ਇਕ ਵਾਰ ਦੀ ਗਲ ਹੈ………………….
ਕਹਿੰਦੇੇ ਹਨ ਕਿ ਇਕ ਵਾਰ ਸਿਖ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਰਾਜਭਾਗ ਸਮੇਂ ਅਨਾਜ ਦਾ ਬਹੁਤ ਕਾਲ ਪੈ ਗਿਆ।ਅਨਾਜ ਦੀ ਕਮੀ ਕਾਰਣ ਲੋਕਾਂ ਵਿਚ ਬੇਚੈਨੀ ਤੇ ਚਿੰਤਾ ਦਾ ਆਲਮ ਬਣ ਗਿਆ।ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਰਬਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਕਿ ਸ਼ਾਹੀ ਖਜਾਨੇ ਦੇ ਮੂੰਹ ਖੋਹਲ ਦਿਤੇ ਜਾਣ ਤੇ ਸਿਪਾਹੀਆਂ ਪਾਸੋਂ ਚਾਰੇ ਪਾਸੇ ਇਹ ਪਰਚਾਰ ਕਰਵਾ ਦਿਤਾ ਜਾਵੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਅਨਾਜ ਭੰਡਾਰਾਂ ਦੇ ਮੂੰਹ ਖੋਹਲ ਦਿਤੇ ਹਨ ਇਸ ਲਈ ਲੋਕ ਜਿਤਨਾ ਮਰਜੀ ਰਾਸ਼ਨ ਜਾ ਕੇ ਉਥੋਂ ਲੈ ਲੈਣ।ਜਦ ਮਹਾਰਾਜਾ ਰਣਜੀਤ ਸਿੰਘ ਦਾ ਇਹ ਐਲਾਨ ਲੋਕਾਂ ਕੋਲ ਪਹੁੰਚਿਆ ਤੇ ਇਕ ਪਰਿਵਾਰ ਦੇ ਇਕ ਛੋਟੇ ਜਿਹੇ ਬੱਚੇ ਨੇ ਘਰ ਆਏ ਆਪਣੇ ਦਾਦੇ ਨੂੰ ਕਿਹਾ ਕਿ:
ਬਾਬਾ ਜੀ ਰਾਜੇ ਦਾ,
ਕਹਿ ਗਿਆ ਸਿਪਾਹੀ ਏ॥
ਰਾਜੇ ਦੇ ਮਹਿਲਾਂ ਤੋਂ,
ਸਭ ਦਾਣੇ ਲੈ ਆਵੋ।
ਉਥੇ ਕੋਈ ਘਾਟਾ ਨਹੀਂ
ਸਭ ਬੇਵਰਵਾਹੀ ਹੈ।
ਆਪਣੇ ਪੋਤਰੇ ਦੀ ਇਹ ਗਲ ਸੁਣ ਕੇ ਬਜੁਰਗ ਦੇ ਚਿਹਰੇ ਤੇ ਕੁਝ ਖੁਸ਼ੀ ਆਈ ਤੇ ਉਹ ਦਾਦਾ-ਪੋਤਰਾ ਦੋਵੇਂ ਜਣੇ ਰਾਜੇ ਦੇ ਮਹਿਲਾਂ ਨੂੰ ਅਨਾਜ ਲੈਣ ਲਈ ਤੁਰ ਪਏ।ਉਥੇ ਜਾ ਕੇ ਉਸ ਬਜੁਰਗ ਨੇ ਆਪਣੀ ਪੰਡ ਵਿਚ ਇਤਨਾ ਕੁ ਰਾਸ਼ਣ ਬੰਨ ਲਿਆ ਕਿ ਉਸ ਕੋਲੋਂ ਇਤਨਾ ਭਾਰ ਉਠਾਇਆ ਨਾ ਗਿਆ.ਦੋਨੋਂ ਦਾਦਾ-ਪੋਤਰਾ ਇਹ ਬੰਨਿਆ ਹੋਇਆ ਰਾਸ਼ਣ ਚੁਕਣ ਦੀ ਵਾਰ ਵਾਰ ਕੋਸ਼ਿਸ਼ ਕਰਦੇ ਰਹੇ ਪਰ ਉਹਨਾਂ ਕੋਲੋਂ ਚੁਕਿਆ ਨਾ ਗਿਆ।ਉਧਰ ਮਹਾਰਾਜਾ ਰਣਜੀਤ ਸਿੰਘ ਦੂਰ ਤੋਂ ਇਹ ਨਜਾਰਾ ਵੇਖ ਰਹੇ ਸਨ. ਜਦ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਵੇਖਿਆ ਕਿ ਦੋਨੋਂ ਦਾਦਾ ਪੋਤਰਾ ਆਪਣੀ ਇਹ ਰਾਸ਼ਨ ਦੀ ਪੰਡ ਉਠਾਉਣ ਵਿਚ ਅਸਮਰਥ ਹਨ ਤਾਂ ਉਹਨਾਂ ਆਪਣਾ ਪਹਿਰਾਵਾ ਬਦਲ ਕੇ ਉਸ ਦਾਦੇ-ਪੋਤਰੇ ਨੂੰ ਕਹਿਣ ਲਗੇ ਕਿ ਲਿਆਉ ਇਹ ਰਾਸ਼ਣ ਦੀ ਪੰਡ ਮੈਂ ਤੁਹਾਡੇ ਘਰ ਛਡ ਆਉਂਦਾ ਹਾਂ।ਇਹ ਕਹਿ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਸ਼ਣ ਦੀ ਉਹ ਭਾਰੀ ਪੰਡ ਆਪਣੇ ਸਿਰ ਤੇ ਚੁਕ ਲਈ ਤੇ ਉਸ ਦਾਦੇ -ਪੋਤਰੇ ਨੂੰ ਕਹਿਣ ਲਗੇ ਕਿ ਉਹ ਉਹਨਾਂ ਦੇ ਅਗੇ ਅਗੇ ਚਲਣ ਤੇ ਆਪਣੇ ਘਰ ਨੂੰ ਲੈ ਜਾਣ।ਜਦ ਮਹਾਰਾਜਾ ਰਣਜੀਤ ਸਿੰਘ ਨੇ ਰਾਸ਼ਨ ਦੀ ਉਹ ਪੰਡ ਦਾਦੇ-ਪੋਤਰੇ ਦੇ ਘਰ ਰਖ ਦਿਤੀ ਤਾਂ ਉਸ ਬਜੁਰਗ ਨੇ ਨਾਲ ਭੇਸ ਬਦਲ ਕੇ ਆਏ ਮਹਾਰਾਜਾ ਰਣਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਕਾ ਤੇਰਾ ਨਾਮ ਕੀ ਹੈ ਤੇ ਤੂੰ ਕਿਥੇ ਦਾ ਰਹਿਣ ਵਾਲਾ ਏਂ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਭੇਸ ਬਦਲਣ ਵਾਲੇ ਕਪੜਿਆਂ ਨੂੰ ਉਤਾਰ ਕੇ ਕਿਹਾ ਕਿ ਬਾਬਾ ਜੀ ਮੈਂ ਸੰਗਤਾਂ ਦਾ ਕੂਕਰ ਮਹਾਰਾਜਾ ਰਣਜੀਤ ਸਿੰਘ ਤੇ ਗੁਰੂਨਾਨਕ ਸਾਹਿਬ ਦਾ ਸਿਖ ਹਾਂ।ਇਹ ਗਲਬਾਤ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਦਾਦੇ-ਪੋਤਰੇ ਨੂੰ ਘੁਟ ਕੇ ਆਪਣੀ ਜੱਫੀ ਵਿਚ ਲਿਆ ਤੇ ਨਾਲ ਹੀ ਕਹਿਣ ਲਗੇ ਜਦ ਮਰਜੀ ਤੇ ਜਿਤਨਾ ਮਰਜੀ ਰਾਸ਼ਣ ਤੁਸੀਂ ਰਾਜੇ ਦੇ ਮਹਿਲਾਂ ਤੋਂ ਲਿਆ ਸਕਦੇ ਹੋ