ਵਿਚੋਂ ਮਹਾਰਾਸ਼ਟਰ ’ਚ 864, ਕਰਨਾਟਕ ’ਚ 482, ਦਿੱਲੀ ’ਚ 332, ਉੱਤਰ ਪ੍ਰਦੇਸ਼ ’ਚ 297, ਤਾਮਿਲਨਾਡੂ ’ਚ 241, ਛੱਤੀਸਗੜ੍ਹ ’ਚ 223, ਪੰਜਾਬ ’ਚ 171, ਰਾਜਸਥਾਨ ’ਚ 160, ਹਰਿਆਣਾ ’ਚ 155, ਝਾਰਖੰਡ ’ਚ 141, ਪੱਛਮੀ ਬੰਗਾਲ ਵਿਚ 127, ਗੁਜਰਾਤ ’ਚ 119 ਅਤੇ ਉੱਤਰਾਖੰਡ ਵਿਚ 118 ਮੌਤਾਂ ਹੋਈਆਂ ਹਨ।
ਇਸ ਤੋਂ ਇਲਾਵਾ ਹੁਣ ਤੱਕ ਦੇਸ਼ ਭਰ ਵਿਚ ਹੋਈਆਂ ਕੁੱਲ 2,42,362 ਮੌਤਾਂ ਵਿਚੋਂ ਸਭ ਤੋਂ ਵੱਧ 75277 ਮੌਤਾਂ ਮਹਾਰਾਸ਼ਟਰ ’ਚ ਹੋਈਆਂ ਹਨ।
ਉਸ ਤੋਂ ਬਾਅਦ ਦਿੱਲੀ ’ਚ 19071, ਕਰਨਾਟਕ ’ਚ 18286, ਤਾਮਿਲਨਾਡੂ ’ਚ 15412, ਉੱਤਰ ਪ੍ਰਦੇਸ਼ ’ਚ 15170, ਪੱਛਮੀ ਬੰਗਾਲ ’ਚ 12203, ਛੱਤੀਸਗੜ੍ਹ ’ਚ 10381 ਅਤੇ ਪੰਜਾਬ ’ਚ ਹੁਣ ਤੱਕ ਕੁੱਲ 10315 ਮੌਤਾਂ ਕਰੋਨਾ ਕਾਰਨ ਹੋਈਆਂ ਹਨ।
ਨਵੇਂ ਕੇਸਾਂ ਵਿਚੋਂ 71 ਫ਼ੀਸਦ ਕੇਸ ਸਿਰਫ਼ 10 ਰਾਜਾਂ ’ਚ
ਨਵੀਂ ਦਿੱਲੀ: ਮਹਾਰਾਸ਼ਟਰ, ਕਰਨਾਟਕ ਤੇ ਦਿੱਲੀ ਉਨ੍ਹਾਂ 10 ਰਾਜਾਂ ਵਿਚ ਸ਼ਾਮਲ ਹਨ ਜੋ ਦੇਸ਼ ਵਿਚ ਪਿਛਲੇ 24 ਘੰਟਿਆਂ ’ਚ ਸਾਹਮਣੇ ਆਏ 4,03,738 ਨਵੇਂ ਕੇਸਾਂ ਵਿਚ 71.75 ਫ਼ੀਸਦ ਹਿੱਸਾ ਪਾਉਂਦੇ ਹਨ। ਇਹ ਜਾਣਕਾਰੀ ਅੱਜ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ। ਦਸ ਰਾਜਾਂ ਵਾਲੀ ਇਸ ਸੂਚੀ ਵਿੱਚ ਸ਼ਾਮਲ ਬਾਕੀ ਰਾਜ ਹਨ ਕੇਰਲ, ਤਾਮਿਲਨਾਡੂ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ ਤੇ ਹਰਿਆਣਾ। ਮਹਾਰਾਸ਼ਟਰ ਵਿਚ ਇਕ ਦਿਨ ’ਚ ਸਭ ਤੋਂ ਵੱਧ 56578 ਨਵੇਂ ਕੇਸ, ਕਰਨਾਟਕ ’ਚ 47563 ਕੇਸ ਜਦਕਿ ਕੇਰਲ ’ਚ 41971 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਵਿਚ ਇਸ ਵੇਲੇ ਕੋਵਿਡ-19 ਦੀ ਪਾਜ਼ੇਟਿਵਿਟੀ ਦਰ 21.64 ਫ਼ੀਸਦ ਹੈ।
ਪੰਜਾਬ ਵਿੱਚ ਕਰੋਨਾ ਕਾਰਨ 191 ਮੌਤਾਂ, 8531 ਨਵੇਂ ਕੇਸ
ਚੰਡੀਗੜ੍ਹ : ਪੰਜਾਬ ਵਿੱਚ ਕਰੋਨਾਵਾਇਰਸ ਲਾਗ ਕਾਰਨ ਪਿਛਲੇ 24 ਘੰਟਿਆਂ ਵਿੱਚ 191 ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਇਸ ਬਿਮਾਰੀ ਕਾਰਨ ਸੂਬੇ ਵਿਚ ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 10506 ’ਤੇ ਪਹੁੰਚ ਗਈ ਹੈ। ਸਿਹਤ ਵਿਭਾਗ ਅਨੁਸਾਰ ਸੂਬੇ ਵਿੱਚ ਅੱਜ ਕਰੋਨਾ ਦੇ 8531 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 5850 ਮਰੀਜ਼ਾਂ ਦੀ ਠੀਕ ਹੋਣ ਉਪਰੰਤ ਛੁੱਟੀ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿੱਚ 77,67,351 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚੋਂ 4,42,125 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। ਕੁੱਲ 3,57,276 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਵੇਲੇ ਸੂਬੇ ਵਿਚ 74,343 ਐਕਟਿਵ ਕੇਸ ਹਨ। 9384 ਮਰੀਜ਼ਾਂ ਦਾ ਆਕਸੀਜਨ ਰਾਹੀਂ ਅਤੇ 296 ਮਰੀਜ਼ਾਂ ਦਾ ਵੈਂਟੀਲੇਟਰ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਲੁਧਿਆਣਾ ’ਚ 22, ਅੰਮ੍ਰਿਤਸਰ ’ਚ 20, ਪਟਿਆਲਾ ’ਚ 18, ਬਠਿੰਡਾ, ਮੁਹਾਲੀ ’ਚ 17-17, ਰੂਪਨਗਰ ਵਿਚ 14, ਜਲੰਧਰ ਤੇ ਸੰਗਰੂਰ ’ਚ 12-12, ਫਾਜ਼ਿਲਕਾ ’ਚ 9, ਗੁਰਦਾਸਪੁਰ ’ਚ 7, ਫਿਰੋਜ਼ਪੁਰ ਤੇ ਹੁਸ਼ਿਆਰਪੁਰ ’ਚ 6-6, ਬਰਨਾਲਾ, ਫ਼ਰੀਦਕੋਟ, ਕਪੂਰਥਲਾ ਤੇ ਮਾਨਸਾ ’ਚ 3-3, ਫ਼ਤਹਿਗੜ੍ਹ ਸਾਹਿਬ, ਮੋਗਾ ਤੇ ਤਰਨ ਤਾਰਨ ’ਚ 2-2 ਵਿਅਕਤੀਆਂ ਦੀ ਮੌਤ ਕਰੋਨਾ ਕਰ ਕੇ ਹੋਈ ਹੈ।