ਚੱਕਰਵਾਤੀ ਤੂਫਾਨ ਯਾਸ ਉੜੀਸਾ ਨੇੜੇ ਪੁੱਜਾ, 12 ਵਜੇ ਤੱਕ ਦੇਵੇਗਾ ਦਸਤਕ

ਨਵੀਂ ਦਿੱਲੀ: ਚੱਕਰਵਾਤੀ ਤੂਫਾਨ ਯਾਸ ਪ੍ਰਚੰਡ ਚੱਕਰਵਾਤੀ ਤੂਫਾਨ ਵਿਚ ਤਬਦੀਲ ਹੋ ਗਿਆ ਹੈ ਤੇ ਇਸ ਦੇ ਅੱਜ ਦੁਪਹਿਰੇ 12 ਵਜੇ ਦੇ ਕਰੀਬ ਉੜੀਸਾ ਦੇ ਸਾਹਿਲ ਉੱਤੇ ਧਾਮਰਾ ਬੰਦਰਗਾਹ ਤੇ ਬਾਲਾਸੋਰ ਦਰਮਿਆਨ ਟਕਰਾਉਣ ਦੇ ਆਸਾਰ ਹਨ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐੱਮ. ਮੋਹਾਪਾਤਰਾ ਨੇ ਦੱਸਿਆ ਕਿ ਪੱਛਮੀ ਬੰਗਾਲ, ਉੜੀਸਾ ਤੇ ਝਾਰਖੰਡ ਦੇ ਸਾਹਿਲੀ ਖੇਤਰਾਂ ਵਿਚੋਂ 12 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ਉੱਤੇ ਤਬਦੀਲ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਉੜੀਸਾ ਤੇ ਪੱਛਮੀ ਬੰਗਾਲ ਦੇ ਸਾਹਿਲਾਂ ਲਈ ਲਾਲ-ਕੋਡ ਚੇਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਭਾਰਤੀ ਏਅਰਪੋਰਟ ਅਥਾਰਿਟੀ ਨੇ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਉੱਤੇ ਅੱਜ ਸਵੇਰੇ ਸਾਢੇ ਅੱਠ ਵਜੇ ਤੋਂ ਸ਼ਾਮ ਪੌਣੇ ਅੱਠ ਵਜੇ ਤੱਕ ਸਾਰੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਭੁਬਨੇਸ਼ਵਰ ਦਾ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡਾ ਵੀ ਵੀਰਵਾਰ ਸਵੇਰੇ 5 ਵਜੇ ਤੱਕ ਬੰਦ ਰਹੇਗਾ।