ਬੇਅਦਬੀ ਕਾਂਡ: ਅਦਾਲਤ ਵੱਲੋਂ ਰਿਮਾਂਡ ਵਧਾਉਣ ਤੋਂ ਇਨਕਾਰ

ਫ਼ਰੀਦਕੋਟ: ਅਦਾਲਤ ਨੇ ਅੱਜ ਬੇਅਦਬੀ ਕਾਂਡ ’ਚ ਗ੍ਰਿਫ਼ਤਾਰ ਕੀਤੇ ਗਏ ਦੋ ਡੇਰਾ ਪ੍ਰੇਮੀਆਂ ਦੇ ਪੁਲੀਸ ਰਿਮਾਂਡ ’ਚ ਵਾਧਾ ਕਰਨ ਤੋਂ ਇਨਕਾਰ ਕਰ ਕੇ ਸਾਰੇ ਡੇਰਾ ਪ੍ਰੇਮੀਆਂ ਨੂੰ 10 ਜੂਨ ਤੱਕ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਜਾਂਚ ਟੀਮ ਡੇਰਾ ਪ੍ਰੇਮੀ ਸੁਖਵਿੰਦਰ ਸਿੰਘ ਅਤੇ ਬਲਜੀਤ ਸਿੰਘ ਨੂੰ ਦੋ ਦਿਨ ਦੇ ਹੋਰ ਪੁਲੀਸ ਰਿਮਾਂਡ ’ਤੇ ਲੈਣਾ ਚਾਹੁੰਦੀ ਸੀ ਪਰ ਅਦਾਲਤ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਕੋਲ ਅਜਿਹੀ ਕੋਈ ਦਲੀਲ ਨਹੀਂ ਜਿਸ ਕਰ ਕੇ ਉਨ੍ਹਾਂ ਨੂੰ ਹੋਰ ਰਿਮਾਂਡ ਦਿੱਤਾ ਜਾਵੇ। ਜਾਂਚ ਟੀਮ ਹੁਣ ਤੱਕ ਬੇਅਦਬੀ ਕਾਂਡ ਸਬੰਧੀ ਦਰਜ ਹੋਏ ਤਿੰਨ ਮੁਕਦਮਿਆਂ ’ਚ ਛੇ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ 16 ਮਈ ਤੋਂ ਡੇਰਾ ਪ੍ਰੇਮੀਆਂ ਤੋਂ ਪੜਤਾਲ ਕਰ ਰਹੀ ਹੈ ਇਸੇ ਦੌਰਾਨ ਅੱਜ ਸਪੈਸ਼ਲ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ’ਚ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਹੋਣੀ ਸੀ ਪਰ ਕਰੋਨਾ ਕਾਰਨ ਅਦਾਲਤਾਂ ਨੇ ਕੰਮ ਬੰਦ ਕੀਤਾ ਹੋਇਆ ਹੈ, ਜਿਸ ਕਰ ਕੇ ਇਸ ਮਾਮਲੇ ਦੀ ਸੁਣਵਾਈ 9 ਜੁਲਾਈ ਤੱਕ ਟਲ ਗਈ ਹੈ।