ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ

ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ-ਉੱਤਰ ਪ੍ਰਦੇਸ਼ ਦੀ ਹੱਦ ’ਤੇ ਗਾਜ਼ੀਪੁਰ ਵਿੱਚ ਪਿਛਲੇ ਸੱਤ ਮਹੀਨਿਆਂ ਤੋਂ ਮੋਰਚਾ ਲਾਈ ਬੈਠੇ ਕਿਸਾਨਾਂ ਕੋਲ ਆ ਕੇ ਭਾਜਪਾ ਵਰਕਰਾਂ ਵੱਲੋਂ ਕੀਤੀ ਉਕਸਾਊ ਨਾਅਰੇਬਾਜ਼ੀ ਕਰ ਕੇ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਸੋਟੀਆਂ ਡਾਂਗਾਂ ਵੀ ਚੱਲੀਆਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ ਕਿਸਾਨਾਂ ਦੇ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਹੈ। ਮੋਰਚੇ ਦੇ ਆਗੂਆਂ ਨੇ ਝੜਪ ਨੂੰ ਭਾਜਪਾ ਆਰਐੱਸਐੱਸ ਦੀ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਇਸ ਦੌਰਾਨ ਦੋਵਾਂ ਧਿਰਾਂ ਨੇ ਸਥਾਨਕ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ, ਜਿਸ ਮਗਰੋਂ ਮਾਮਲੇ ਦੀ ਜਾਂਚ ਵਿੱਢ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ’ਚ ਝੜਪ ਉਸ ਵੇਲੇ ਹੋਈ ਜਦੋਂ ਭਾਜਪਾ ਵਰਕਰ ਜਲੂਸ ਦੀ ਸ਼ਕਲ ਵਿੱਚ ਫਲਾਈਵੇਅ ’ਤੇ ਪਹੁੰਚ ਗਏ, ਜਿੱਥੇ ਕਿਸਾਨ ਪਿਛਲੇ ਸੱਤ ਮਹੀਨਿਆਂ ਤੋਂ ਤਿੰਨੋਂ ਖੇਤੀ ਕਾਨੂੰਨਾਂ ’ਤੇ ਲੀਕ ਮਾਰੇ ਜਾਣ ਦੀ ਆਪਣੀ ਮੰਗ ਨੂੰ ਲੈ ਕੇ ਡੇਰੇ ਲਾਈ ਬੈਠੇ ਸਨ। ਭਾਜਪਾ ਸਿਆਸਤਦਾਨ ਅਮਿਤ ਵਾਲਮੀਕੀ ਦੇ ਕਾਫ਼ਲੇ ’ਚ ਸ਼ਾਮਲ ਭਾਜਪਾ ਵਰਕਰ ਅੱਜ ਦਿਨ ਵੇਲੇ ਬਾਰ੍ਹਾਂ ਵਜੇ ਦੇ ਕਰੀਬ ਦਿੱਲੀ ਮੇਰਠ ਐਕਸਪ੍ਰੈੱਸ ਵੇਅ ’ਤੇ ਬਣੇ ਫਲਾਈਵੇਅ ’ਤੇ ਪੁੱਜੇ। ਇਸ ਦੌਰਾਨ ਕੁਝ ਭਾਜਪਾ ਵਰਕਰ ਗਾਜ਼ੀਪੁਰ ਮੋਰਚੇ ਦੀ ਮੁੱਖ ਸਟੇਜ ਨੇੜੇ ਆ ਗਏ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਨੇ ਪਹਿਲਾਂ ਇਸ ’ਤੇ ਉਜਰ ਜਤਾਇਆ ਜਦੋਂ ਭਾਜਪਾ ਵਰਕਰ ਨਾ ਟਲੇ ਤਾਂ ਉਨ੍ਹਾਂ ਨੇ ਵੀ ਜਵਾਬੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਭਾਜਪਾ ਆਗੂ ਦੀ ਗੱਡੀ ਘੇਰ ਲਈ ਤੇ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ। ਮੌਕੇ ’ਤੇ ਮੌਜੂਦ ਕੁਝ ਲੋਕਾਂ ਮੁਤਾਬਕ ਭਾਜਪਾ ਵਰਕਰਾਂ ਨੇ ਇਸ ਮੌਕੇ ਕਥਿਤ ਉਕਸਾਊ ਨਾਅਰੇਬਾਜ਼ੀ ਕੀਤੀ, ਜਿਸ ਕਰਕੇ ਦੋਵਾਂ ਧਿਰਾਂ ’ਚ ਝੜਪ ਹੋ ਗਈ। ਇਸ ਦੌਰਾਨ ਸੋਟੀਆਂ ਤੇ ਡਾਂਗਾਂ ਵੀ ਚੱਲੀਆਂ ਜਿਸ ਕਰ ਕੇ ਕਈਆਂ ਨੂੰ ਸੱਟਾਂ ਲੱਗੀਆਂ। ਭਾਜਪਾ ਵਰਕਰ ਅਮਿਤ ਵਾਲਮੀਕੀ ਦੇ ਸਵਾਗਤ ਲਈ ਫਲਾਈਵੇਅ ਨਜ਼ਦੀਕ ਇਕੱਤਰ ਹੋਏ ਸਨ। ਸੋਸ਼ਲ ਮੀਡੀਆ ’ਤੇ ਨਸ਼ਰ ਵੀਡੀਓਜ਼ ਵਿੱਚ ਕੁਝ ਨੁਕਸਾਨੇ ਗਏ ਵਾਹਨਾਂ ਨੂੰ ਵਿਖਾਇਆ ਗਿਆ ਹੈ, ਜੋ ਭਾਜਪਾ ਆਗੂ ਦੇ ਕਾਫ਼ਲੇ ਦਾ ਹਿੱਸਾ ਸਨ। ਉਧਰ ਕਿਸਾਨ ਆਗੂਆਂ ਨੇ ਕਿਹਾ ਕਿ ਉਪਰੋਕਤ ਘਟਨਾ ਸਰਕਾਰ ਵੱਲੋਂ ਉਨ੍ਹਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਇਕ ਹੋਰ ਸਾਜ਼ਿਸ਼ ਦਾ ਹਿੱਸਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਤਰਜਮਾਨ ਜਗਤਾਰ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਗਾਜ਼ੀਪੁਰ ਸਰਹੱਦ ’ਤੇ ਬੈਠੇ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰੀ ਅਧਿਕਾਰੀਆਂ ਨੂੰ ਭਾਜਪਾ ਵਰਕਰਾਂ ਵੱਲੋਂ ਪਾਏ ਖੌਰੂ ਬਾਰੇ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਵੱਲੋਂ ਆਪਣੇ ਆਗੂ ਨੂੰ ਜੀ ਆਇਆਂ ਆਖਣ ਦੇ ਨਾਂ ’ਤੇ ਫਲਾਈਵੇਅ ’ਤੇ ਖੌਰੂ ਪਾਇਆ ਗਿਆ। ਬਾਜਵਾ ਨੇ ਕਿਹਾ, ‘‘ਉਨ੍ਹਾਂ ਕਿਸਾਨਾਂ ਨਾਲ ਬਦਸਲੂਕੀ ਕੀਤੀ ਤੇ ਇਕ ਸਾਜ਼ਿਸ਼ ਵਜੋਂ ਖੁ਼ਦ ਆਪਣੇ ਹੀ ਵਾਹਨਾਂ ਦੀ ਭੰਨਤੋੜ ਕੀਤੀ। ਸਰਕਾਰ ਦੀ ਇਸ ਸਾਜ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਇਹੋ ਜਿਹੀਆਂ ਜੁਗਤਾਂ ਪਹਿਲਾਂ ਵੀ ਵਰਤੀਆਂ ਜਾਂਦੀਆਂ ਰਹੀਆਂ ਹਨ।’’ ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਸੱਤ ਮਹੀਨਿਆਂ ਤੋਂ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ ਤੇ ਅੱਗੋਂ ਵੀ ਜਾਰੀ ਰਹੇਗਾ। ਇਸ ਦੌਰਾਨ ਪੁਲੀਸ ਅਧਿਕਾਰੀ (ਸਿਟੀ-2) ਗਿਆਨਇੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਲੋਕ ਦਿੱਲੀ ਮੇਰਠ ਐਕਸਪ੍ਰੈਸਵੇਅ ਦੀ ਦੂਜੀ ਤਰਫ਼ ਸਨ ਤੇ ਕਿਸਾਨਾਂ ਨੇ ਉਨ੍ਹਾਂ ਦੇ ਇਕੱਠ ’ਤੇ ਇਤਰਾਜ਼ ਕੀਤਾ। ਪੁਲੀਸ ਨੂੰ 10-15 ਮਿੰਟ ਪਹਿਲਾਂ ਪਤਾ ਲੱਗਾ ਕਿ ਭਾਜਪਾ ਵਰਕਰ ਆਪਣੇ ਆਗੂ ਦੇ ਸਵਾਗਤ ਲਈ ਇਕੱਠੇ ਹੋਏ ਹਨ। ਪੁਲੀਸ ਤੁਰੰਤ ਮੌਕੇ ’ਤੇ ਪੁੱਜੀ ਅਤੇ ਹਾਲਤ ਕਾਬੂ ਹੇਠ ਕੀਤੇ। ਉਨ੍ਹਾਂ ਦੱਸਿਆ ਕਿ ਦੋਵਾਂ ਪਾਸਿਉਂ ਸ਼ਿਕਾਇਤਾਂ ਮਿਲੀਆਂ ਹਨ। ਉਧਰ ਸਰਬ ਭਾਰਤੀ ਕਿਸਾਨ ਮਜ਼ਦੂਰ ਸਭਾ ਦੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਧਰਮਪਾਲ ਨੇ ਦੱਸਿਆ ਕਿ ਆਰਐੱਸਐੱਸ ਤੇ ਭਾਜਪਾ ਦੇ ਲੋਕ ਮੋਰਚੇ ਦੀ ਸਟੇਜ ਤੋਂ 50 ਮੀਟਰ ਦੂਰ ਇਕੱਠੇ ਹੋਏ। ਪਹਿਲਾਂ ਉਨ੍ਹਾਂ ਆਪਣਾ ਮਕਸਦ ਪਾਰਟੀ ਆਗੂ ਦਾ ਸਵਾਗਤ ਕਰਨਾ ਦੱਸਿਆ, ਪਰ ਉਹ ਫਿਰ ਐਕਸਪ੍ਰੈਸਵੇਅ ਦਾ ਡਿਵਾਈਡਰ ਟੱਪ ਕੇ ਆਉਣ ਦੀ ਧਮਕੀ ਦੇ ਕੇ ਕਿਸਾਨਾਂ ਵਿਰੋਧੀ ਨਾਅਰੇਬਾਜ਼ੀ ਕਰਨ ਲੱਗੇ। ਸੂਬਾ ਪ੍ਰਧਾਨ ਨੇ ਦੱਸਿਆ ਕਿ ਉਹ ਕਿਸਾਨਾਂ ਨੂੰ ‘ਗੱਦਾਰ’, ਦੇਸ਼ ਧਰੋਹੀ, ਖਾਲਿਸਤਾਨੀ ਤੇ ਅਤਿਵਾਦੀ ਆਖਣ ਲੱਗੇ, ਨਾਲ ਹੀ ਪੱਥਰਬਾਜ਼ੀ ਵੀ ਕੀਤੀ।

ਸ਼ਾਂਤਮਈ ਅੰਦੋਲਨ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀ ਚਾਲ

ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਘਟਨਾਕ੍ਰਮ ਨੂੰ ਸ਼ਾਂਤਮਈ ਅੰਦੋਲਨ ਨੂੰ ਜਾਤੀ ਲੀਹਾਂ ਉਪਰ ਵੰਡਣ ਦੀ ਚਾਲ ਦੱਸਿਆ ਹੈ। ਮੋਰਚੇ ਨੇ ਇਕ ਬਿਆਨ ਵਿੱਚ ਕਿਹਾ ਕਿ ਭਾਜਪਾ ਦਾ ਇਕੋ ਇਕ ਮਕਸਦ ਕਿਸੇ ਨਾ ਕਿਸੇ ਤਰੀਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਹੈ, ਪਰ ਕਿਸਾਨ ਇਸ ਚਾਲ ਦਾ ਜ਼ੋਰਦਾਰ ਵਿਰੋਧ ਕਰਨਗੇ। ਮੋਰਚੇ ਨੇ ਮੰਗ ਕੀਤੀ ਕਿ ਉਨ੍ਹਾਂ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਮੋਰਚੇ ਦੇ ਮੰਚ ਤੋਂ 50 ਮੀਟਰ ਦੀ ਦੂਰੀ ’ਤੇ ਭਾਜਪਾ ਆਗੂ ਦੇ ਸਵਾਗਤ ਦੀ ਇਜਾਜ਼ਤ ਦਿੱਤੀ। ਮੋਰਚੇ ਦੇ ਆਗੂਆਂ ਨੇ ਦਾਅਵਾ ਕੀਤਾ ਕਿ 5 ਕਿਸਾਨਾਂ ਨੂੰ ਸੱਟਾਂ ਲੱਗੀਆਂ ਹਨ।

Leave a Reply

Your email address will not be published. Required fields are marked *