ਯੂਥ ਅਕਾਲੀ ਦਲ ਵੱਲੋਂ ਕੁੰਵਰ ਵਿਜੈ ਪ੍ਰਤਾਪ ਦੇ ਘਰ ਅੱਗੇ ਪ੍ਰਦਰਸ਼ਨ

ਅੰਮ੍ਰਿਤਸਰ: ਯੂਥ ਅਕਾਲੀ ਦਲ ਵੱਲੋਂ ਅੱਜ 15 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਆਗੂ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਘਰ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾ-ਮੁੱਕੀ ਵੀ ਹੋਈ। ਮਾਮਲਾ ਵਧਦਾ ਦੇਖ ਕੇ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿਚ ਸਾਬਕਾ ਆਈਜੀ ਖ਼ਿਲਾਫ਼ ਨਸ਼ਾ ਤਸਕਰ ਦੀ ਕਥਿਤ ਪੁਸ਼ਤ ਪਨਾਹੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਪੁਲੀਸ ਨੇ ਪਾਉਂਟਾ ਸਾਹਿਬ ਦੀ ਇੱਕ ਫੈਕਟਰੀ ’ਚੋਂ ਲਗਪਗ 15 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਇਸ ਮਾਮਲੇ ਵਿੱਚ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਦੇ ਪੋਤਰੇ ਸਮੇਤ ‘ਆਪ’ ਆਗੂ ਰਾਜੀਵ ਭਗਤ ਨੂੰ ਨਾਮਜ਼ਦ ਕੀਤਾ ਗਿਆ ਹੈ। ਯੂਥ ਆਗੂਆਂ ਗੁਰਪ੍ਰਤਾਪ ਸਿੰਘ ਟਿੱਕਾ,  ਜੋਧ ਸਿੰਘ ਸਮਰਾ, ਗੁਰਿੰਦਰਪਾਲ ਸਿੰਘ ਲਾਲੀ, ਗੌਰਵ ਵਲਟੋਹਾ, ਰਾਣਾ ਰਣਬੀਰ ਸਿੰਘ ਲੋਪੋਕੇ, ਸੰਦੀਪ ਸਿੰਘ, ਹਰਜੀਤ ਸਿੰਘ ਮੀਆਂਵਿੰਡ ਅਤੇ ਸਰਬਜੀਤ ਸਿੰਘ ਨੇ ਦੋਸ਼ ਲਾਇਆ ਕਿ ਨਾਮਜ਼ਦ ਕੀਤੇ ਗਏ ‘ਆਪ’ ਆਗੂ ਵੱਲੋਂ ਇਹ ਨਸ਼ੀਲੀਆਂ ਗੋਲੀਆਂ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਪੁਲੀਸ ਦੀ ਗੱਡੀ ਵਰਤਣ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਜੀਵ ਭਗਤ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਤੋਂ ‘ਆਪ’ ਵਿੱਚ ਸ਼ਾਮਲ ਹੋਇਆ ਹੈ ਅਤੇ ਉਸ ਨੇ ‘ਆਪ’ ਵਿਚ ਸ਼ਾਮਲ ਹੋਣ ਲਈ ਵੱਡੀ ਰਕਮ ਦਿੱਤੀ ਹੈ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਇਸ ਕਾਰਜ ਲਈ ਨਸ਼ੇ ਦੇ ਕਾਰੋਬਾਰ ਵਾਲੀ ਰਕਮ ਵੀ ਵਰਤੀ ਗਈ ਹੋ ਸਕਦੀ ਹੈ, ਜਿਸ ਸਬੰਧੀ ਜਾਂਚ ਕੀਤੀ ਜਾਣੀ ਚਾਹੀਦੀ ਹੈ। 

ਜਾਣਕਾਰੀ ਅਨੁਸਾਰ ਅੱਜ ਯੂਥ ਕਾਰਕੁਨ ਜਦੋਂ ਰੋਸ ਮਾਰਚ ਕਰਦਿਆਂ ਸਾਬਕਾ ਪੁਲੀਸ ਅਧਿਕਾਰੀ ਦੇ ਘਰ ਬਾਹਰ ਪੁੱਜੇ ਤਾਂ ਪੁਲੀਸ ਨੇ ਰੋਕਾਂ ਲਾ ਕੇ ਰਸਤਾ ਬੰਦ ਕਰ ਦਿੱਤਾ। ਇਸ ਦੌਰਾਨ ਜਦੋਂ ਪ੍ਰਦਰਸ਼ਨਕਾਰੀਆਂ ਨੇ ਰੋਕਾਂ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾ-ਮੁੱਕੀ ਹੋ ਗਈ। ਇਸ ਮਗਰੋਂ ਪੁਲੀਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਮਾਮਲਾ ਸ਼ਾਂਤ ਹੋਣ ’ਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇਸ ਸਬੰਧੀ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਸਾਬਕਾ ਆਈਜੀ ਦੇ ਘਰ ਬਾਹਰ ਧਰਨਾ ਲਾਉਣ ਦੇ ਦੋਸ਼  ਹੇਠ 15 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ।

‘ਆਪ’ ਆਗੂਆਂ ਵੱਲੋਂ ਕੁੰਵਰ ਵਿਜੈ ਪ੍ਰਤਾਪ ਦੀ ਹਮਾਇਤ

‘ਆਪ’ ਦੇ ਪੰਜਾਬ ਜੁਆਇੰਟ ਸਕੱਤਰ ਅਸ਼ੋਕ ਤਲਵਾਰ, ਬਲਜੀਤ ਸਿੰਘ ਖਹਿਰਾ ਅਤੇ ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ ਨੇ ਅਕਾਲੀ ਦਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਇਮਾਨਦਾਰੀ ’ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਵਿਅਕਤੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਇਮਾਨਦਾਰੀ ਅਤੇ ਸੇਵਾ ਭਾਵਨਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਨ੍ਹਾਂ ਨੇ ਦੋ-ਢਾਈ ਸਾਲ ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਕੀਤੀ ਅਤੇ ਮੁਲਜ਼ਮਾਂ ਦਾ ਪਤਾ ਲਾਇਆ। ਇਸੇ ਕਰਕੇ ਸਰਕਾਰ ਦਾ ਸਾਰਾ ਢਾਂਚਾ ਉਨ੍ਹਾਂ ਖ਼ਿਲਾਫ਼ ਹੋ ਗਿਆ ਅਤੇ ਉਨ੍ਹਾਂ ਨੂੰ ਆਈਜੀ ਦੀ ਨੌਕਰੀ ਤੋਂ ਅਸਤੀਫ਼ਾ ਦੇਣਾ ਪਿਆ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਮਿਲੇ ਹੋਏ ਹਨ। ਹੁਣ ਪੰਜਾਬੀਆਂ ਸਾਹਮਣੇ ਇਨ੍ਹਾਂ ਦਾ ਚਿਹਰਾ ਨੰਗਾ ਹੋ ਚੁੱਕਾ ਹੈ।  

Leave a Reply

Your email address will not be published. Required fields are marked *