ਜੰਮੂ ਵਿੱਚ ਫੌਜੀ ਟਿਕਾਣਿਆਂ ’ਤੇ ਮੁੜ ਨਜ਼ਰ ਆਏ ਡਰੋਨ

ਸ੍ਰੀਨਗਰ: ਜੰਮੂ ਵਿੱਚ ਐਤਵਾਰ ਵੱਡੇ ਤੜਕੇ ਹਵਾਈ ਸੈਨਾ ਦੇ ਬੇਸ ’ਤੇ ਹੋਏ ਡਰੋਨ ਹਮਲੇ ਮਗਰੋਂ ਜੰਮੂ ਸ਼ਹਿਰ ਵਿੱਚ ਅੱਜ ਮੁੜ ਫੌਜੀ ਟਿਕਾਣਿਆਂ ’ਤੇ ਡਰੋਨ ਮੰਡਰਾਉਂਦੇ ਵੇਖੇ ਗਏ ਹਨ। ਹਾਲਾਂਕਿ ਸਲਾਮਤੀ ਦਸਤਿਆਂ ਦੀ ਚੌਕਸੀ ਕਰਕੇ ਇਨ੍ਹਾਂ ਡਰੋਨਾਂ ਨੂੰ ਪਿੱਛਲ ਪੈਰੀਂ ਹੋਣਾ ਪਿਆ। ਪੁਲੀਸ ਸੂਤਰਾਂ ਨੇ ਕਿਹਾ ਕਿ ਜੰਮੂ ਸ਼ਹਿਰ ਦੇ ਮੀਰਾਂ ਸਾਹਿਬ ਤੇ ਕੁੰਜਵਾਣੀ ਖੇਤਰਾਂ ਵਿਚਲੇ ਫੌਜੀ ਟਿਕਾਣਿਆਂ ’ਤੇ ਅੱਜ ਸਵੇਰੇ 6 ਵਜੇ ਦੇ ਕਰੀਬ ਦੋ ਡਰੋਨ ਵੇਖੇ ਗੲੇ। ਸੂਤਰਾਂ ਨੇ ਕਿਹਾ ਕਿ ‘ਚੌਕਸ ਸਲਾਮਤੀ ਦਸਤਿਆਂ ਨੇ ਇਨ੍ਹਾਂ ਡਰੋਨਾਂ ’ਤੇ ਗੋਲੀਆਂ ਚਲਾਈਆਂ, ਜਿਸ ਕਰਕੇ ਉਨ੍ਹਾਂ ਨੂੰ ਮੁੜਨਾ ਪਿਆ।’’ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਾਲੂਚੱਕ ਤੇ ਰਤਨੂਚੱਕ ਖੇਤਰਾਂ ਵਿੱਚ ਮਿਲਟਰੀ ਕੈਂਪਾਂ ’ਤੇ ਡਰੋਨ ਵੇਖੇ ਗਏ ਸਨ। ਇਸ ਦੌਰਾਨ ਜੰਮੂ ਤੋਂ ਸੁਰੇਸ਼ ਐੱਸ. ਡੁੱਗਰ ਦੀ ਰਿਪੋਰਟ ਮੁਤਾਬਕ ਹਥਿਆਰਬੰਦ ਬਲਾਂ ਨੇ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਜੰਮੂ ਡਵੀਜ਼ਨ ਵਿਚ 3 ਵੱਖ-ਵੱਖ ਥਾਵਾਂ ’ਤੇ ਸ਼ੱਕੀ ਡਰੋਨ ਦੇਖੇ ਹਨ। ਜਾਣਕਾਰੀ ਅਨੁਸਾਰ ਸ੍ਰੀਨਗਰ ਦੇ ਹਵਾਈ ਅੱਡੇ ’ਤੇ ਇਕ ਡਰੋਨ ਉਡਦਾ ਦੇਖਿਆ ਗਿਆ। ਸੂਤਰਾਂ ਨੇ ਦੱਸਿਆ ਕਿ ਬੀਐੱਸਐੱਫ ਨੇ ਤੜਕੇ ਕਰੀਬ ਢਾਈ ਵਜੇ ਡਰੋਨ ਨੂੰ ਵੇਖਿਆ। ਬੀਐੱਸਐੱਫ ਨੇ ਕੁਝ ਗੋਲੀਆਂ ਵੀ ਡਰੋਨ ’ਤੇ ਦਾਗੀਆਂ, ਪਰ ਉਹ ਹਨੇਰੇ ਵਿੱਚ ਗਾਇਬ ਹੋ ਗਿਆ।