ਨਵਾਂ ਸੰਕਟ: ਪੰਜਾਬ ਵਿੱਚ ਝੋਨੇ ਦੀ ਲਵਾਈ 10 ਜੂਨ ਤੋਂ

ਚੰਡੀਗੜ੍ਹ: ਪੰਜਾਬ ’ਚ ਐਤਕੀਂ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਇਸ ਵਾਰ ਵੀ ਕੋਈ ਢਿੱਲ ਨਹੀਂ ਦਿੱਤੀ ਹੈ। ਖੇਤੀ ਮਹਿਕਮ ਨੇ ਪੱਤਰ ਜਾਰੀ ਕਰਕੇ 10 ਜੂਨ ਤੋਂ ਮਗਰੋਂ ਝੋਨੇ ਦੀ ਲਵਾਈ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਹੈ। ਇਸ ਸਰਕਾਰੀ ਫ਼ੈਸਲੇ ਨਾਲ ਪੰਜਾਬ ਵਿਚ ਝੋਨਾ ਲਵਾਈ ਲਈ ਮਜ਼ਦੂਰਾਂ ਦਾ ਸੰਕਟ ਪੈਦਾ ਹੋਣ ਦਾ ਖ਼ਦਸ਼ਾ ਬਣ ਗਿਆ ਹੈ। ਲੰਘੇ ਵਰ੍ਹੇ ਵੀ ਕਰੋਨਾ ਮਹਾਮਾਰੀ ਕਰਕੇ ਮਜ਼ਦੂਰਾਂ ਦੀ ਘਾਟ ਆ ਗਈ ਸੀ ਕਿਉਂਕਿ ਪਰਵਾਸੀ ਮਜ਼ਦੂਰ ਆਪਣੇ ਪਿੱਤਰੀ ਰਾਜਾਂ ਨੂੰ ਪਰਤ ਗਏ ਸਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਅੱਜ ਜ਼ਿਲ੍ਹਾ ਖੇਤੀਬਾੜੀ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਕਿ ਪੰਜਾਬ ਵਿਚ ਇਸ ਵਾਰ ਝੋਨੇ ਦੀ ਪਨੀਰੀ 10 ਮਈ ਤੋਂ ਮਗਰੋਂ ਕਿਸਾਨ ਲਾ ਸਕਣਗੇ ਅਤੇ ਇਸੇ ਤਰ੍ਹਾਂ ਝੋਨੇ ਦੀ ਲਵਾਈ 10 ਜੂਨ ਤੋਂ ਮਗਰੋਂ ਸ਼ੁਰੂ ਹੋਵੇਗੀ। ਪੰਜਾਬ ਸਰਕਾਰ ਨੇ ਪਿਛਲੇ ਵਰ੍ਹੇ ਵੀ ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਕਰਨ ਦਾ ਨੋਟੀਫਿਕੇਸ਼ਨ 11 ਮਈ ਨੂੰ ਜਾਰੀ ਕੀਤਾ ਸੀ। ਐਤਕੀਂ ਕਿਸਾਨਾਂ ਨੂੰ ਉਮੀਦ ਸੀ ਕਿ ਪੰਜਾਬ ਸਰਕਾਰ ਦਿੱਲੀ ’ਚ ਚੱਲ ਰਹੇ ਸੰਘਰਸ਼ ਅਤੇ ਕਰੋਨਾ ਮਹਾਮਾਰੀ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਵਿਚ ਰਿਆਇਤ ਦੇਵੇਗੀ ਤਾਂ ਜੋ ਕਿਸਾਨ ਝੋਨਾ ਵੀ ਲਾ ਸਕਣ ਅਤੇ ਦਿੱਲੀ ਮੋਰਚੇ ਵਿਚ ਹਾਜ਼ਰੀ ਵੀ ਭਰ ਸਕਣ। ਮੁਕਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਤਾਂ ਸੱਠਾ ਝੋਨਾ ਲੱਗ ਵੀ ਚੁੱਕਾ ਹੈ ਅਤੇ ਹਰ ਵਰ੍ਹੇ ਇਸ ਖਿੱਤੇ ਵਿਚ 35 ਫੀਸਦੀ ਅਗੇਤੀ ਬਿਜਾਈ ਹੋ ਜਾਂਦੀ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਸਰਕਾਰ ਨੇ ਮੁੜ 10 ਜੂਨ ਨਿਸ਼ਚਿਤ ਕਰਕੇ ਕਿਸਾਨਾਂ ਅੱਗੇ ਬਿਪਤਾ ਖੜ੍ਹੀ ਕਰ ਦਿੱਤੀ ਹੈ ਕਿਉਂਕਿ ਪਰਵਾਸੀ ਮਜ਼ਦੂਰਾਂ ਦੀ ਗੈਰਹਾਜ਼ਰੀ ਵਿਚ ਲੇਬਰ ਦਾ ਵੱਡਾ ਸੰਕਟ ਬਣ ਜਾਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਕੁਝ ਵੀ ਤੈਅ ਕਰੇ ਪਰ ਉਨ੍ਹਾਂ ਦੀ ਜਥੇਬੰਦੀ ਪਹਿਲੀ ਝੂਨ ਤੋਂ ਹੀ ਲਵਾਈ ਸ਼ੁਰੂ ਕਰਾਏਗੀ।
ਫ਼ੈਸਲੇ ’ਤੇ ਮੁੜ ਵਿਚਾਰ ਹੋਵੇ: ਜੇਠੂਕੇ
ਬੀਕੇਯੂ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦਾ ਕਹਿਣਾ ਸੀ ਕਿ ਝੋਨੇ ਦੀ ਲਵਾਈ ਦੀ ਤਾਰੀਕ ਤੈਅ ਕੀਤੇ ਜਾਣ ਨਾਲ ਜਿੱਥੇ ਲੇਬਰ ਦਾ ਸੰਕਟ ਬਣੇਗਾ, ਉੱਥੇ ਬਿਜਲੀ ਦੀ ਕਮੀ ਵੀ ਝੱਲਣੀ ਪੈ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਲਵਾਈ ’ਚ ਐਤਕੀਂ ਛੋਟ ਦਿੱਤੀ ਜਾਵੇ ਕਿਉਂਕਿ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਕਰਕੇ ਦਿੱਲੀ ਸੰਘਰਸ਼ ਵਿਚ ਸਰਗਰਮ ਹਨ। ਸਰਕਾਰ ਇਸ ਫ਼ੈਸਲੇ ਨੂੰ ਮੁੜ ਵਿਚਾਰੇ।