ਭਾਸ਼ਾਵਾਂ ਨੂੰ ਬਚਾਉਣ ਲਈ ਜਨ ਅੰਦੋਲਨ ਦੀ ਲੋੜ: ਨਾਇਡੂ

ਵਿਸ਼ਾਖਾਪਟਨਮ: ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਭਾਸ਼ਾਵਾਂ ਨੂੰ ਬਚਾਉਣ ਲਈ ਜਨ ਅੰਦੋਲਨ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਭਾਸ਼ਾਈ ਰਵਾਇਤਾਂ ਦਾ ਲਾਹਾ ਅਗਲੀ ਪੀੜ੍ਹੀਆਂ ਨੂੰ ਦੇਣ ਵਾਸਤੇ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ।

ਪੀੜ੍ਹੀ ਦਰ ਪੀੜ੍ਹੀ ਅਤੇ ਵੱਖ-ਵੱਖ ਭੂਗੋਲਿਕ ਖੇਤਰਾਂ ਦੇ ਲੋਕਾਂ ਨੂੰ ਜੋੜਨ ਵਿਚ ਭਾਸ਼ਾ ਦੀ ਤਾਕਤ ਨੂੰ ਉਭਾਰਦਿਆਂ ਸ੍ਰੀ ਨਾਇਡੂ ਨੇ ਆਪਣੀਆਂ ਭਾਸ਼ਾਵਾਂ, ਸੱਭਿਆਚਾਰਾਂ ਤੇ ਰਵਾਇਤਾਂ ਨੂੰ ਬਚਾਉਣ, ਭਰਪੂਰ ਕਰਨ ਅਤੇ ਇਨ੍ਹਾਂ ਦਾ ਪ੍ਰਚਾਰ ਕਰਨ ਲਈ ਠੋਸ ਉਪਰਾਲੇ ਕਰਨ ਦਾ ਹੋਕਾ ਦਿੱਤਾ। ਛੇਵੀਂ ‘ਰਾਸ਼ਟਰੇਤਰਾ ਤੇਲਗੂ ਸਮਾਖਿਆ’ ਕਾਨਫ਼ਰੰਸ ਵਿਚ ਸੰਬੋਧਨ ਕਰਦਿਆਂ ਸ੍ਰੀ ਨਾਇਡੂ ਨੇ ਤੇਲਗੂ ਭਾਸ਼ਾ ਅਤੇ ਆਪਣੀਆਂ ਸਥਾਨਕ ਰਵਾਇਤਾਂ ਨੂੰ ਮੁੜ ਤੋਂ ਮਜ਼ਬੂਤ ਕਰਨ ਲਈ ਤੇਲਗੂ ਲੋਕਾਂ ਨੂੰ ਇਕਜੁੱਟ ਹੋਣ ਦਾ ਮਸ਼ਵਰਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਇਕ ਭਾਸ਼ਾ ਨੂੰ ਅਣਗੌਲਿਆਂ ਕਰਨ ਨਾਲ ਉਹ ਨਿਘਾਰ ਵੱਲ ਜਾਵੇਗੀ। ਉਨ੍ਹਾਂ ਕਿਹਾ ਕਿ ਹੋਰਨਾਂ ਭਾਸ਼ਾਵਾਂ ਤੇ ਸੱਭਿਆਚਾਰਾਂ ਦੀ ਅਹਿਮੀਅਤ ਨੂੰ ਘੱਟ ਜਾਣੇ ਬਿਨਾਂ ਆਪੋ-ਆਪਣੀ ਮਾਤ ਭਾਸ਼ਾ ਨੂੰ ਬਚਾਉਣਾ ਅਤੇ ਉਸ ਨੂੰ ਬੜ੍ਹਾਵਾ ਦੇਣਾ ਹਰੇਕ ਵਿਅਕਤੀ ਦਾ ਫ਼ਰਜ਼ ਹੈ। ਉਨ੍ਹਾਂ ਮੁੱਢਲੀ ਸਿੱਖਿਆ ਮਾਤ ਭਾਸ਼ਾ ਵਿਚ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ, ਜਿਵੇਂ ਕਿ ਕੌਮੀ ਸਿੱਖਿਆ ਨੀਤੀ 2020 ਵਿਚ ਕਲਪਨਾ ਕੀਤੀ ਗਈ ਹੈ।

ਸ੍ਰੀ ਨਾਇਡੂ ਨੇ ਕਿਹਾ ਕਿ ਇਸ ਵੇਲੇ ਦੇਸ਼ ਦੇ ਸਭ ਤੋਂ ਉੱਚੇ ਸੰਵਿਧਾਨਕ ਅਹੁਦਿਆਂ ’ਤੇ ਬੈਠੀਆਂ ਸ਼ਖ਼ਸੀਅਤਾਂ ਜਿਵੇਂ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਭਾਰਤ ਦੇ ਚੀਫ਼ ਜਸਟਿਸ ਸਾਰਿਆਂ ਨੇ ਮੁੱਢਲੀ ਸਿੱਖਿਆ ਆਪੋ-ਆਪਣੀਆਂ ਮਾਤ ਭਾਸ਼ਾਵਾਂ ਵਿਚ ਹਾਸਲ ਕੀਤੀ ਸੀ। ਉਨ੍ਹਾਂ ਕਿਹਾ, ‘‘ਲੋਕਾਂ ਨੂੰ ਇਹ ਗ਼ਲਤਫ਼ਹਿਮੀ ਨਹੀਂ ਹੋਣੀ ਚਾਹੀਦੀ ਕਿ ਜੇਕਰ ਕੋਈ ਆਪਣੀ ਮਾਤ ਭਾਸ਼ਾ ਵਿਚ ਸਿੱਖਿਆ ਹਾਸਲ ਕਰਦਾ ਹੈ ਤਾਂ ਉਹ ਸਫ਼ਲ ਨਹੀਂ ਹੋ ਸਕਦਾ। ਇਸ ਗ਼ਲਤਫ਼ਹਿਮੀ ਨੂੰ ਦੂਰ ਕਰਨ ਲਈ ਸਾਡੇ ਕੋਲ ਇਤਿਹਾਸ ਤੇ ਮੌਜੂਦਾ ਸਮੇਂ ਵਿਚ ਕਈ ਉਦਾਹਰਨਾਂ ਹਨ।’’

ਇਸ ਵਰਚੁਅਲ ਪ੍ਰੋਗਰਾਮ ਵਿਚ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੱਛਮੀ ਬੰਗਾਲ ਦੀ ਮਹਿਲਾ ਤੇ ਬਾਲ ਵਿਕਾਸ ਅਤੇ ਸਮਾਜਿਕ ਭਲਾਈ ਮੰਤਰੀ ਡਾ. ਸ਼ਸ਼ੀ ਪਾਂਜਾ, ਆਂਧਰਾ ਪ੍ਰਦੇਸ਼ ਦੇ ਡਿਪਟੀ ਸਪੀਕਰ ਮੰਡਾਲੀ ਬੁੱਧ ਪ੍ਰਸਾਦ, ਆਲ ਇੰਡੀਆ ਤੇਲਗੂ ਫੈਡਰੇਸ਼ਨ ਦੇ ਪ੍ਰਧਾਨ ਡਾ. ਸੀਐੱਮਕੇ ਰੈੱਡੀ, ਰਾਸ਼ਟਰੇਤਰਾ ਤੇਲਗੂ ਸਮਾਖਿਆ ਦੇ ਪ੍ਰਧਾਨ ਸੁੰਦਰਾ ਰਾਓ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *