ਨਕਲੀ ਸ਼ਰਾਬ ਮਾਮਲੇ ’ਚ ਪੰਜਾਬ ਪੁਲੀਸ ਨੇ ਸਿਟ ਕਾਇਮ ਕੀਤੀ, ਤਿੰਨ ਮੁਲਜ਼ਮਾਂ ਦੀ ਜ਼ਮਾਨਤ ਅਰਜੀ਼ ਰੱਦ

ਲੰਬੀ: ਨਕਲੀ ਸ਼ਰਾਬ ਮਾਮਲੇ ਵਿੱਚ 18 ਦਿਨਾਂ ਬਾਅਦ ਤਿੰਨ ਮੈਂਬਰ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕੀਤੀ ਹੈ। ਅਦਾਲਤ ਨੇ ਤਿੰਨ ਗਿ੍ਫ਼ਤਾਰ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮਾਮਲੇ ਦੀ ਜਾਂਚ ਡੀਐੱਸਪੀ (ਡੀ) ਜਸਮੀਤ ਸਿੰਘ ਨੂੰ ਸੌਂਪੀ ਗਈ ਸੀ।
ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀਬੀਆਈ) ਅਧੀਨ ਵਿਸ਼ੇਸ਼ ਜਾਂਚ ਪੜਤਾਲ ਟੀਮ ਦੇ ਮੁਖੀ ਜ਼ਿਲ੍ਹਾ ਸ੍ਰੀ ਮੁਕਤਸਰ ਦੇ ਐੱਸਪੀ (ਪੀਬੀਆਈ) ਕੁਲਵੰਤ ਰਾਏ ਬਣਾਏ ਗਏ ਹਨ। ਡੀਐੱਸਪੀ (ਡੀ) ਜਸਮੀਤ ਸਿੰਘ ਅਤੇ ਸੀਆਈਏ ਮੁਖੀ ਸੁਖਜੀਤ ਸਿੰਘ ਬਤੌਰ ਮੈਂਬਰ ਸ਼ਾਮਲ ਹਨ। ਸਿਟ ਦਾ ਮੁੱਢਲਾ ਪੜਤਾਲੀਆ ਸਮਾਂ ਮਹੀਨਾ ਦੱਸਿਆ ਜਾਂਦਾ ਹੈ। 22 ਮਈ ਨੂੰ ਆਬਕਾਰੀ ਵਿਭਾਗ ਪੰਜਾਬ ਦੀ ਉੱਚ ਪੱਧਰੀ ਟੀਮ ਅਤੇ ਪੁਲੀਸ ਨੇ ਐੱਸਐੱਸਆਰ ਡਿਸਟਲਰੀ ਬਾਟਲਿੰਗ ਪਲਾਂਟ ਬਾਦਲ ਅਤੇ ਬਾਗ ਵਿੱਚ ਬਣੇ ਕਮਰਿਆਂ ’ਚ ਛਾਪਾ ਮਾਰਿਆ ਸੀ।
ਛਾਪੇਮਾਰੀ ’ਚ ਨਸ਼ਰ ਹੋਏ ਗੈਰਕਾਨੂੰਨੀ ਧੰਦੇ ਤਹਿਤ ਬਾਗ ਦੇ ਕਮਰਿਆਂ ਵਿਚੋਂ ਭਾਰੀ ਮਾਤਰਾ ’ਚ ਖਾਲੀ ਬੋਤਲਾਂ ਈਐਨਏ, 1500 ਲਿਟਰ ਸ਼ਰਾਬ, ਵੱਖ-ਵੱਖ ਮਹਿੰਗੀਆਂ ਸ਼ਰਾਬਾਂ ਦੇ ਸਟਿੱਕਰ, ਨਕਲੀ ਹੋਲੋਗਰਾਮ ਅਤੇ ਢੱਕਣ ਬਰਾਮਦ ਹੋਏੇ ਸਨ। ਪੁਲੀਸ ਨੇ ਮੈਨੇਜਰ ਆਨੰਦ ਸ਼ਰਮਾ ਵਾਸੀ ਮੋਤੀਚੂਰ (ਹਰਿਦੁਆਰ), ਜਸ਼ਨ ਵਾਸੀ ਖਿਉਵਾਲੀ, ਪ੍ਰਗਟ ਸਿੰਘ ਵਾਸੀ ਲੰਬੀ ਨੂੰ ਗਿ੍ਫ਼ਤਾਰ ਕੀਤਾ ਸੀ। ਮੁੱਖ ਮੁਲਜਮ ਰਾਜਾ ਵਾਸੀ ਚੰਡੀਗੜ੍ਹ ਫ਼ਰਾਰ ਹੈ।