ਕਾਂਗਰਸੀ ਵਿਵਾਦ: ਫ਼ੈਸਲਾਕੁੰਨ ਦੌਰ ’ਚ ਪੁੱਜੀ ਗੱਲਬਾਤ

ਚੰਡੀਗੜ੍ਹ: ਪੰਜਾਬ ਕਾਂਗਰਸ ’ਚ ਛਿੜੇ ਕਲੇਸ਼ ਨੂੰ ਸਮੇਟਣ ਲਈ ਗੱਲਬਾਤ ਹੁਣ ਫ਼ੈਸਲਾਕੁਨ ਦੌਰ ’ਚ ਦਾਖਲ ਹੋ ਗਈ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਬਾਗੀ ਸੁਰ ਰੱਖਣ ਵਾਲੇ ਅੱਧੀ ਦਰਜਨ ਵਜ਼ੀਰਾਂ ਨੂੰ ਭਲਕੇ ਮੰਗਲਵਾਰ ਨੂੰ ਨਿੱਜੀ ਤੌਰ ’ਤੇ ਸੁਣਨਗੇ। ਪਹਿਲਾਂ ਇਹ ਬਾਗੀ ਆਗੂ ਆਪਣਾ ਪੱਖ ਖੜਗੇ ਕਮੇਟੀ ਕੋਲ ਰੱਖ ਚੁੱਕੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਦਿੱਲੀ ਪੁੱਜ ਗਏ ਹਨ ਜੋ ਭਲਕੇ ਖੜਗੇ ਕਮੇਟੀ ਕੋਲ ਪੇਸ਼ ਹੋਣਗੇ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ ਛੇ ਵਜ਼ੀਰਾਂ ਨੇ 18 ਜੂਨ ਨੂੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਸਮਾਂ ਮੰਗਿਆ ਸੀ ਕਿਉਂਕਿ ਉਹ ਆਪਣੀ ਗੱਲ ਸਿੱਧੀ ਰਾਹੁਲ ਗਾਂਧੀ ਕੋਲ ਰੱਖਣਾ ਚਾਹੁੰਦੇ ਸਨ। ਸੂਤਰ ਦੱਸਦੇ ਹਨ ਕਿ ਰਾਹੁਲ ਗਾਂਧੀ ਨੂੰ ਜਦੋਂ ਤੋਂ ਸੁਖਪਾਲ ਖਹਿਰਾ ਤੇ ਉਸ ਦੇ ਸਾਥੀ ਵਿਧਾਇਕ ਮਿਲੇ ਹਨ, ਉਦੋਂ ਤੋਂ ਕੁਝ ਵਜ਼ੀਰਾਂ ਨੇ ਇਹ ਦਬਾਓ ਬਣਾਉਣਾ ਸ਼ੁਰੂ ਕੀਤਾ ਸੀ ਕਿ ਉਨ੍ਹਾਂ ਦੀ ਗੱਲ ਵੀ ਸਿੱਧੇ ਤੌਰ ’ਤੇ ਰਾਹੁਲ ਗਾਂਧੀ ਹੀ ਸੁਣਨ।

ਇਧਰ ਰਾਹੁਲ ਗਾਂਧੀ ਵੱਲੋਂ ਹੁਣ ਗੱਲਬਾਤ ਦੀ ਕਮਾਨ ਹੱਥ ’ਚ ਲੈਣ ਤੋਂ ਜਾਪਦਾ ਹੈ ਕਿ ਪੰਜਾਬ ਕਾਂਗਰਸ ਦਾ ਅੰਦਰੂਨੀ ਰੱਫੜ ਨਿਬੇੜਨ ਲਈ ਫ਼ੈਸਲਾ ਲੈਣ ਦੀ ਘੜੀ ਨੇੜੇ ਆ ਗਈ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਅੱਜ ਦਿੱਲੀ ਪੁੱਜ ਗਏ ਹਨ। ਪਤਾ ਲੱਗਾ ਹੈ ਕਿ ਦਿੱਲੀ ’ਚ ਸੰਸਦ ਮੈਂਬਰ ਗੁਰਜੀਤ ਔਜਲਾ ਤੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਵੀ ਅੱਜ ਹਾਈਕਮਾਨ ਨਾਲ ਅੱਜ ਤਾਲਮੇਲ ਵਿਚ ਸਨ। ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਭਲਕੇ ਦਿੱਲੀ ਬੁਲਾ ਲਿਆ ਹੈ। ਸੂਤਰਾਂ ਅਨੁਸਾਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਰਜ਼ੀਆ ਸੁਲਤਾਨਾ, ਚਰਨਜੀਤ ਸਿੰਘ ਚੰਨੀ ਅਤੇ ਭਾਰਤ ਭੂਸ਼ਨ ਆਸ਼ੂ ਮੰਗਲਵਾਰ ਸ਼ਾਮ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਦਿੱਲੀ ਵਿਚ ਮੁਲਾਕਾਤ ਕਰਨਗੇ। ਪਤਾ ਲੱਗਾ ਹੈ ਕਿ ਰਾਹੁਲ ਗਾਂਧੀ ਨੇ ਇਕੱਲੇ-ਇਕੱਲੇ ਵਜ਼ੀਰ ਨੂੰ ਨਿੱਜੀ ਤੌਰ ’ਤੇ ਸੁਣਨਾ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਦੇ ਕੁਝ ਸਲਾਹਕਾਰਾਂ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ ਵੀ ਭਲਕੇ ਰਾਹੁਲ ਗਾਂਧੀ ਨੂੰ ਮਿਲਣਗੇ। ਪਤਾ ਲੱਗਾ ਹੈ ਕਿ ਇਹ ਵਜ਼ੀਰ ਭਲਕੇ ਪੰਜਾਬ ਦੇ ਮੁੱਖ ਮੁੱਦਿਆਂ ’ਤੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਨਗੇ। ਵਜ਼ੀਰਾਂ ਵੱਲੋਂ ਪੰਜਾਬ ਦੇ ਮੁੱਖ ਮੁੱਦੇ ਜਿਵੇਂ ਭ੍ਰਿਸ਼ਟਾਚਾਰ, ਬਰਗਾੜੀ ਮਾਮਲਾ, ਬਿਜਲੀ ਸਮਝੌਤੇ, ਟਰਾਂਸਪੋਰਟ ਮਾਫ਼ੀਆ ਤੋਂ ਇਲਾਵਾ 30 ਦੇ ਕਰੀਬ ਸੇਵਾਮੁਕਤ ਆਈਏਐੱਸ ਅਫਸਰਾਂ ਨੂੰ ਦਿੱਤੇ ਅਹੁਦਿਆਂ ਆਦਿ ਦੇ ਮੁੱਦੇ ’ਤੇ ਗੱਲਬਾਤ ਕੀਤੀ ਜਾਣੀ ਹੈ। ਸੂਤਰ ਦੱਸਦੇ ਹਨ ਕਿ ਰਾਹੁਲ ਗਾਂਧੀ ਨੂੰ ਇਹ ਸਪੱਸ਼ਟ ਕੀਤਾ ਜਾਣਾ ਹੈ ਕਿ ਇਹ ਲੜਾਈ ਅਮਰਿੰਦਰ ਬਨਾਮ ਨਵਜੋਤ ਸਿੱਧੂ ਨਹੀਂ ਹੈ ਬਲਕਿ ਪੰਜਾਬ ਦੇ ਮੁੱਦਿਆਂ ਨੂੰ ਸੁਲਝਾਏ ਜਾਣ ਦਾ ਮਸਲਾ ਹੈ। ਰਾਹੁਲ ਗਾਂਧੀ ਨੇ ਪਹਿਲਾਂ ਵੀ ਖੜਗੇ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਵੀ ਖੁਦ ਪੰਜਾਬ ’ਚ ਫੋਨ ਖੜਕਾ ਕੇ ਜ਼ਮੀਨੀ ਹਕੀਕਤ ਜਾਣੀ ਸੀ। ਹੁਣ ਰਾਹੁਲ ਗਾਂਧੀ ਇਸ ਵਿਵਾਦ ਨੂੰ ਜਲਦ ਨਿਬੇੜਨ ਦੇ ਰੌਂਅ ’ਚ ਜਾਪਦੇ ਹਨ। ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀਆਂ ਨੌਕਰੀਆਂ ਦਾ ਮਾਮਲਾ ਵੀ ਰਾਹੁਲ ਗਾਂਧੀ ਕੋਲ ਰੱਖਿਆ ਜਾਣਾ ਹੈ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੜਗੇ ਕਮੇਟੀ ਕੋਲ ਭਲਕੇ ਆਪਣਾ ਪੱਖ ਪੇਸ਼ ਕਰਨਗੇ। ਸੂਤਰ ਦੱਸਦੇ ਹਨ ਕਿ ਹਾਈਕਮਾਨ ਨਵੇਂ ਫਾਰਮੂਲੇ ਲਈ ਫੀਡ ਬੈਕ ਵੀ ਲਏਗੀ।

ਕੈਪਟਨ-ਸਿੱਧੂ ਦੀ ਲੜਾਈ ਸਿਖ਼ਰ ’ਤੇ ਪੁੱਜੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦਰਮਿਆਨ ਵੀ ਲੜਾਈ ਹੁਣ ਆਖਰੀ ਦੌਰ ’ਚ ਦਾਖਲ ਹੋ ਗਈ ਹੈ। ਦੋ ਦਿਨਾਂ ਤੋਂ ਜਿਸ ਤਰ੍ਹਾਂ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਖ਼ਿਲਾਫ਼ ਬੋਲਣਾ ਸ਼ੁਰੂ ਕੀਤਾ ਹੈ, ਉਸ ਤੋਂ ਜਾਪਦਾ ਹੈ ਕਿ ਹਾਈਕਮਾਨ ਲਈ ਇਨ੍ਹਾਂ ਦੋਹਾਂ ਆਗੂਆਂ ਨੂੰ ਫੌਰੀ ਆਹਮੋ-ਸਾਹਮਣੇ ਬਿਠਾਉਣਾ ਔਖਾ ਹੋ ਗਿਆ ਹੈ। ਚਰਚੇ ਹਨ ਕਿ ਨਵਜੋਤ ਸਿੱਧੂ ਦਾ ਇਸ ਤਰ੍ਹਾਂ ਅਚਾਨਕ ਸ਼ਰ੍ਹੇਆਮ ਮੁੱਖ ਮੰਤਰੀ ਖ਼ਿਲਾਫ਼ ਯੋਜਨਾਬੱਧ ਤਰੀਕੇ ਨਾਲ ਮੋਰਚਾ ਖੋਲ੍ਹਣਾ ਸਹਿਜ ਕਾਰਵਾਈ ਨਹੀਂ ਹੈ। ਕਿਧਰੋਂ ਹਾਈਕਮਾਨ ਤਰਫ਼ੋਂ ਵੀ ਕੋਈ ਗੁਪਤ ਇਸ਼ਾਰਾ ਮਿਲਿਆ ਹੋ ਸਕਦਾ ਹੈ ਜਾਂ ਫਿਰ ਨਵਜੋਤ ਸਿੱਧੂ ਨੇ ਆਪਣੇ ਭਵਿੱਖ ਨੂੰ ਲੈ ਕੇ ਅੰਦਰਖਾਤੇ ਤਿਆਰੀ ਕਰ ਰੱਖੀ ਹੈ।

ਹਾਈਕਮਾਨ ਮਸਲਾ ਜਲਦ ਨਿਬੇੜੇ: ਜਾਖੜ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਹਾਈ ਕਮਾਨ ਪੰਜਾਬ ਦੇ ਇਸ ਮਾਮਲੇ ਦਾ ਜਲਦ ਨਿਬੇੜਾ ਕਰੇ ਤਾਂ ਜੋ ਸਮੁੱਚੀ ਲੀਡਰਸ਼ਿਪ ਮਜ਼ਬੂਤੀ ਨਾਲ ਅਗਲੀਆਂ ਚੋਣਾਂ ਲਈ ਮੈਦਾਨ ਵਿਚ ਉੱਤਰ ਸਕੇ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਜਲਦੀ ਆਗੂਆਂ ਦੇ ਆਪਸੀ ਮੱਤਭੇਦ ਦੂਰ ਹੋ ਜਾਣਗੇ ਤੇ ਹਾਈਕਮਾਨ ਛੇਤੀ ਸਾਰੇ ਮਸਲੇ ਦਾ ਹੱਲ ਕੱਢ ਦੇਵੇਗੀ। ਉਨ੍ਹਾਂ ਦੱਸਿਆ ਕਿ ਉਹ ਭਲਕੇ ਰਾਹੁਲ ਗਾਂਧੀ ਨੂੰ ਮਿਲ ਰਹੇ ਹਨ।

Leave a Reply

Your email address will not be published. Required fields are marked *