ਪਾਰਟੀ ਹਾਈ ਕਮਾਨ ਵੱਲੋਂ ਨਵਜੋਤ ਸਿੱਧੂ ਦਿੱਲੀ ਤਲਬ

ਚੰਡੀਗੜ੍ਹ: ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਸਮੇਟਣ ਲਈ ਹੁਣ ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ਭਲਕੇ ਦਿੱਲੀ ਤਲਬ ਕਰ ਲਿਆ ਹੈ। ਨਵਜੋਤ ਸਿੱਧੂ ਮੰਗਲਵਾਰ ਨੂੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕਰਨਗੇ। ਸੂਤਰਾਂ ਦੀ ਮੰਨੀੲੇ ਤਾਂ ਕਾਂਗਰਸ ਹਾਈਕਮਾਨ ਨੇ ਅੰਦਰੋਂ ਅੰਦਰੀ ‘ਪੰਜਾਬ ਫਾਰਮੂਲਾ’ ਤਿਆਰ ਕਰ ਲਿਆ ਹੈ, ਜਿਸ ਲਈ ਨਵਜੋਤ ਸਿੱਧੂ ਦੀ ਨਬਜ਼ ਟੋਹੀ ਜਾਵੇਗੀ। ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਦਰਜਨਾਂ ਵਿਧਾਇਕਾਂ ਅਤੇ ਵਜ਼ੀਰਾਂ ਨਾਲ ਸਿੱਧੀ ਗੱਲਬਾਤ ਦਾ ਦੌਰ ਪਹਿਲਾਂ ਹੀ ਮੁਕੰਮਲ ਕਰ ਚੁੱਕੇ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੱਲੋਂ ਹੁਣ ਭਲਕੇ ਨਵਜੋਤ ਸਿੱਧੂ ਨੂੰ ਅਹਿਮ ਜ਼ਿੰਮੇਵਾਰੀ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਹਾਈਕਮਾਨ ਤਰਫੋਂ ਨਵਜੋਤ ਸਿੱਧੂ ਨੂੰ ਸੱਦਾ ਮਿਲਣ ਮਗਰੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀਆਂ ਨਜ਼ਰਾਂ ਦਿੱਲੀ ’ਤੇ ਲੱਗ ਗਈਆਂ ਹਨ। ਇੰਜ ਜਾਪਦਾ ਹੈ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਰੱਫੜ ਦਾ ਜਲਦ ਕੋਈ ਹੱਲ ਸਾਹਮਣੇ ਆ ਜਾਵੇਗਾ। ਇਸ ਅੰਦਰੂਨੀ ਕਾਟੋ ਕਲੇਸ਼ ਕਰਕੇ ਪੰਜਾਬ ਵਿਚ ਕਾਂਗਰਸ ਦੀ ਗਤੀਵਿਧੀ ਵੀ ਨਾਮਾਤਰ ਵਰਗੀ ਹੈ। 

ਨਵਜੋਤ ਸਿੱਧੂ ਨੂੰ ਦਿੱਲੀ ਸੱਦੇ ਜਾਣ ਨਾਲ ਕਾਂਗਰਸੀ ਵਿਵਾਦ ਦੇ ਜਲਦ ਨਿੱਬੜਨ ਦੀ ਆਸ ਬੱਝੀ ਹੈ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਵੱਲੋਂ ‘ਮਿਸ਼ਨ 2022’ ਨੂੰ ਲੈ ਕੇ ਰਣਨੀਤੀ ਬਾਰੇ ਨਵਜੋਤ ਸਿੱਧੂ ਨਾਲ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *