ਮੈਂ ਜੋਗਣ ਹੋ ਗਈ ਵੇ-ਮਨਦੀਪ ਕੌਰ ਭੰਡਾਲ ਲੰਡਨ ਤੋਂ

ਮੈਂ ਜੋਗਣ ਹੋ ਗਈ ਵੇ” ਕੱਲ੍ਹ ਜਦੋਂ ਸਰਦਾਰ ਬਸੰਤ ਸਿੰਘ ਰਾਮੂਵਾਲੀਆ ਜੀ ਦਾ ਜਰਮਨੀ ਤੋਂ ਮੈਸੇਜ ਆਇਆ ਇਹ ਕਹਿਣ ਲਈ ਕਿ ਯੋਗ ਤੇ ਕੁਝ ਲਿਖੋ । ਪੜ੍ਹ ਕੇ ਇੰਝ ਲੱਗਾ ਜਿਵੇਂ ਕਿਸੇ ਨੇ ਗੂੜ੍ਹੀ ਨੀਂਦ ਵਿੱਚੋਂ ਜਗਾ ਦਿੱਤਾ ਹੋਵੇ । ਉਹ ਯੋਗ ਜਿਸਨੇ ਮੈਨੂੰ ਸਰੀਰਕ, ਮਾਨਸਿਕ, ਭਾਵਨਾਤਮਿਕ ਅਤੇ ਆਰਥਿਕ ਮਜ਼ਬੂਤੀ ਦਿੱਤੀ ਓਹ ਅਚਾਨਕ ਮੇਰੀ ਉਂਗਲੀ ਫੜਕੇ ਤੁਰਨ ਲੱਗ ਪਿਆ ਸੀ ਤੇ ਮੈਂ ਲੱਗਭੱਗ ਪਿਛਲੇ ਸਾਲ ਜੂਨ ਮਹੀਨੇ ਤੋਂ ਪੰਜਾਬੀ ਮਾਂ ਬੋਲੀ ਨੂੰ ਕੰਨ੍ਹੇੜੇ ਚੁੱਕੀ ਫਿਰਦੀ ਰਹੀ ਸੀ । ਅੱਜ ਕਾਫ਼ੀ ਦੇਰ ਬਾਦ ਕਈਆਂ ਨੇ ਇਹ ਦੁੱਖ ਜ਼ਾਹਿਰ ਕੀਤਾ ਕਿ ਯੋਗ ਬਾਰੇ ਕਿਓ ਨਹੀਂ ਲਿਖਦੀ ਜੀਹਦੇ ਉੱਪਰ ਤੇਰੀ ਖ਼ਾਸ ਪਕੜ ਹੈ । ਅੱਜ ਸੱਚਮੁੱਚ ਇਹ ਕਾਲਮ ਲਿਖਦੀ ਹੋਈ ਆਪਣੇ ਆਪ ਨੂੰ “ਜੋਗਣ” ਕਹਿਣ ਨੂੰ ਚਿੱਤ ਕਰਦਾ ਹੈ ਅਤੇ ਓਹੀ ਪੁਰਾਣੇ ਗੀਤ ਦੇ ਬੋਲ ਲੈ ਕੇ ਜਿਸਨੂੰ ਮੈਂ ਓਦੋਂ ਵੀ ਗਾਉਂਦੀ ਸੀ ਜਦੋਂ ਸੁਪਨਿਆਂ ਦੇ ਸ਼ਹਿਰ ਚੰਡੀਗੜ੍ਹ ਵਿੱਚ ਪੈਰ ਰੱਖਿਆ ਸੀ :- “ਮੈਂ ਜੋਗਣ ਹੋ ਗਈ ਵੇ” ਤੇਰਿਆਂ ਦੁੱਖਾਂ ਦੀ ਮਾਰੀ।” ਗੱਲ ਹੈ ਵੀ ਬਿਲਕੁਲ ਸੱਚ ਕਿ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਅਤੇ ਊਣਤਾਈਆਂ ਹਰ ਜਿਉਂਦੇ ਜੀਅ ਦੇ ਹਿੱਸੇ ਆਉਂਦੀਆਂ ਹਨ ਹੀ ਹਨ । ਇਸੇ ਤਰਾਂ ਮੇਰੀ ਜ਼ਿੰਦਗੀ ਵਿੱਚ ਵਿਰਾਮ ਚਿੰਨ੍ਹ , ਪ੍ਰਸ਼ਨ ਚਿੰਨ,ਕੌਮੇ ਤੇ ਡੰਡੀਆਂ ਆਈਆਂ ਹਨ ,ਪਰ ਯੋਗ ਇਹਨਾਂ ਨਾਲ ਟੱਕਰ ਲੈਂਦਾ ਰਿਹਾ ਹੈ । ਅਕਸਰ ਇਹ ਵੀ ਸੁਣਨ ਨੂੰ ਮਿਲਦਾ ਕਿ ਪਤਾ ਨਹੀਂ ਤੂੰ ਕਿਹੜੀ ਮਿੱਟੀ ਦੀ ਬਣੀ ਹੈ ? ਕਿ ਸੋਚ ਨੂੰ ਏਨਾ ਪੌਜ਼ੇਟਿਵ ਕਿਵੇਂ ਰੱਖਦੀ ਹੈਂ ! ਖ਼ੈਰ ! ਇਹ ਮਿੱਟੀ ਜੋ ਹੈ ਸੋ “ਰੱਬ ਦੀ ਕਿਰਤ” ਹੈ । ਪਰ ਯੋਗ ਇਸ ਨੂੰ ਸੰਭਾਲ਼ਦਾ ਆਇਆ ਹੈ । ਇਹ “ਜੋਗਣ” ਉਦੋਂ ਮਹਿਸੂਸ ਹੋਇਆ ਜਦੋਂ ਮੈਡੀਟੇਸ਼ਨ ਵਿੱਚ ਬੈਠਣ ਦਾ ਸਕੂਨ ਆਉਣ ਲੱਗ ਪਿਆ ਅਤੇ ਕਾਵਿ ਸਿਰਜਣਾ ਦਾ ਦੁਆਰ ਵੀ ਦਿਸਣ ਵੀ ਲੱਗ ਗਿਆ ਸੀ । ਅੱਜ ਮੈਂ ਸਿੱਧਾ ਕੋਈ ਯੋਗ ਦਾ ਪਾਠ ਨਹੀਂ ਸੀ ਲਿਖਣਾ ਚਾਹੁੰਦੀ ਸੀ ਕਿਉਂਕਿ ਆਪਣੀ ਇਸ ਸਾਈਡ ਬਾਰੇ ਦੱਸਣ ਤੋਂ ਬਿਨਾ ਸ਼ਾਇਦ ਮੇਰੇ ਯੋਗ ਬਾਰੇ ਖ਼ਿਆਲ ਅਧੂਰੇ ਰਹਿ ਜਾਂਦੇ । ਲੇਖਕ ਦੀ ਜੂਨੀ ਪੈ ਜਾਣਾ ਤੇ ਜੋਗਣ ਦੀ ਜੂਨੀ ਪੈਣਾ ਦੋਵੇਂ ਇੱਕ ਦੂਸਰੇ ਦੇ ਪੂਰਕ ਹਨ ਅਤੇ ਮੈਂ ਇਹਨਾਂ ਦੋਹਾਂ ਨਾਲ ਇਸ਼ਕ ਕਰ ਚੁੱਕੀ ਹਾਂ । ਇਸੇ ਕਰਕੇ ਸਿਰਲੇਖ ਵਿੱਚ “ਜੋਗਣ“ਲਫ਼ਜ ਨੂੰ ਵਰਤਣਾ ਖ਼ਾਸ ਮਾਇਨੇ ਰੱਖਦਾ ਹੈ । ਦੋਵਾਂ ਨਾਲ ਹੀ ਬੇਹੱਦ ਮਹੁੱਬਤ ਹੈ,ਇਹਨਾਂ ਦੇ ਕਾਰਨ ਹੀ “ਮੈਂ” ਦੀ ਥਾਂ ਨਾਂ-ਮਾਤਰ ਹੁੰਦੀ ਦਾ ਰਹੀ ਲੱਗਦੀ ਹੈ ਅਤੇ ਆਪਣੇ ਆਪ ਨੂੰ “ਜੋਗਣ” ਦੇ ਰੂਪ ਵਿੱਚ ਦੇਖਣਾ ਜ਼ਿਆਦਾ ਚੰਗਾ ਲੱਗਾ ਹੈ । ਠੀਕ ਓਸੇ ਤਰ੍ਹਾਂ ਜਿਵੇਂ ਪ੍ਰਸਿੱਧ ਕੈਨੇਡੀਅਨ ਲੇਖਕ ਅਤੇ ਮੋਟੀਵੇਸ਼ਨ ਸਪੀਕਰ ਰੌਬਿਨ ਸ਼ਰਮਾ ਦੀ ਕਿਤਾਬ “ਦ ਮੰਕ ਹੂਅ ਸੋਲਡ ਫਿਰਾਰੀ” ਦਾ ਕਿਰਦਾਰ ਜੂਲੀਅਨ ਹਿਮਾਲਿਆ ਦੇ ਸਾਧੂਆਂ ਨੂੰ ਕਹਿ ਕੇ ਆਇਆ ਸੀ ਕਿ ਉਹ ਉਹਨਾਂ ਤੋਂ ਸਿੱਖੀ ਜੀਵਨ ਜਾਂਚ ਪੱਛਮੀ ਦੁਨੀਆਂ ਨੂੰ ਜ਼ਰੂਰ ਵੰਡੇਗਾ ਅਤੇ ਉਸਨੇ ਸਿੱਖੀ ਹੋਈ ਜੀਵਨ ਸ਼ੈਲੀ ਨੂੰ ਕਿਤਾਬ ਦੇ ਰੂਪ ਵਿੱਚ ਖ਼ੂਬ ਵੰਡ ਕੇ ਛਕਿਆ ਹੈ ।ਕਿਤਾਬ ਦੀ ਜਿੰਨੀ ਸਿਫ਼ਤ ਕੀਤੀ ਜਾਵੇ ਥੋੜੀ ਹੈ । ਸਾਡੇ ਯੋਗ ਅਧਿਆਪਕ ਅਤੇ ਮੇਰੇ ਰੋਲ-ਮਾਡਲ ਸ੍ਰੀਮਤੀ ਦਰਸ਼ਨ ਕੌਰ ਸਹਿਗਲ ਜੀ ਦੀ ਬਦੌਲਤ ਹੀ ਮੈਂ ਅੱਜ ਇਹ ਸਭ ਲਿਖਣ ਲਾਇਕ ਬਣੀ ਹਾਂ । ਸਿੱਖੇ ਹੋਏ ਗੁਰ ਅਤੇ ਤਜਰਬੇ ਦੱਸਦੇ ਹਨ ਕਿ ਸਰੀਰਕ, ਮਾਨਸਿਕ ਅਤੇ ਭਾਵਨਾਤਮਿਕ ਮਾਸਪੇਸ਼ੀਆਂ ਕੇਵਲ ਡੰਡ ਬੈਠਕਾਂ ਕੱਢ ਕੇ ਹੀ ਵਿਕਸਿਤ ਨਹੀਂ ਕੀਤੀਆਂ ਜਾ ਸਕਦੀਆਂ । ਜਦੋਂ ਕਿ ਮਨ ਸਾਡਾ ਬਰਾਬਰ ਦਾ ਸ਼ਰੀਕ ਹੈ ਜਿੱਥੇ ਇਹ ਭੌਰ ਰੂਪੀ ਮਨ ਗ਼ੈਰਹਾਜ਼ਰ ਹੋ ਜਾਵੇ ਮਨੁੱਖ ਵੀ ਵਿਕਾਰਾਂ ਦੇ ਡੂੰਘੇ ਖੂਹ ਵਿੱਚ ਡਿੱਗਣ ਨੂੰ ਫਿਰਦਾ ਰਹਿੰਦਾ ਹੈ । ਇਸ ਤਰ੍ਹਾਂ ਅਧੂਰਾ ਵਿਕਾਸ ਅਤੇ ਜੀਵਨ ਜਾਂਚ ਦੋਵੇਂ ਮੇਲ ਨਾ ਖਾਂਦੀਆਂ ਹੋਣ ਕਰਕੇ ਸਰੀਰਕ ਕਸਰਤਾਂ ਦਾ ਉਦਾਸੀਨ ਹੋਣਾ ਆਮ ਵਰਤਾਰਾ ਹੈ । ਕਈ ਵਾਰ ਖਿਡਾਰੀਆਂ ਦਾ ਜਵਾਨੀ ਵਿੱਚ ਇਸ ਦੁਨੀਆਂ ਤੋਂ ਚਲੇ ਜਾਣਾ ਵੀ ਜ਼ਿਆਦਾ ਸਰੀਰਕ ਕਸਰਤ ਤੇ ਪ੍ਰਸ਼ਨ ਚਿੰਨ ਲਾ ਜਾਂਦਾ ਹੈ ! ਵਧੇਰੇ ਸਰੀਰਕ ਸਜ਼ਾ ਅਤੇ ਸੰਤੁਲਨ ਦੀ ਘਾਟ ਮਨ ਨੂੰ ਨਿਘਾਰ ਵੱਲ ਲੈ ਤੁਰਦੀ ਹੈ । ਇਸੇ ਤਰਾਂ ਮਨ ਦੇ ਭਾਵ ਕੇਵਲ ਸਰੀਰਕ ਕਸਰਤ ਨਾਲ ਸੋਧੇ ਜਾਣੇ ਨਾਮੁਮਕਿਨ ਹੋ ਜਾਂਦੇ ਹਨ । ਕਿਉਂਕਿ ਅੱਜ ਤੱਕ ਕੋਈ ਦਵਾਈ ਨਹੀਂ ਬਣੀ ਜੋ ਰੋਂਦੇ ਨੂੰ ਹਸਾ ਸਕੇ । ਉੁੱਪਰੋਂ ਖੁਰਾਕਾਂ ਨੇ ਅੱਧ ਤੋਂ ਵੱਧ ਲੋਕਾਂ ਨੂੰ ਬਿਮਾਰ ਕਰ ਦਿੱਤਾ ਹੈ । ਸੋ ਇਹਨਾਂ ਗੱਲਾਂ ਨੂੰ ਦੇਖ ਕੇ ਕਹਿ ਸਕਦੇ ਹਾਂ ਕਿ ਪੁਰਾਣੇ ਸਮਿਆਂ ਨਾਲੋਂ ਯੋਗ ਦੀ ਲੋੜ ਅੱਜ ਜ਼ਿਆਦਾ ਹੈ । ਜਦਕਿ ਓਸ ਜ਼ਮਾਨੇ ਦੇ ਗੱਭਰੂ ਕਸਰਤਾਂ ਵੀ ਬਹੁਤ ਕਰਦੇ ਸਨ ਅਤੇ ਸੱਥਾਂ ਵਿੱਚ ਹਾਸਾ-ਠੱਠਾ ਵੀ ਖ਼ੂਬ ਕਰਦੇ ਸਨ । ਜ਼ਿਕਰਯੋਗ ਗੱਲ ਇਹ ਵੀ ਹੈ ਕਿ ਪਿਛਲੇ ਸਮਿਆਂ ਵਿੱਚ ਨੌਜਵਾਨੀ ਦੁਆਰਾ ਮੂੰਗਲੀਆਂ ਤੇ ਮੁਗਦਰ ਚੁੱਕਣੇ ਵੀ ਉਹਨਾਂ ਨੂੰ ਪੂਰਾ ਦਮ ਅਤੇ ਦ੍ਰਿੜ੍ਹਤਾ ਬਖ਼ਸ਼ ਦਿੰਦੇ ਸਨ । ਇਸੇ ਗੱਲ ਤੋਂ ਆਰਟੀਕਲ ਵਿੱਚ ਰੰਗ ਭਰਨ ਲਈ ਇੱਕ ਬੋਲੀ ਯਾਦ ਆ ਗਈ ਜਿਸ ਨੂੰ ਗਾ ਕੇ ਅੱਜ ਵੀ ਕੁੜੀਆਂ ਬਹੁਤ ਹੱਸਦੀਆਂ ਤੇ ਨੱਚਦੀਆਂ ਹਨ :- “ਨੀ ਜਦ ਮੈਂ ਉੱਠੀ ਸੀ ਸਵੇਰੇ, ਨੀ ਰਾਂਝਾ ਮੂੰਗਲੀਆਂ ਫੇਰੇ..।” ਨੀ ਜਦ ਮੈਂ ਉੱਠੀ ਸੀ ਤੜਕੇ, ਨੀ ਮੁਗਦਰ ਰਾਂਝੇ ਦਾ ਖੜਕੇ ।” ਜਿੱਥੋਂ ਤੱਕ ਕਸਰਤਾਂ ਦੀ ਗੱਲ ਹੈ ਪੁਰਾਣਾ ਪੰਜਾਬ ਬਹੁਤ ਜ਼ਿਆਦਾ ਰੰਗਲਾ ਇਸ ਕਰਕੇ ਸੀ ਕਿ ਲੋਕ ਮਿਹਨਤ ਤੇ ਮੁਸ਼ੱਕਤਾਂ ਕਰਨ ਦੇ ਨਾਲ-ਨਾਲ ਖੁੱਲੀਆਂ ਤੇ ਸਾਫ਼ ਹਵਾਵਾਂ ਵਿੱਚ ਰੂਹਾਂ ਨੂੰ ਨਸ਼ਿਆ ਕੇ ਰੱਖਦੇ ਸਨ । ਇਹ ਵੀ ਸੱਚ ਹੈ ਕਿ ਸਰੀਰਕ ਬਲ ਦੇ ਨਾਲ-ਨਾਲ ਨੈਤਿਕਤਾ, ਕਿਰਦਾਰ ਅਤੇ ਦ੍ਰਿੜ ਵਿਸ਼ਵਾਸ ਦਾ ਅਭਿਆਸੀ ਬਣ ਕੇ ਹੀ ਅਧੂਰੀ ਸੋਚ ਦੇ ਪੱਧਰ ਤੋਂ ਉੱਪਰ ਉੱਠਿਆ ਜਾ ਸਕਦਾ ਹੈ । ਜਿਸ ਦੀ ਪ੍ਰਾਪਤੀ ਲਈ ਯੋਗ ਇੱਕ ਅਜਿਹਾ ਪੈਕੇਜ ਹੈ ਜਿਸਨੂੰ ਪੱਛਮੀ ਸੱਭਿਅਤਾ ਨੇ ਦੋਹੀਂ ਹੱਥੀਂ ਲਿਆ ਹੈ । ਇਹਨਾਂ ਨੇ ਯੋਗ ਵਿੱਚ ਅਜਿਹੀ ਨਵੀਨਤਾ ਲਿਆਂਦੀ ਹੈ ਜਿਹੜੀ ਕਿ ਵਾਕਿਆ ਹੀ ਕਾਬੇਲ-ਏ-ਗ਼ੌਰ ਹੈ । ਇਹ ਨਵੀਨਤਾ ਦੇਖ ਕੇ ਤਾਂ ਮੇਰਾ ਵੀ ਮੂੰਹ ਅੱਡਿਆ ਰਹਿ ਗਿਆ ਸੀ ਜਿਸ ਦਿਨ ਮੈਂ ਇਕੱਲੀ ਪੰਜਾਬੀ ਕੁੜੀ ਇੰਗਲੈਂਡ ਵਿੱਚ ਪਹਿਲੀ ਵਾਰ ਯੋਗ ਟ੍ਰੇਨਿੰਗ ਵਿੱਚ ਸ਼ਾਮਿਲ ਹੋਈ ਸੀ । ਪਰ ਦੁੱਖ ਦੀ ਗੱਲ ਹੈ ਅਸੀਂ ਹਾਲੇ ਵੀ ਯੋਗ ਨੂੰ ਧਰਮ ਨਾਲ ਜੋੜੀ ਬੈਠੇ ਹਾਂ । ਇਹ ਇੱਕ ਅਜਿਹੀ ਸੁਚੱਜੀ ਜੀਵਨ ਸੇਧ ਹੈ ਜਿਸ ਵਿੱਚ ਮਨ ਤੇ ਸਰੀਰ ਦਾ ਮੇਲ ਹੋਣ ਦੇ ਨਾਲ-ਨਾਲ ਰੂਹਾਨੀਅਤ ਦੀ ਖ਼ੁਰਾਕ ਵੀ ਬਿਨਾ ਕਿਸੇ ਜੋੜ- ਤੋੜ ਤੋਂ ਇੱਕੋ ਹੀ ਸਮੇਂ ਤੇ ਮਿਲ ਜਾਂਦੀ ਹੈ । ਮੇਰਾ ਇਹ ਵੀ ਮੰਨਣਾ ਹੈ ਕਿ ਇਸ ਸੁਮੇਲ ਤੋਂ ਬਿਨਾ ਸਰਵਪੱਖੀ ਵਿਕਾਸ ਦੀ ਪ੍ਰਾਪਤੀ ਦੂਰ ਦੀ ਵਾਟ ਹੈ । ਸੋ ਪਿਆਰੇ ਪਾਠਕੋ ਇਹ ਖੇਡ ਵੀ ਪੰਜਾਬ ਦੀ ਮਾਂ ਖੇਡ ਕਬੱਡੀ ਵਾਂਗ ਬਹੁਤ ਸਸਤੀ ਪੈਂਦੀ ਹੈ । ਅੱਜ ਇਹ ਕਹਿਣ ਵਿੱਚ ਬੇਹੱਦ ਖ਼ੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਯੋਗ ਨੂੰ ਮੈਂ ਨਹੀਂ ਚੁਣਿਆ ਬਲਕਿ ਯੋਗ ਨੇ ਮੈਨੂੰ ਚੁਣ ਲਿਆ ਹੈ ।ਯੋਗ ਦਾ ਇੱਕ ਗੀਤ ਗਾਉਂਦੀ ਹੋਈ ਆਰਟੀਕਲ ਦੀ ਸਮਾਪਤੀ ਵੱਲ ਵੱਧਦੇ ਹਾਂ:- ਯੋਗਾ ਯੋਗਾ ਕਰਦੀ ਨੀ ਮੈਂ ਆਪੇ ਯੋਗਾ ਹੋਈ, ਸੱਦੋ ਨੀ ਮੈਨੂੰ ਜੋਗਣ ਅੱਜ ਤੋਂ, ਤੇ ਮੈਨੂੰ ਦੀਪ ਨਾ ਆਖੋ ਕੋਈ, ਮੈਂ ਯੋਗ ਵਿੱਚ ਯੋਗ ਮੇਰੇ ਵਿੱਚ, ਨੀ ਮੈਨੂੰ ਹੋਰ ਖਿਆਲ ਨਾ ਕੋਈ, ਨੀ ਅੱਜ ਮੈਂ ਕਮਲੀ ਜੋਗਣ ਹੋਈ! ਮਨਦੀਪ ਕੌਰ ਭੰਡਾਲ ਪੰਜਾਬੀ ਲੇਖਕ ਅਤੇ ਯੋਗ ਅਧਿਆਪਕ : ਯੋਗਾ ਬਗਜ਼ ਸਾਊਥ ਵੈਸਟ,ਲੰਡਨ ਐਮ.ਏ,ਬੀ.ਐੱਡ (ਯੋਗਾ) ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ,ਚੰਡੀਗੜ੍ਹ ਸੈਕਟਰ-20D

Leave a Reply

Your email address will not be published. Required fields are marked *