ਪੰਜਾਬ ਬਿਜਲੀ ਨਿਗਮ ਕਿਸਾਨਾਂ ਨੂੰ ਬਣਦੀ ਬਿਜਲੀ ਦੇਣ ’ਚ ਨਕਾਮ, ਸੁੱਕ ਰਹੇ ਨੇ ਝੋਨੇ ਦੇ ਖੇਤ-ਪ੍ਰੋ:ਬਲਜਿੰਦਰ ਕੌਰ
ਬਠਿੰਡਾ : ਆਮ ਆਦਮੀ ਪਾਰਟੀ ਦੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ ਸਾਬਿਤ ਹੋਈ ਹੈ, ਇਸ ਵੇਲੇ ਕੋਈ ਵੀ ਵਰਗ ਸੰਤੁਸ਼ਟ ਨਹੀਂ ਹੈ। ਇਕ ਪਾਸੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਕਰਕੇ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਬੈਠਕੇ ਮੋਦੀ ਸਰਕਾਰ ਨੂੰ ਕੋਸ ਰਹੇ ਹਨ, ਉਧਰ ਦੂਜੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਵੀ ਕਿਸਾਨਾਂ ਦੇ ਜ਼ਖਮਾਂ ਤੇ ਲੂਣ ਭੁੱਕਣ ਦਾ ਕੰਮ ਕਰ ਰਹੀ ਹੈ। ਸਰਕਾਰ ਨੇ ਦਾਅਵੇ ਤਾਂ ਬਹੁਤ ਕੀਤੇ ਸਨ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਣਦੀ ਬਿਜਲੀ ਸਪਲਾਈ ਦਿੱਤੀ ਜਾਵੇਗੀ। ਕਿਸਾਨਾਂ ਨੂੰ ਐਲਾਨ ਕੀਤੀ 8 ਘੰਟੇ ਬਿਜਲੀ ਸਪਲਾਈ ਵੀ ਪੂਰੀ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਕਿਸਾਨਾਂ ਦੇ ਖੇਤ ਸੁੱਕ ਰਹੇ ਹਨ। ਕਿਸਾਨ ਬੇਹਾਲ ਹਨ।
ਪ੍ਰੋ: ਬਲਜਿੰਦਰ ਕੌਰ ਦਾ ਕਿਹਾ ਕਿ ਕਿਸਾਨ ਪਿਛਲੇ ਕਈ ਦਿਨਾਂ ਤੋਂ ਸੂਬੇ ਅੰਦਰ ਵੱਡੀ ਗਿਣਤੀ ’ਚ ਇਕੱਠੇ ਹੋਕੇ ਬਿਜਲੀ ਨਿਗਮ ਦੇ ਗਰਿਡਾਂ ਨੂੰ ਘੇਰ ਰਹੇ ਹਨ, ਹਰ ਪਾਸੇ ਹਾਹਾਕਾਰ ਮੱਚੀ ਪਈ ਹੈ । ਕਿਸੇ ਵੀ ਖੇਤਰ ਨੂੰ ਪੂਰੀ ਬਿਜਲੀ ਨਹੀਂ ਜਾ ਰਹੀ । ਜਿਸ ਕਰਕੇ ਕਿਸਾਨ ਜਨਰੇਟਰਾਂ ਨਾਲ ਝੋਨੇ ਦੀ ਲੁਆਈ ਕਰ ਰਹੇ ਹਨ । ਜੇਕਰ ਡੀਜ਼ਲ ‘ਤੇ ਜਨਰੇਟਰ ਚਲਾਉਣਾ ਪੈਂਦਾ ਹੈ ਤਾਂ ਮੋਦੀ ਸਰਕਾਰ ਨੇ ਪ੍ਰਤੀ ਡਰੱਮ 4000 ਰੁਪਏ ਮਹਿੰਗਾ ਕਰ ਦਿੱਤਾ ਕੀ ਸਰਕਾਰ ਇਸ ਵਧੇ ਹੋਏ ਡੀਜਲ ਦੇ ਭਾਅ ਮੁਤਾਬਕ ਫਸਲਾਂ ਦਾ ਭਾਅ ਦੇ ਰਹੀ ਹੈ। ਕਿਸਾਨ ਇਹ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਡਾ: ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਦਿੱਤੇ ਜਾਣ, ਇਸ ਪਾਸੇ ਵੱਲ ਕੋਈ ਨਹੀਂ ਜਾ ਰਿਹਾ ।
ਇਸ ਵੇਲੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਸ ਵੇਲੇ 2017 ’ਚ ਇਹ ਸਰਕਾਰ ਹੋਂਦ ’ਚ ਆਈ ਸੀ ਉਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਚਾਂ ਤੋਂ ਐਲਾਨ ਕੀਤਾ ਸੀ ਕਿ ਜੇ ਉਨ੍ਹਾਂ ਦੀ ਸਰਕਾਰ ਹੋਂਦ ’ਚ ਆਉਂਦੀ ਹੈ ਤਾਂ ਉਹ ਪਿਛਲੀ ਅਕਾਲੀ ਭਾਜਪਾ ਸਰਕਾਰ ਮੌਕੇ ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੋਤੇ ਜੱਗ ਜ਼ਾਹਰ ਕਰਨਗੇ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਲੋਕਾਂ ਨੇ ਸਮਝੌਤੇ ਕੀਤੇ ਹਨ ਉਹ ਮੁੱਖ ਮੰਤਰੀ ਦੇ ਆਪਣੇ ਚਹੇਤੇ ਹਨ, ਜਿਸ ਕਰਕੇ ਉਨ੍ਹਾਂ ਨੇ ਘੇਸਲ ਵੱਟੀ ਹੋਈ ਹੈ, ਅੱਜ ਹਰ ਵਰਗ ਮਹਿੰਗੇ ਬਿਜਲੀ ਬਿੱਲਾਂ ਹੇਠ ਪਿਸ ਰਹੇ ਹਨ। ਮੁੱਖ ਲੋਕਾਂ ਦਾ ਫਿਕਰ ਛੱਡਕੇ ਠੰਢੀਆਂ ਪਹਾੜੀਆਂ ਦਾ ਆਨੰਦ ਮਾਣ ਰਹੇ ਹਨ। ਹੁਣ ਲੋਕਾਂ ਨੂੰ ਇਹ ਗੱਲ ਸਾਫ ਹੋ ਗਈ ਹੈ ਕਿ ਉਨ੍ਹਾਂ ਦੀ ਬਾਦਲ ਪਰਿਵਾਰ ਨਾਲ ਸਾਂਝ ਹੈ।ਜਿਸ ਕਾਰਨ ਇਹ ਸਮਝੋਤੇ ਜੱਗ ਜ਼ਾਹਰ ਨਹੀਂ ਹੋ ਸਕਣਗੇ।
ਵਿਧਾਇਕ ਬਲਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਬਿਜਲੀ ਨਿਗਮ ਦੇ ਸਟੋਰਾਂ ’ਚ ਇਸ ਵੇਲੇ ਲੋੜੀਂਦਾ ਸਾਜ਼-ਸਮਾਨ ਵੀ ਨਹੀਂ ਹੈ, ਜਿਸ ਕਾਰਨ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਅਤੇ ਟਰਾਂਸਫਾਰਮਰ ਮੁਹੱਈਆਂ ਕਰਵਾਏ ਜਾਣ । ਬਿਜਲੀ ਨਿਗਮ ਦੀਆਂ ਮੁਲਾਜ਼ਮ ਜਥੇਬੰਦੀਆਂ ਵੀ ਇਸ ਗੱਲ ਦੀ ਦੁਹਾਈ ਦੇ ਰਹੀਆਂ ਹਨ ਕਿ ਉਨ੍ਹਾਂ ਕੋਲ ਸਮਾਨ ਨਹੀਂ ਜਿਸ ਕਰਕੇ ਉਨ੍ਹਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕਿਸਾਨਾਂ ਦੀ ਇਸ ਵੇਲੇ ਹਾਲਤ ਤਰਸਯੋਗ ਹੈ ਕਿਉਂਕਿ ਉਨ੍ਹਾਂ ਨੂੰ ਝੋਨੇ ਦੀ ਲੁਆਈ ਲਈ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਦਿੱਲੀ ਸਰਕਾਰ ਉਦਾਹਰਨ ਦਿੰਦਿਆ ਤਲਵੰਡੀ ਸਾਬੋ ਤੋਂ ਵਿਧਾਇਕ ਨੇ ਕਿਹਾ ਕਿ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਦਿੱਲੀ ਦੀ ਸਰਕਾਰ ਨੇ ਆਡਿਟ ਕਰਵਾਕੇ ਅਤੇ ਪੁਰਾਣੀਆਂ ਕੰਪਨੀਆਂ ਦੇ ਸਮਝੌਤੇ ਨਵਿਆ ਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਇਹ ਪੰਜਾਬ ਕਿਉਂ ਨਹੀਂ ਕਰ ਸਕਦਾ, ਕਰਨ ਤਾਂ ਜੇ ਨੀਅਤ ਹੋਵੇ। ਪੰਜਾਬ ਉਹ ਸੂਬਾ ਹੈ ਜੋ ਆਪਣੇ ਗੁਆਂਢੀ ਸੂਬਿਆਂ ਤੋਂ ਮਹਿੰਗੀ ਬਿਜਲੀ ਮੁਹੱਈਆ ਕਰ ਰਿਹਾ ਹੈ। ਕਿਸੇ ਵੀ ਵਰਗ ਨੂੰ ਬਖਸ਼ਿਆ ਨਹੀਂ ਜਾ ਰਿਹਾ । ਸਰਕਾਰ ਇਸ ਮਾਮਲੇ ’ਚ ਅਸਫਲ ਰਹੀ ਹੈ।
ਪ੍ਰੋ: ਬਲਜਿੰਦਰ ਕੌਰ ਦਾ ਕਿਹਾ ਕਿ ਪੰਜਾਬ ਸਰਕਾਰ ਇਸ ਵੇਲੇ ਕਿਸਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਹੀ ਕਾਟੋਕਲੇਸ਼ ’ਚ ਉਲਝੀ ਹੋਈ ਹੈ । ਕੀ ਲੋਕਾਂ ਨੇ ਇਨ੍ਹਾਂ ਨੂੰ ਇਸ ਕੰਮ ਲਈ ਚੁਣਿਆ ਸੀ ਆਪ ਸਲਾਹਕਾਰਾਂ ਦੀ ਫੌਜ ਨਾਲ ਆਨੰਦ ਮਾਣੋ ਤੇ ਪੰਜਾਬ ਦਾ ਖਜ਼ਾਨਾ ਲੁਟਾਉ। ਅੱਜ ਚੁਣੀ ਹੋਈ ਸਰਕਾਰ ਦੇ ਮੰਤਰੀ , ਵਿਧਾਇਕ ਤੇ ਹੋਰ ਲੋਕ ਆਪਣੀ ਹੀ ਸਰਕਾਰ ਤੋਂ ਔਖੋ ਹਨ, ਉਹ ਦੂਜਿਆਂ ਦਾ ਕੀ ਸੰਵਾਰ ਸਕਦੇ ਹਨ। ਸਰਕਾਰ ਬਿਜਲੀ ਸਮਝੌਤਿਆਂ ‘ਤੇ ਸਫੈਦ ਪੱਤਰ ਜਾਰੀ ਕਰਨ ਤੋਂ ਭੱਜ ਗਈ ਹੈ, ਇਸ ਵੇਲੇ ਸਮਾਂ ਇਹ ਆ ਗਿਆ ਹੈ ਕਿ ਲੋਕ ਹੁਣ ਦਿੱਲੀ ਦੀ ਤਰਜ਼ ਤੇ ਸਸਤੀ ਬਿਜਲੀ ਲੈਣ ਲਈ ਸੋਚਣ ਲੱਗ ਪਏ ਹਨ।