ਆਈਐੱਮਏ ਨੇ ਰਾਮਦੇਵ ਨੂੰ ਮਾਣਹਾਨੀ ਨੋਟਿਸ ਭੇਜਿਆ

ਦੇਹਰਾਦੂਨ: ਯੋਗਾ ਮਾਸਟਰ ਰਾਮਦੇਵ ਵੱਲੋਂ ਐਲੋਪੈਥੀ (ਅੰਗਰੇਜ਼ੀ ਇਲਾਜ ਪ੍ਰਣਾਲੀ) ਅਤੇ ਐਲੋਪੈਥੀ ਡਾਕਟਰਾਂ ਖ਼ਿਲਾਫ਼ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਦਾ ਰੌਲਾ ਅਜੇ ਠੰਢਾ ਨਹੀਂ ਪੈ ਰਿਹਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਰਾਮਦੇਵ ਨੂੰ ਮਾਣਹਾਨੀ ਨੋਟਿਸ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਮੁਆਫ਼ੀ ਮੰਗਣ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਧ ਨੇ ਮੁਆਫ਼ੀ ਨਾ ਮੰਗੀ ਤਾਂ ਆਈਐੱਮਏ ਉਸ ਤੋਂ ਇਕ ਹਜ਼ਾਰ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕਰੇਗਾ। ਛੇ ਸਫ਼ਿਆਂ ਦਾ ਨੋਟਿਸ ਆਈਐੱਮਏ (ਉੱਤਰਾਖੰਡ) ਦੇ ਸਕੱਤਰ ਅਜੈ ਖੰਨਾ ਵੱਲੋਂ ਅਤੇ ਐਸੋਸੀਏਸ਼ਨ ਦਾ ਹਿੱਸਾ ਕਰੀਬ 2 ਹਜ਼ਾਰ ਡਾਕਟਰਾਂ ਦੇ ਰੁਤਬੇ ਤੇ ਦਿਖ ਨੂੰ ਨੁਕਸਾਨ ਪਹੁੰਚਿਆ ਹੈ। ਸਾਧ ਦੀਆਂ ਟਿੱਪਣੀਆਂ ਨੂੰ ਭਾਰਤੀ ਦੰਡ ਸੰਵਿਧਾਨ ਦੀ ਧਾਰਾ 499 ਤਹਿਤ ‘ਅਪਰਾਧਕ ਕਾਰਵਾਈ’ ਕਰਾਰ ਦਿੰਦਿਆਂ ਨੋਟਿਸ ’ਚ ਮੰਗ ਕੀਤੀ ਗਈ ਹੈ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਲਿਖਤੀ ਤੌਰ ’ਤੇ ਮੁਆਫ਼ੀ ਮੰਗੇ। ‘ਜੇਕਰ ਉਨ੍ਹਾਂ ਮੁਆਫ਼ੀ ਨਾ ਮੰਗੀ ਤਾਂ ਉਹ ਆਈਐੱਮਏ ਦੇ ਪ੍ਰਤੀ ਮੈਂਬਰ ਲਈ 50-50 ਲੱਖ ਰੁਪਏ ਦੀ ਦਰ ਨਾਲ ਇਕ ਹਜ਼ਾਰ ਕਰੋੜ ਰੁਪਏ ਦਾ ਮੁਆਵਜ਼ਾ ਮੰਗਣਗੇ।’ ਨੋਟਿਸ ’ਚ ਰਾਮਦੇਵ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਵੀਡੀਓ ਕਲਿੱਪ ਬਣਾਏ ਅਤੇ ਜਿਹੜੀਆਂ ਸੋਸ਼ਲ ਮੀਡੀਆ ਸਾਈਟਾਂ ’ਤੇ ਦੋਸ਼ ਮੜ੍ਹੇ ਗਏ ਸਨ, ਉਨ੍ਹਾਂ ’ਤੇ ਇਹ ਵੀਡੀਓ ਅਪਲੋਡ ਕੀਤੇ ਜਾਣ। ਉਨ੍ਹਾਂ ਕਿਹਾ ਹੈ ਕਿ ਸਾਧ ਸਾਰੇ ਪਲੇਟਫਾਰਮਾਂ ਤੋਂ ਆਪਣੀ ਕੰਪਨੀ ਦੇ ਉਤਪਾਦ ‘ਕੋਰੋਨਿਲ ਕਿੱਟ’ ਦੇ ਗੁੰਮਰਾਹਕੁਨ ਇਸ਼ਤਿਹਾਰਾਂ ਨੂੰ ਵਾਪਸ ਲਵੇ। ਨਹੀਂ ਤਾਂ ਆਈਐੱਮਏ ਵੱਲੋਂ ਉਸ ਖ਼ਿਲਾਫ਼ ਐੱਫਆਈਆਰ ਅਤੇ ਅਪਰਾਧਿਕ ਕੇਸ ਦਰਜ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਡਾਕਟਰਾਂ ਖ਼ਿਲਾਫ਼ ਰਾਮਦੇਵ ਵੱਲੋਂ ਦਿੱਤੇ ਗਏ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਉਸ ਨੂੰ ਇਹ ਵਾਪਸ ਲੈਣ ਲਈ ਆਖਿਆ ਸੀ। ਇਸ ਮਗਰੋਂ ਰਾਮਦੇਵ ਨੂੰ ਆਪਣਾ ਵਿਵਾਦਤ ਬਿਆਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ। ਉਂਜ ਉਸ ਨੇ ਇਕ ਦਿਨ ਬਾਅਦ ਹੀ ਆਈਐੱਮਏ ਨੂੰ ਟਵਿੱਟਰ ’ਤੇ ਖੁੱਲ੍ਹੀ ਚਿੱਠੀ ਲਿਖ ਕੇ 25 ਸਵਾਲ ਦਾਗ਼ਦਿਆਂ ਕੁਝ ਬਿਮਾਰੀਆਂ ’ਚ ਐਲੋਪੈਥੀ ਇਲਾਜ ਪ੍ਰਣਾਲੀ ’ਤੇ ਸਵਾਲ ਉਠਾਏ ਸਨ।