ਪਵਾਰ-ਪ੍ਰਸ਼ਾਂਤ ਮੁਲਾਕਾਤ: ਤੀਜੇ ਮੋਰਚੇ ਦੇ ਗਠਨ ਦੀਆਂ ਸੰਭਾਵਨਾਵਾਂ ਦਰਮਿਆਨ ਦੋਹਾਂ ਵਿਚਾਲੇ ਦੂਜੀ ਮੀਟਿੰਗ

ਨਵੀਂ ਦਿੱਲੀ: ਚੋਣ ਰਣਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਇੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਭਾਜਪਾ ਦਾ ਮੁਕਾਬਲਾ ਕਰਨ ਲਈ ਤੀਜੇ ਮੋਰਚੇ ਦੇ ਗਠਨ ਦੀਆਂ ਸੰਭਾਵਨਾਵਾਂ ਬਾਰੇ ਕਿਆਸਰਾਈਆਂ ਦੇ ਜ਼ੋਰ ਫੜਨ ਵਿਚਾਲੇ ਇਸੇ ਮਹੀਨੇ ਇਨ੍ਹਾਂ ਦੋਵਾਂ ਦੀ ਇਹ ਦੂਜੀ ਮੁਲਾਕਾਤ ਹੈ। ਪ੍ਰਸ਼ਾਂਤ ਕਿਸ਼ੋਰ ਨਾਲ ਮੀਟਿੰਗ ਤੋਂ ਬਾਅਦ ਸ਼ਰਦ ਪਵਾਰ ਨੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਭਲਕੇ ਆਪਣੀ ਰਿਹਾਇਸ਼ ’ਤੇ ਮੀਟਿੰਗ ਲਈ ਸੱਦਾ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ 24 ਜੂਨ ਨੂੰ ਜੰਮੂ ਕਸ਼ਮੀਰ ਦੇ ਮੁੱਦੇ ’ਤੇ ਰੱਖੀ ਗਈ ਮੀਟਿੰਗ ਬਾਰੇ ਚਰਚਾ ਕੀਤੀ ਜਾ ਸਕਦੀ ਹੈ।

ਸੂਤਰਾਂ ਨੇ ਦੱਸਿਆ ਕਿ ਕਿਸ਼ੋਰ ਤੇ ਪਵਾਰ ਵਿਚਾਲੇ ਐੱਨਸੀਪੀ ਦੇ ਮੁਖੀ ਦੀ ਰਿਹਾਇਸ਼ ’ਤੇ ਬੰਦ ਕਮਰਾ ਗੱਲਬਾਤ ਹੋਈ ਅਤੇ ਇਹ ਮੀਟਿੰਗ ਤਕਰੀਬਨ ਡੇਢ ਘੰਟਾ ਚੱਲੀ। ਪਵਾਰ ਦੀ ਰਿਹਾਇਸ਼ ’ਤੇ ਐੱਨਸੀਪੀ ਦੀ ਤਜਵੀਜ਼ ਕੀਤੀ ਆਮ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਇਹ ਮੁਲਾਕਾਤ ਹੋਈ ਹੈ। ਕਿਸ਼ੋਰ ਨੇ ਹਾਲ ਹੀ ’ਚ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਉਹ 11 ਜੂਨ ਨੂੰ ਵੀ ਪਵਾਰ ਨੂੰ ਮਿਲੇ ਸੀ ਜਿਸ ਮਗਰੋਂ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਦੇ ਇਕਜੁੱਟ ਹੋਣ ਦੀ ਚਰਚਾ ਨੇ ਜ਼ੋਰ ਫੜਿਆ ਹੈ। ਸੂਤਰਾਂ ਅਨੁਸਾਰ ਸਾਬਕਾ ਕੇਂਦਰੀ ਵਿੱਤ ਮੰਤਰੀ ਤੇ ਹੁਣ ਟੀਐੱਮਸੀ ਆਗੂ ਯਸ਼ਵੰਤ ਸਿਨਹਾ, ਰਾਸ਼ਟਰੀ ਜਨਤਾ ਦਲ ਦੇ ਆਗੂ ਮਨੋਜ ਝਾਅ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ ਵੱਲੋਂ ਵੀ ਭਲਕੇ ਪਵਾਰ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।

Leave a Reply

Your email address will not be published. Required fields are marked *